ਜਲੰਧਰ ਨਿਗਮ ’ਚ ''ਆਪ'' ਦੀ ਲੀਡਰਸ਼ਿਪ ਵਿਚਾਲੇ ਪਹਿਲੀ ਵਾਰ ਦਿਸਿਆ ਟਕਰਾਅ
Saturday, Feb 14, 2026 - 11:15 AM (IST)
ਜਲੰਧਰ (ਖੁਰਾਣਾ)-ਜਲੰਧਰ ਨਿਗਮ ਵਿਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵਿਚਾਲੇ ਸ਼ੁੱਕਰਵਾਰ ਪਹਿਲੀ ਵਾਰ ਟਕਰਾਅ ਵੇਖਣ ਨੂੰ ਮਿਲਿਆ, ਜਿਸ ਕਾਰਨ ਨਗਰ ਨਿਗਮ ਦੀ ਫਾਇਨਾਂਸ ਐਂਡ ਕੰਟਰੈਕਟ ਕਮੇਟੀ (ਐੱਫ਼. ਐਂਡ ਸੀ. ਸੀ.) ਦੀ ਮੀਟਿੰਗ ਵਿਵਾਦਾਂ ਵਿਚ ਘਿਰ ਗਈ। ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਅਤੇ ਡਿਪਟੀ ਮੇਅਰ ਮਲਕੀਤ ਸਿੰਘ ਨੇ ਮੀਟਿੰਗ ਦਾ ਬਾਈਕਾਟ ਕਰ ਦਿੱਤਾ। ਦੋਵੇਂ ਆਗੂ ਮੇਅਰ ਵਨੀਤ ਧੀਰ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਇਸ ਮੀਟਿੰਗ ਦੌਰਾਨ ਉਨ੍ਹਾਂ ਸਟ੍ਰੀਟ ਲਾਈਟ ਠੇਕੇਦਾਰਾਂ ਨਾਲ ਚਰਚਾ ਕਰਵਾਉਣੀ ਚਾਹੁੰਦੇ ਸਨ, ਜਿਨ੍ਹਾਂ ਦੇ ਟੈਂਡਰ ਨਿਗਮ ਪ੍ਰਸ਼ਾਸਨ ਵੱਲੋਂ ਰੱਦ ਕੀਤੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ: Punjab: ਵਿਆਹ ਵਾਲੇ ਘਰ 'ਚ ਪੈ ਗਏ ਵੈਣ! ਸ਼ਗਨ ਦੇ ਦਿਨ ਵਿਆਹ ਵਾਲੇ ਮੁੰਡੇ ਨੇ ਕੀਤੀ ਖ਼ੁਦਕੁਸ਼ੀ
ਦੱਸਿਆ ਜਾ ਰਿਹਾ ਹੈ ਕਿ ਮੇਅਰ ਨੇ ਸਟ੍ਰੀਟ ਲਾਈਟ ਠੇਕੇਦਾਰਾਂ ਨਾਲ ਵੱਖਰੇ ਤੌਰ ’ਤੇ ਮੀਟਿੰਗ ਕਰਨ ਦੀ ਗੱਲ ਕਹੀ, ਜਿਸ ਤੋਂ ਨਾਰਾਜ਼ ਹੋ ਕੇ ਦੋਵੇਂ ਆਗੂ ਮੀਟਿੰਗ ਵਿਚ ਸ਼ਾਮਲ ਹੋਏ ਬਿਨਾਂ ਹੀ ਵਾਪਸ ਪਰਤ ਗਏ। ਮੇਅਰ ਦਾ ਕਹਿਣਾ ਸੀ ਕਿ ਫਾਇਨਾਂਸ ਐਂਡ ਕੰਟਰੈਕਟ ਕਮੇਟੀ ਦੀ ਮੀਟਿੰਗ ਵਿਚ ਠੇਕੇਦਾਰਾਂ ਨੂੰ ਬਿਠਾਉਣ ਦੀ ਕੋਈ ਪ੍ਰੰਪਰਾ ਜਾਂ ਨਿਯਮ ਨਹੀਂ ਹੈ। ਇਸ ਤੋਂ ਬਾਅਦ ਬਲਬੀਰ ਸਿੰਘ ਬਿੱਟੂ, ਮਲਕੀਤ ਸਿੰਘ ਅਤੇ ਸਟ੍ਰੀਟ ਲਾਈਟ ਕਮੇਟੀ ਦੇ ਚੇਅਰਮੈਨ ਅਮਿਤ ਢੱਲ ਨੇ ਠੇਕੇਦਾਰਾਂ ਸਮੇਤ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਜਿਨ੍ਹਾਂ ਠੇਕੇਦਾਰਾਂ ਨੇ 35 ਤੋਂ 37 ਫੀਸਦੀ ਤੱਕ ਦੀ ਛੋਟ (ਡਿਸਕਾਊਂਟ) ਦਿੱਤੀ ਸੀ, ਉਨ੍ਹਾਂ ਦੇ ਟੈਂਡਰ ਰੱਦ ਕਰ ਦਿੱਤੇ ਗਏ, ਜਦਕਿ ਘੱਟ ਛੋਟ ਦੇਣ ਵਾਲੇ ਅਤੇ ਪੂਲ ਕਰ ਕੇ ਪਾਏ ਗਏ ਟੈਂਡਰਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਨਾਲ ਨਿਗਮ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ।
ਕਮਿਸ਼ਨਰ ਸੰਦੀਪ ਰਿਸ਼ੀ ਨੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਹ ਪੂਰੇ ਮਾਮਲੇ ਦੀ ਜਾਂਚ ਕਰਵਾਉਣਗੇ ਅਤੇ ਸੋਮਵਾਰ ਜਾਂ ਮੰਗਲਵਾਰ ਨੂੰ ਸੰਬੰਧਤ ਫਾਈਲਾਂ ਮੰਗਵਾ ਕੇ ਸਮੀਖਿਆ ਕਰਨਗੇ। ਆਗੂਆਂ ਦਾ ਕਹਿਣਾ ਹੈ ਕਿ ਜਿਹੜੇ ਠੇਕੇਦਾਰ ਵੱਧ ਛੋਟ ਦੇ ਰਹੇ ਸਨ, ਉਨ੍ਹਾਂ ਨੂੰ ਹੀ ਕੰਮ ਮਿਲਣਾ ਚਾਹੀਦਾ ਸੀ ਪਰ ਇਸ ਦੇ ਉਲਟ ਚੋਣਵੇਂ ਠੇਕੇਦਾਰਾਂ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ। ਡਿਪਟੀ ਮੇਅਰ ਮਲਕੀਤ ਸਿੰਘ ਨੇ ਤਾਂ ਇਥੋਂ ਤੱਕ ਚਿਤਾਵਨੀ ਦਿੱਤੀ ਕਿ ਜੇਕਰ ਵਿਵਾਦਿਤ ਟੈਂਡਰ ਰੱਦ ਨਾ ਕੀਤੇ ਗਏ ਤਾਂ ਉਹ ਮੁੱਖ ਮੰਤਰੀ ਨੂੰ ਮਿਲ ਕੇ ਜਾਂਚ ਦੀ ਮੰਗ ਕਰਨਗੇ।

ਇਹ ਵੀ ਪੜ੍ਹੋ: ਗੋਰਾਇਆ 'ਚ ਵੱਡਾ ਹਾਦਸਾ! ਦੋ ਵਿਦਿਆਰਥੀਆਂ ਦੀ ਦਰਦਨਾਕ ਮੌਤ, ਤੜਫ਼-ਤੜਫ਼ ਕੇ ਨਿਕਲੀ ਜਾਨ
ਮੇਅਰ ਨੇ ਟਕਰਾਅ ਤੋਂ ਕੀਤਾ ਇਨਕਾਰ, 52 ਕਰੋੜ ਦੇ ਵਿਕਾਸ ਕਾਰਜਾਂ ਨੂੰ ਦਿੱਤੀ ਮਨਜ਼ੂਰੀ
ਇਸ ਦੌਰਾਨ ਮੇਅਰ ਵਨੀਤ ਧੀਰ ਨੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਨਾਲ ਕਿਸੇ ਵੀ ਤਰ੍ਹਾਂ ਦੇ ਟਕਰਾਅ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਫਾਇਨਾਂਸ ਐਂਡ ਕੰਟਰੈਕਟ ਕਮੇਟੀ ਦੀ ਮੀਟਿੰਗ ਦੌਰਾਨ ਠੇਕੇਦਾਰਾਂ ਨਾਲ ਚਰਚਾ ਸੰਭਵ ਨਹੀਂ ਸੀ, ਇਸ ਲਈ ਵੱਖਰੀ ਮੀਟਿੰਗ ਦੀ ਤਜਵੀਜ਼ ਰੱਖੀ ਗਈ ਸੀ। ਜੇਕਰ ਕੋਈ ਸ਼ਿਕਾਇਤ ਹੈ ਤਾਂ ਕਮਿਸ਼ਨਰ ਨੂੰ ਬੁਲਾ ਕੇ ਉਨ੍ਹਾਂ ਦੇ ਸਾਹਮਣੇ ਵੀ ਗੱਲਬਾਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕਿਸੇ ਨਾਲ ਕੋਈ ਮਤਭੇਦ ਨਹੀਂ ਹੈ ਅਤੇ ਸਾਰੇ ਮਿਲ ਕੇ ਸ਼ਹਿਰ ਦੇ ਵਿਕਾਸ ਲਈ ਕੰਮ ਕਰ ਰਹੇ ਹਨ।
ਮੀਟਿੰਗ ਵਿਚ ਸ਼ਹਿਰ ਦੇ ਵੱਖ-ਵੱਖ ਵਿਕਾਸ ਕਾਰਜਾਂ ਨਾਲ ਸੰਬੰਧਤ ਕਰੀਬ 52 ਕਰੋੜ ਰੁਪਏ ਦੇ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ। ਇਨ੍ਹਾਂ ਵਿਚ ਸੜਕਾਂ ਦੀ ਉਸਾਰੀ ਦੇ ਨਾਲ-ਨਾਲ ਬਸਤੀ ਪੀਰ ਦਾਦ ਟ੍ਰੀਟਮੈਂਟ ਪਲਾਂਟ ਦੀ ਸਾਂਭ-ਸੰਭਾਲ ਦਾ ਕੰਮ ਵੀ ਸ਼ਾਮਲ ਹੈ। ਮੇਅਰ ਨੇ ਠੇਕੇਦਾਰਾਂ ਨੂੰ ਕੰਮਾਂ ਵਿਚ ਵੱਧ ਤੋਂ ਵੱਧ ਡਿਸਕਾਊਂਟ ਦੇਣ ਦੇ ਨਿਰਦੇਸ਼ ਵੀ ਦਿੱਤੇ। ਮੀਟਿੰਗ ਵਿਚ ਕਮਿਸ਼ਨਰ ਸੰਦੀਪ ਰਿਸ਼ੀ, ਜੁਆਇੰਟ ਕਮਿਸ਼ਨਰ ਸੁਮਨਦੀਪ ਕੌਰ, ਐੱਸ. ਈ. ਰਜਨੀਸ਼ ਡੋਗਰਾ, ਇੰਜੀਨੀਅਰ ਰਾਹੁਲ ਧਵਨ ਅਤੇ ਕੌਂਸਲਰ ਹਿਤੇਸ਼ ਗਰੇਵਾਲ ਤੇ ਕਵਿਤਾ ਸੇਠ ਮੌਜੂਦ ਸਨ।
ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਨੂੰ ਸੰਮਨ ਭੇਜਣ ਵਾਲੇ ED ਅਧਿਕਾਰੀ ਦਾ ਤਬਾਦਲਾ! ਜਲੰਧਰ ਤੋਂ ਚੇਨਈ ਟਰਾਂਸਫਰ
ਟੈਂਡਰ ਰੱਦ ਕਰਨ ’ਤੇ ਨਿਗਮ ਅਧਿਕਾਰੀਆਂ ਦਾ ਸਪੱਸ਼ਟੀਕਰਨ
ਸਟ੍ਰੀਟ ਲਾਈਟ ਅਤੇ ਹਾਈ ਮਾਸਟ ਲਾਈਟਾਂ ਦੇ ਟੈਂਡਰ ਰੱਦ ਕੀਤੇ ਜਾਣ ਦੇ ਮਾਮਲੇ ਵਿਚ ਉੱਠੇ ਵਿਵਾਦ ਦੌਰਾਨ ਨਗਰ ਨਿਗਮ ਅਧਿਕਾਰੀਆਂ ਨੇ ਆਪਣਾ ਪੱਖ ਸਪੱਸ਼ਟ ਕੀਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਹੜੇ 10 ਠੇਕੇਦਾਰਾਂ ਵੱਲੋਂ ‘ਪੂਲ’ ਨੂੰ ਲੈ ਕੇ ਇਤਰਾਜ਼ ਜਤਾਇਆ ਜਾ ਰਿਹਾ ਹੈ, ਉਨ੍ਹਾਂ ਵਿਚੋਂ ਸੱਤ ਨੇ ਤਾਂ ਸੰਬੰਧਤ ਟੈਂਡਰ ਭਰੇ ਹੀ ਨਹੀਂ ਸਨ। ਨਿਗਮ ਸੂਤਰਾਂ ਅਨੁਸਾਰ ਇਕ ਠੇਕੇਦਾਰ ਪੂਰੇ ਪੰਜਾਬ ਵਿਚ ਪਹਿਲਾਂ ਹੀ ਬਲੈਕਲਿਸਟਿਡ ਸੀ, ਜਦਕਿ ਇਕ ਹੋਰ ਦੇ ਦਸਤਾਵੇਜ਼ ਅਧੂਰੇ ਪਾਏ ਗਏ। ਇਸ ਤੋਂ ਇਲਾਵਾ ਇਕ ਠੇਕੇਦਾਰ ਅਜਿਹਾ ਵੀ ਸੀ, ਜਿਸ ਨੇ ਦੋ ਸਾਲ ਪਹਿਲਾਂ ਲਏ ਕੰਮ ਹੁਣ ਤੱਕ ਪੂਰੇ ਨਹੀਂ ਕੀਤੇ ਹਨ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਨਿਯਮਾਂ ਅਤੇ ਯੋਗਤਾ ਸ਼ਰਤਾਂ ਦੇ ਆਧਾਰ ’ਤੇ ਹੀ ਟੈਂਡਰ ਰੱਦ ਕੀਤੇ ਗਏ ਹਨ ਅਤੇ ਪ੍ਰਕਿਰਿਆ ਪੂਰੀ ਤਰ੍ਹਾਂ ਨਿਯਮ ਅਨੁਸਾਰ ਅਪਣਾਈ ਗਈ ਹੈ। ਨਿਗਮ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਤਰ੍ਹਾਂ ਦੀ ਬੇਨਿਯਮੀ ਨਹੀਂ ਵਰਤੀ ਗਈ ਹੈ ਅਤੇ ਸਾਰੇ ਫੈਸਲੇ ਤਕਨੀਕੀ ਜਾਂਚ ਦੇ ਬਾਅਦ ਹੀ ਲਏ ਗਏ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਇਸ ਤਾਰੀਖ਼ ਨੂੰ ਪੈ ਸਕਦੈ ਮੀਂਹ! ਪੜ੍ਹੋ ਮੌਸਮ ਦੀ ਤਾਜ਼ਾ ਅਪਡੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
