ਸਹਿਕਾਰਤਾ ਮੰਤਰੀ ਨੂੰ ਮਿਲੇ ਕਾਂਗਰਸੀ ਵਿਧਾਇਕ
Wednesday, Jul 04, 2018 - 03:57 AM (IST)

ਚੰਡੀਗੜ੍ਹ (ਭੁੱਲਰ) - ਖੇਤੀਬਾੜੀ ਸਭਾਵਾਂ ਦੇ ਭੂਮੀਹੀਣ ਮੈਂਬਰਾਂ ਦੀ ਕਰਜ਼ਾ ਮੁਆਫੀ ਦੀ ਮੰਗ ਨੂੰ ਲੈ ਕੇ ਅੱਜ ਕਾਂਗਰਸੀ ਵਿਧਾਇਕਾਂ ਦਾ ਵਫਦ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਮਿਲਿਆ। ਉਨ੍ਹਾਂ ਸਾਹਮਣੇ ਇਹ ਮੰਗ ਚੁੱਕਦਿਆਂ ਵਫਦ ਨੇ ਅਪੀਲ ਕੀਤੀ ਕਿ ਸਭਾਵਾਂ ਦੇ ਐੱਸ. ਸੀ./ਐੱਸ. ਟੀ. ਤੇ ਬੀ. ਸੀ. ਵਰਗ ਨਾਲ ਸਬੰਧਤ ਭੂਮੀਹੀਣ ਮੈਂਬਰਾਂ ਜਿਨ੍ਹਾਂ ਨੇ 25 ਹਜ਼ਾਰ ਰੁਪਏ ਤੱਕ ਕਰਜ਼ਾ ਲਿਆ ਹੋਇਆ ਹੈ, ਨੂੰ ਵੀ ਰਾਹਤ ਦਿੰਦਿਆਂ ਇਹ ਕਰਜ਼ਾ ਮੁਆਫ ਕੀਤਾ ਜਾਵੇ। ਰੰਧਾਵਾ ਨੇ ਕਾਂਗਰਸੀ ਵਿਧਾਇਕਾਂ ਦੇ ਵਫਦ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਸਬੰਧੀ ਪੂਰੀ ਘੋਖ ਕਰ ਕੇ ਪੂਰਾ ਮਾਮਲਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਕੋਲ ਰੱਖਣਗੇ।
ਕਾਂਗਰਸੀ ਵਿਧਾਇਕਾਂ ਦੇ ਵਫਦ ਵਿਚ ਗੁਰਕੀਰਤ ਸਿੰਘ ਕੋਟਲੀ, ਨਵਤੇਜ ਸਿੰਘ ਚੀਮਾ, ਲਖਵੀਰ ਸਿੰਘ ਲੱਖਾ, ਗੁਰਪ੍ਰੀਤ ਸਿੰਘ ਜੀ. ਪੀ., ਹਰਪ੍ਰਤਾਪ ਸਿੰਘ ਅਜਨਾਲਾ, ਸੁਖਪਾਲ ਸਿੰਘ ਭੁੱਲਰ, ਦਲਵੀਰ ਸਿੰਘ ਗੋਲਡੀ, ਹਰਮਿੰਦਰ ਸਿੰਘ ਗਿੱਲ, ਬਰਿੰਦਰਜੀਤ ਸਿੰਘ ਪਾਹੜਾ, ਧਰਮਵੀਰ ਅਗਨੀਹੋਤਰੀ ਤੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਹਿਕਾਰੀ ਸੈੱਲ ਦੇ ਚੇਅਰਮੈਨ ਭੁਪਿੰਦਰ ਸਿੰਘ ਤੇ ਜ਼ਿਲਾ ਕਾਂਗਰਸ ਕਮੇਟੀ ਅੰਮ੍ਰਿਤਸਰ (ਦਿਹਾਤੀ) ਦੇ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ ਵੀ ਸ਼ਾਮਲ ਸਨ। ਕਾਂਗਰਸੀ ਵਿਧਾਇਕਾਂ ਨੇ ਪੰਜਾਬ ਸਰਕਾਰ ਵਲੋਂ ਦਰਮਿਆਨੇ ਤੇ ਛੋਟੇ ਕਿਸਾਨਾਂ ਦੇ ਦੋ ਲੱਖ ਤੱਕ ਰੁਪਏ ਦੇ ਕਰਜ਼ੇ ਮੁਆਫ ਕੀਤੇ ਜਾਣ ਨੂੰ ਇਤਿਹਾਸਕ ਫੈਸਲਾ ਦੱਸਦਿਆਂ ਇਸ ਕੰਮ ਨੂੰ ਸਿਰੇ ਚਾੜ੍ਹਨ 'ਚ ਨਿਭਾਈ ਜਾ ਰਹੀ ਭੂਮਿਕਾ ਲਈ ਰੰਧਾਵਾ ਦੀ ਸ਼ਲਾਘਾ ਕੀਤੀ।