ਕਾਂਗਰਸ ਪ੍ਰਧਾਨ ਨੇ ਕਰੀਬੀ ਨੌਜਵਾਨ ਤੇ ਸੋਨੀਆ ਦੇ ਕਰੀਬੀ ਬਜ਼ੁਰਗਾਂ ''ਚ ਬਣਾਇਆ ਸੰਤੁਲਨ

Thursday, Jul 19, 2018 - 06:40 AM (IST)

ਜਲੰਧਰ (ਨਰੇਸ਼ ਕੁਮਾਰ) - ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਦੀ ਨਵੀਂ ਵਰਕਿੰਗ ਕਮੇਟੀ ਦਾ ਗਠਨ ਕਰਦੇ ਸਮੇਂ ਨੌਜਵਾਨ ਤੇ ਤਜਰਬੇਕਾਰ ਨੇਤਾਵਾਂ ਦਰਮਿਆਨ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਮੰਗਲਵਾਰ ਨੂੰ ਐਲਾਨ ਕੀਤੀ ਗਈ ਕਾਂਗਰਸ ਦੀ ਨਵੀਂ ਵਰਕਿੰਗ ਕਮੇਟੀ ਵਿਚ ਰਾਹੁਲ ਗਾਂਧੀ ਦੇ ਕਰੀਬੀ ਨੌਜਵਾਨ ਚਿਹਰਿਆਂ ਦੇ ਨਾਲ-ਨਾਲ ਸੋਨੀਆ ਗਾਂਧੀ ਦੇ ਕਰੀਬੀ ਰਹੇ ਤਜਰਬੇਕਾਰ ਨੇਤਾਵਾਂ ਨੂੰ ਵੀ ਥਾਂ ਦਿੱਤੀ ਗਈ ਹੈ। ਨਵੀਂ ਵਰਕਿੰਗ ਕਮੇਟੀ ਦਾ ਐਲਾਨ ਕਰਦੇ ਸਮੇਂ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਨੂੰ ਵੀ ਧਿਆਨ ਵਿਚ ਰੱਖਿਆ ਗਿਆ ਹੈ।
ਸੀ. ਡਬਲਿਊ. ਸੀ. ਵਿਚ ਸ਼ਾਮਲ ਨੌਜਵਾਨ ਚਿਹਰੇ
ਕਾਂਗਰਸ ਵਰਕਿੰਗ ਕਮੇਟੀ ਵਿਚ ਜਿਓਤਿਰਦਿੱਤਿਆ ਸਿੰਧੀਆ ਤੋਂ ਇਲਾਵਾ ਜਤਿੰਦਰ ਸਿੰਘ, ਰਾਜੀਵ ਸਤੱਵ, ਆਰ. ਪੀ. ਐੱਨ. ਸਿੰਘ, ਗੌਰਵ ਗਗੋਈ ਤੇ ਜਤਿਨ ਪ੍ਰਸਾਦ, ਅਰੁਣ ਯਾਦਵ ਵਰਗੇ ਨੌਜਵਾਨ ਰਾਹੁਲ ਗਾਂਧੀ ਦੇ ਕਰੀਬੀ ਨੇਤਾ ਹਨ। ਇਨ੍ਹਾਂ ਵਿਚੋਂ ਅਰੁਣ ਯਾਦਵ ਨੇ ਮੱਧ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਵੀ ਕੀਤੀ ਹੈ ਪਰ ਕਮਲਨਾਥ ਨੂੰ ਪਾਰਟੀ ਦਾ ਸੂਬਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਉਹ ਰਾਹੁਲ ਗਾਂਧੀ ਤੋਂ ਖੁਸ਼ ਨਹੀਂ ਸਨ। ਇਸ ਐਲਾਨ ਰਾਹੀਂ ਉਨ੍ਹਾਂ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੇ ਕਰੀਬੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਸਾਬਕਾ ਰੱਖਿਆ ਮੰਤਰੀ ਏ. ਕੇ. ਐਂਟਨੀ ਸੋਨੀਆ ਗਾਂਧੀ ਦੇ ਸਿਆਸੀ ਸਕੱਤਰ ਰਹੇ ਅਹਿਮਦ ਪਟੇਲ ਅਤੇ ਰਾਜ ਸਭਾ ਵਿਚ ਪਾਰਟੀ ਦੇ ਨੇਤਾ ਗੁਲਾਮ ਨਬੀ ਆਜ਼ਾਦ ਤੇ ਮੱਲਿਕਾ ਅਰਜੁਨ ਖੜਗੇ ਤੋਂ ਇਲਾਵਾ ਅੰਬਿਕਾ ਸੋਨੀ, ਮੁਕੁਲ ਵਾਸਨਿਕ, ਕੁਮਾਰ ਸ਼ੈਲਜਾ ਤੇ ਆਨੰਦ ਸ਼ਰਮਾ ਨੂੰ ਵੀ ਸੋਨੀਆ ਗਾਂਧੀ ਦਾ ਕਰੀਬੀ ਮੰਨਿਆ ਜਾਂਦਾ ਹੈ।
ਔਰਤਾਂ ਨੂੰ ਤਵੱਜੋ ਨਹੀਂ
ਪਿਛਲੇ ਹਫਤੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਸੰਸਦ ਵਿਚ ਮਹਿਲਾ ਰਾਖਵਾਂਕਰਨ ਬਿੱਲ ਪਾਸ ਕਰਵਾਉਣ ਦੀ ਚੁਣੌਤੀ ਦਿੱਤੀ ਪਰ ਇਸ ਚੁਣੌਤੀ ਦੇ ਇਕ ਹਫਤੇ ਅੰਦਰ ਹੀ ਪਾਰਟੀ ਵਲੋਂ ਐਲਾਨ ਕੀਤੀ ਗਈ ਵਰਕਿੰਗ ਕਮੇਟੀ ਵਿਚ ਔਰਤਾਂ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ ਗਿਆ। ਕਾਂਗਰਸ ਵਰਕਿੰਗ ਕਮੇਟੀ ਵਿਚ ਸੋਨੀਆ ਗਾਂਧੀ ਤੋਂ ਇਲਾਵਾ ਅੰਬਿਕਾ ਸੋਨੀ, ਕੁਮਾਰ ਸ਼ੈਲਜਾ ਨੂੰ ਬਤੌਰ ਮੈਂਬਰ ਸ਼ਾਮਲ ਕੀਤਾ ਗਿਆ ਹੈ ਜਦਕਿ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ, ਰਜਨੀ ਪਾਟਿਲ, ਆਸ਼ਾ ਕੁਮਾਰੀ ਪਰਮਾਨੈਂਟ ਇਨਵਾਇਟੀ ਦੇ ਰੂਪ ਵਿਚ ਸੀ. ਡਬਲਿਊ. ਸੀ. ਵਿਚ ਸ਼ਾਮਲ ਹੋਵੇਗੀ ਜਦਕਿ ਆਸਾਮ ਦੀ ਸਿਲਚਰ ਲੋਕ ਸਭਾ ਸੀਟ ਤੋਂ ਸੰਸਚ ਤੇ ਮਹਿਲਾ ਕਾਂਗਰਸ ਦੀ ਪ੍ਰਧਾਨ ਸੁਸ਼ਮਿਤਾ ਦੇਵ ਨੂੰ ਸਪੈਸ਼ਲ ਇਨਵਾਇਟੀ ਦੇ ਤੌਰ 'ਤੇ ਵਰਕਿੰਗ ਕਮੇਟੀ ਵਿਚ ਜਗ੍ਹਾ ਮਿਲੀ ਹੈ। ਕਾਂਗਰਸ ਦੀ 51 ਮੈਂਬਰਾਂ ਦੀ ਵਰਕਿੰਗ ਕਮੇਟੀ ਵਿਚ ਸਿਰਫ 7 ਔਰਤਾਂ ਹਨ ਅਤੇ ਇਹ ਕੁਲ ਗਿਣਤੀ ਦਾ 15 ਫੀਸਦੀ ਬਣਦਾ ਹੈ।


Related News