ਜਲੰਧਰ 'ਚ ਪਰਗਟ ਸਿੰਘ ਦਾ ਹਿੱਲਿਆ ਮੈਦਾਨ, ਨਿਗਮ ਚੋਣਾਂ 'ਚ ਮਿਲੀਆਂ ਸਿਰਫ਼ 3 ਸੀਟਾਂ
Saturday, Dec 21, 2024 - 11:17 PM (IST)

ਜਲੰਧਰ- ਜਲੰਧਰ ਕੈਂਟ ਤੋਂ ਕਾਂਗਰਸ ਦਾ ਨਗਰ-ਨਿਗਮ ਚੋਣਾਂ 'ਚ ਪ੍ਰਦਰਸ਼ਨ ਬੇਹੱਦ ਖ਼ਰਾਬ ਰਿਹਾ ਹੈ। ਜਲੰਧਰ ਨਿਗਮ ਚੋਣਾਂ 'ਚ ਜਿੱਥੇ 'ਆਪ' ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਉੱਥੇ ਹੀ ਪਰਗਟ ਸਿੰਘ ਦੀ ਅਗਵਾਈ 'ਚ ਕਾਂਗਰਸ ਨੇ ਕੈਂਟ ਇਲਾਕੇ 'ਚੋਂ ਹੁਣ ਤੱਕ ਸਿਰਫ਼ 3 ਸੀਟਾਂ ਹੀ ਜਿੱਤ ਸਕੀ ਹੈ।
ਇਨ੍ਹਾਂ ਚੋਣਾਂ 'ਚ ਕਾਂਗਰਸ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਦਾ ਕਾਰਨ ਪਰਗਟ ਸਿੰਘ ਵੀ ਦੱਸਿਆ ਜਾ ਰਿਹਾ ਹੈ। ਸਿਆਸੀ ਮਾਹਿਰਾਂ ਮੁਤਾਬਕ ਪਰਗਟ ਸਿੰਘ ਦਾ ਬਾਗੀ ਰਵੱਈਆ ਪਾਰਟੀ ਨੂੰ ਬੇਹੱਦ ਨੁਕਸਾਨ ਪਹੁੰਚਾ ਰਿਹਾ ਹੈ। ਆਪਣੀ ਹੀ ਪਾਰਟੀ ਵੱਲ ਤੋਪ ਦਾ ਮੂੰਹ ਕਰ ਕੇ ਰੱਖਣਾ ਉਨ੍ਹਾਂ ਦੇ ਸੁਭਾਅ ਦਾ ਹਿੱਸਾ ਬਣ ਗਿਆ ਹੈ।
ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਨੇ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਦੌਰਾਨ ਅਕਾਲੀ ਦਲ ਵੱਲੋਂ ਚੋਣ ਲੜੀ ਸੀ ਤੇ ਵਿਧਾਇਕ ਵੀ ਬਣੇ ਸਨ, ਪਰ ਉਨ੍ਹਾਂ ਦੇ ਪਾਰਟੀ ਆਗੂਆਂ ਪ੍ਰਤੀ ਗ਼ਲਤ ਰਵੱਈਏ ਕਾਰਨ ਉਨ੍ਹਾਂ ਨੂੰ ਪਾਰਟੀ 'ਚੋਂ ਮੁਅੱਤਲ ਕਰ ਦਿੱਤਾ ਗਿਆ ਸੀ ਤੇ ਉਸ ਮਗਰੋਂ ਉਨ੍ਹਾਂ ਨੇ ਖ਼ੁਦ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਇਲਾਕੇ 'ਚ AAP ਤੇ ਕਾਂਗਰਸ ਵਿਚਾਲੇ ਫ਼ਸ ਗਿਆ 'ਪੇਚ', Draw ਹੋ ਗਿਆ ਮੁਕਾਬਲਾ
ਇਸ ਮਗਰੋਂ ਉਹ ਕਾਂਗਰਸ 'ਚ ਸ਼ਾਮਲ ਹੋ ਗਏ ਤੇ ਲਗਾਤਾਰ 2 ਵਾਰ ਵਿਧਾਇਕ ਬਣੇ। ਇਸ ਦੌਰਾਨ ਉਨ੍ਹਾਂ ਦੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਵਿਵਾਦ ਰਹੇ ਹਨ। ਉਹ ਲਗਾਤਾਰ ਆਪਣੇ ਹੀ ਮੁੱਖ ਮੰਤਰੀ ਦਾ ਵਿਰੋਧ ਕਰਦੇ ਰਹੇ। ਇਸ ਤੋਂ ਇਲਾਵਾ ਉਨ੍ਹਾਂ ਦਾ ਕਾਂਗਰਸੀ ਆਗੂ ਭਾਰਤ ਭੂਸ਼ਣ ਆਸ਼ੂ ਤੇ ਪ੍ਰਧਾਨ ਰਾਜਾ ਵੜਿੰਗ ਨਾਲ ਵੀ ਰਿਸ਼ਤਿਆਂ 'ਚ ਕੜਵਾਹਟ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।
ਪਿਛਲੇ ਲੰਬੇ ਸਮੇਂ ਤੋਂ ਉਹ ਆਪਣੇ ਪਾਰਟੀ ਪ੍ਰਧਾਨ ਦੀ ਵੀ ਮੁਖਾਲਫ਼ਤ ਕਰ ਰਹੇ ਹਨ। ਬਹੁਗਿਣਤੀ ਕਾਂਗਰਸੀ ਉਨ੍ਹਾਂ ਦੇ ਇਸ ਰਵੱਈਏ ਨੂੰ ਹੀ ਕਾਂਗਰਸ ਦੀ ਹਾਰ ਦਾ ਕਾਰਨ ਮੰਨ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਉਹ ਸਟੇਟ ਪਾਲਿਟਿਕਸ ਵਿੱਚ ਜਗ੍ਹਾ ਲੱਭਦੇ ਹੋਏ ਆਪਣੇ ਹਲਕੇ ਵਿੱਚ ਵੀ ਆਪਣੀ ਹਾਲਾਤ ਖ਼ਰਾਬ ਕਰ ਚੁੱਕੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e