ਮਾਮਲਾ ਵੋਟਾਂ ਵਾਲੇ ਦਿਨ ਹੋਏ ਝਗੜੇ ਦਾ : ਕਾਂਗਰਸੀ ਵਿਧਾਇਕ ਦੇ ਪਿਤਾ, ਭਰਾ ਤੇ ਹੋਰਨਾਂ ਵਿਰੁੱਧ ਕੇਸ ਦਰਜ

Friday, Oct 13, 2017 - 02:12 PM (IST)

ਮਾਮਲਾ ਵੋਟਾਂ ਵਾਲੇ ਦਿਨ ਹੋਏ ਝਗੜੇ ਦਾ : ਕਾਂਗਰਸੀ ਵਿਧਾਇਕ ਦੇ ਪਿਤਾ, ਭਰਾ ਤੇ ਹੋਰਨਾਂ ਵਿਰੁੱਧ ਕੇਸ ਦਰਜ

ਗੁਰਦਾਸਪੁਰ (ਵਿਨੋਦ) -11 ਅਕਤੂਬਰ ਵੋਟਾਂ ਵਾਲੇ ਦਿਨ ਅਕਾਲੀ ਵਰਕਰ ਤੇ ਕਾਂਗਰਸੀ ਨੇਤਾਵਾਂ ਦੇ ਵਿਚ ਪਿੰਡ ਪਾਹੜਾ 'ਚ ਹੋਈ ਖੂਨੀ ਝੜਪ 'ਚ ਬੀਤੀ ਦੇਰ ਰਾਤ ਤਿੱਬੜ ਪੁਲਸ ਨੇ ਸ਼ਿਕਾਇਤਕਰਤਾਂ ਬਲਾਕ ਸਮਿਤੀ ਚੇਅਰਮੈਨ ਹਰਬਿੰਦਰ ਸਿੰਘ ਉਰਫ਼ ਹੈਪੀ ਪੁੱਤਰ ਬੂਆ ਸਿੰਘ ਨਿਵਾਸੀ ਪਾਹੜਾ ਦੀ ਸ਼ਿਕਾਇਤ ਤੇ ਗੁਰਦਾਸਪੁਰ ਦੇ ਕਾਂਗਰਸੀ ਵਿਧਾਇਕ ਦੇ ਪਿਤਾ ਗੁਰਮੀਤ ਸਿੰਘ ਪਾਹੜਾ ਤੇ ਵਿਧਾਇਕ ਦੇ ਭਰਾ ਬਲਜੀਤ ਸਿੰਘ ਪਾਹੜਾ ਸਮੇਤ ਕੁਝ ਹੋਰ ਲੋਕਾਂ ਦੇ ਵਿਰੁੱਧ ਧਾਰਾ 323, 324, 148, 149 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ, ਜਦਕਿ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਅਜੇ ਵੀ ਸ਼ਿਕਾਇਤਕਰਤਾਂ ਨੂੰ ਲੱਗੀ ਸੱਟ ਨੂੰ ਅੰਡਰ ਅਬਜਰਵੇਸ਼ਨ ਰੱਖਿਆ ਗਿਆ ਹੈ ਅਤੇ ਰਿਪੋਰਟ ਆਉਣ ਦੇ ਬਾਅਦ ਹੀ ਇਨ੍ਹਾਂ ਧਾਰਾਵਾਂ 'ਚ ਵਾਧਾ ਕੀਤਾ ਜਾਵੇਗਾ।
ਇਸ ਸੰਬੰਧੀ ਪਿੰਡ ਤਿੱਬੜ ਪੁਲਸ ਸਟੇਸ਼ਨ ਦੇ ਇੰਚਾਰਜ ਅਮਨਦੀਪ ਸਿੰਘ ਨੇ ਦੱਸਿਆ ਕਿ 11 ਅਕਤੂਬਰ ਨੂੰ ਬਲਾਕ ਸਮਿਤੀ ਚੇਅਰਮੈਨ ਹਰਬਿੰਦਰ ਸਿੰਘ ਉਰਫ਼ ਹੈਪੀ ਜੋ ਕਿ ਅਕਾਲੀ ਭਾਜਪਾ ਉਮੀਦਵਾਰ ਪਿੰਡ ਪਾਹੜਾ ਦੇ 51 ਨੰਬਰ ਪੋਲਿੰਗ ਬੂਥ ਤੇ ਪੋਲਿੰਗ ਏਜੰਟ ਸੀ, ਆਪਣੇ ਸਾਥੀਆਂ ਸਮੇਤ ਤੜਕਸਾਰ ਉਥੇ ਪੋਲਿੰਗ ਏਜੰਟ ਸੰਬੰਧੀ ਫਾਰਮ ਭਰ ਰਿਹਾ ਸੀ ਤਾਂ ਉਸ ਸਮੇਂ ਗੁਰਦਾਸਪੁਰ ਦੇ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦਾ ਪਿਤਾ ਗੁਰਮੀਤ ਸਿੰਘ ਪਾਹੜਾ, ਵਿਧਾਇਕ ਦਾ ਭਰਾ ਬਲਜੀਤ ਸਿੰਘ ਪਾਹੜਾ ਸਮੇਤ ਸੁਰਿੰਦਰ ਸਿੰਘ, ਮਨਜਿੰਦਰ ਸਿੰਘ, ਜਸਕਰਨ ਸਿੰਘ, ਤ੍ਰਿਪਤਦਮਨਜੀਤ ਸਿੰਘ, ਰਿੰਪੀ, ਅਜੀਤ ਸਿੰਘ, ਅਜੀਤਪਾਲ ਸਿੰਘ ਅਤੇ ਕੁਝ ਹੋਰਨਾਂ ਦੇ ਨਾਲ ਉਥੇ ਪਹੁੰਚ ਗਏ। ਇਨ੍ਹਾਂ ਨੇ ਆਉਂਦੇ ਹੀ ਪੋਲਿੰਗ ਏਜੰਟ ਹਰਬਿੰਦਰ ਸਿੰਘ ਹੈਪੀ ਨੂੰ ਕਿਹਾ ਕਿ ਇਸ ਪਿੰਡ 'ਚ ਕਿਸੇ ਵੀ ਹੋਰ ਦਲ ਦਾ ਪੋਲਿੰਗ ਬੂਥ ਤੇ ਏਜੰਟ ਨਹੀਂ ਬਣਨ ਦਿੱਤਾ ਜਾਵੇਗਾ। ਜਦ ਹੈਪੀ ਨੇ ਇਸ ਦਾ ਵਿਰੋਧ ਕੀਤਾ ਤਾਂ ਇਨ੍ਹਾਂ ਲੋਕਾਂ ਨੇ ਹੈਪੀ ਸਮੇਤ ਹੋਰ ਲੋਕਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸੇ ਦੌਰਾਨ ਅਰਧਸੈਨਿਕ ਬਲਾਂ ਦੇ ਜਵਾਨ ਉਥੇ ਪਹੁੰਚੇ ਤੇ ਉਨ੍ਹਾਂ ਨੇ ਇਨ੍ਹਾਂ ਲੋਕਾਂ ਨੂੰ ਬਚਾਇਆ। ਉਨ੍ਹਾਂ ਦੱਸਿਆ ਕਿ ਜ਼ਖਮੀ ਹਰਬਿੰਦਰ ਸਿੰਘ ਦੇ ਬਿਆਨਾਂ 'ਤੇ ਅਜੇ ਇਨ੍ਹਾਂ ਲੋਕਾਂ ਵਿਰੁੱਧ ਬਣਦੀ ਧਾਰਾਵਾਂ ਤਹਿਤ ਐੱਫ. ਆਈ. ਆਰ ਨੰ. -73 ਦਰਜ ਕੀਤੀ ਗਈ ਹੈ ਜਦਕਿ ਲੱਗੀ ਸੱਟਾਂ ਸੰਬੰਧੀ ਡਾਕਟਰਾਂ ਦੀ ਰਿਪੋਰਟ ਉਪਰੰਤ ਬਣਦੀ ਧਾਰਾਵਾਂ ਨੂੰ ਐੱਫ. ਆਈ. ਆਰ 'ਚ ਜੋੜਿਆ ਜਾਵੇਗਾ। 


Related News