ਕਾਂਗਰਸ ਵੀ ਬਾਦਲਾਂ ਵਾਂਗ ਲੋਕਾਂ ਨੂੰ ਧਰਮ ਦੇ ਨਾਂ ’ਤੇ ਕਰਨ ਲੱਗੀ ਗੁੰਮਰਾਹ: ‘ਆਪ’

01/10/2021 10:08:41 PM

ਚੰਡੀਗੜ੍ਹ, (ਰਮਨਜੀਤ)- ‘ਆਪ’ ਪੰਜਾਬ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾ ਨੇ ਐੱਸ. ਜੀ. ਪੀ. ਸੀ. ਮਾਮਲੇ ਵਿਚ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਬਿਆਨ ’ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚੋਣਾਂ ਤੋਂ ਪਹਿਲਾਂ ਸ੍ਰੀ ਗੁਟਕਾ ਸਾਹਿਬ ਹੱਥ ਵਿਚ ਫੜ੍ਹ ਕੇ ਝੂਠੀ ਸਹੁੰ ਚੁੱਕਣ ਵਾਲੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਮੰਤਰੀਆਂ ਨੂੰ ਹੁਣ ਧਰਮ ਤੇ ਗੁਰੂ ਦੀ ਗੱਲ ਕਰਨ ਦਾ ਹੱਕ ਨਹੀਂ ਹੈ। ਕਾਂਗਰਸੀਆਂ ਨੇ ਭੋਲੇ-ਭਾਲੇ ਲੋਕਾਂ ਦੀਆਂ ਵੋਟਾਂ ਲੈਣ ਲਈ ਝੂਠੀ ਸਹੁੰ ਚੁੱਕੀ, ਕੁਰਸੀ ਮਿਲਦਿਆਂ ਹੀ ਸਹੁੰ ਤੋਂ ਮੁੱਕਰ ਗਏ ਹਨ, ਜਿਸ ਕਾਰਣ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਭਾਰੀ ਸੱਟ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਬਾਦਲ ਦਲ ਧਰਮ ਦੇ ਨਾਂ 'ਤੇ ਲੋਕਾਂ ਤੋਂ ਵੋਟਾਂ ਮੰਗਦਾ ਰਿਹਾ ਅਤੇ ਸੱਤਾ ’ਤੇ ਕਾਬਜ਼ ਹੋਣ ਤੋਂ ਬਾਅਦ ਸਭ ਕੁਝ ਭੁੱਲ ਜਾਂਦਾ। ਕਾਂਗਰਸ ਵੀ ਬਾਦਲਾਂ ਦੀ ਤਰ੍ਹਾਂ ਹੀ ਧਰਮ ਦੇ ਨਾਂ ’ਤੇ ਜਨਤਾ ਨੂੰ ਗੁੰਮਰਾਹ ਕਰ ਰਹੀ ਹੈ।

ਸੰਧਵਾਂ ਨੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ‘ਆਪ’ ’ਤੇ ਧਰਮ ਦੇ ਮਾਮਲਿਆਂ ਵਿਚ ਦਖਲਅੰਦਾਜ਼ੀ ਕਰਨ ਦੇ ਲਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਮੰਤਰੀ ਰੰਧਾਵਾ ਵੀ ਉਸੇ ਟੀਮ ਦੇ ਮੈਂਬਰ ਹਨ, ਜਿਸ ਦਾ ਕੈਪਟਨ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਮੁੱਕਰ ਗਿਆ। ਉਨ੍ਹਾਂ ਕਿਹਾ ਕਿ ਕੀ ਮੰਤਰੀ ਰੰਧਾਵਾ ਇਹ ਦੱਸਣਗੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਸ਼ਹੀਦ ਸਿੱਖਾਂ ਦੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਭੇਜਣ ਦਾ ਜੋ ਵਾਅਦਾ ਕੀਤਾ ਸੀ, ਉਸ ਦਾ ਕੀ ਹੋਇਆ ਜਾਂ ਫਿਰ ਆਪਣੇ ਮੁੱਖ ਮੰਤਰੀ ਕੈਪਟਨ ਦੀ ਸਹੁੰ ਚੁੱਕ ਕੇ ਮੁੱਕਰ ਗਏ ਹਨ। ਉਨ੍ਹਾਂ ਕਿਹਾ ਕਿ ਦੂਜਿਆਂ ’ਤੇ ਦੋਸ਼ ਲਾਉਣ ਵਾਲੇ ਸੁਖਜਿੰਦਰ ਸਿੰਘ ਰੰਧਾਵਾ ਲੋਕਾਂ ਤੋਂ ਮੁਆਫ਼ੀ ਮੰਗਣ ਕਿਉਂਕਿ ਉਨ੍ਹਾਂ ਨੇ ਕੁਰਸੀ ਦੇ ਲਾਲਚ ਵਿਚ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਰੰਧਾਵਾ ਨੂੰ ਸਵਾਲ ਕੀਤਾ ਕਿ ਉਹ ਮੁੱਖ ਮੰਤਰੀ ਨੂੰ ਪੁੱਛਣ ਕਿ ਬਾਦਲ ਪਰਿਵਾਰ ਖਿਲਾਫ਼ ਅੱਜ ਤਕ ਉਨ੍ਹਾਂ ਕੋਈ ਵੀ ਐਕਸ਼ਨ ਕਿਉਂ ਨਹੀਂ ਲਿਆ?


Bharat Thapa

Content Editor

Related News