ਕਾਂਗਰਸੀ ਆਗੂ ਜਨਾਰਦਨ ਦਿਵੇਦੀ ਦੀ ਥਾਂ ਹੁਣ ਅਸ਼ੋਕ ਗਹਿਲੋਤ ਕੋਲ ਕਰਨ ਲੱਗੇ ਅਪਰੋਚ

Thursday, Apr 05, 2018 - 12:23 PM (IST)

ਕਾਂਗਰਸੀ ਆਗੂ ਜਨਾਰਦਨ ਦਿਵੇਦੀ ਦੀ ਥਾਂ ਹੁਣ ਅਸ਼ੋਕ ਗਹਿਲੋਤ ਕੋਲ ਕਰਨ ਲੱਗੇ ਅਪਰੋਚ

ਜਲੰਧਰ (ਰਵਿੰਦਰ ਸ਼ਰਮਾ)— 2019 ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਪਾਰਟੀ ਦਾ ਚਿਹਰਾ ਮੋਹਰਾ ਬਦਲਣ 'ਚ ਜੁਟ ਗਏ ਹਨ। ਸਭ ਤੋਂ ਪਹਿਲਾਂ ਏ. ਆਈ. ਸੀ. ਸੀ. ਆਫਿਸ ਇੰਚਾਰਜ ਦੇ ਅਹੁਦੇ ਤੋਂ ਰਾਹੁਲ ਗਾਂਧੀ ਨੇ ਜਨਾਰਦਨ ਦਿਵੇਦੀ ਦੀ ਛੁੱਟੀ ਕਰਕੇ ਅਸ਼ੋਕ ਗਹਿਲੋਤ ਨੂੰ ਉਨ੍ਹਾਂ ਦੀ ਥਾਂ ਬਿਠਾਇਆ ਹੈ। ਜਨਾਰਦਨ ਦਿਵੇਦੀ ਲੰਮੇ ਸਮੇਂ ਤੋਂ ਇਸ ਅਹੁਦੇ 'ਤੇ ਸਨ ਅਤੇ ਪੰਜਾਬ ਦੇ ਜ਼ਿਆਦਾਤਰ ਆਗੂਆਂ ਦੀ ਅਪਰੋਚ ਉਨ੍ਹਾਂ ਤੱਕ ਹੁੰਦੀ ਸੀ। ਜਨਾਰਦਨ ਜ਼ਰੀਏ ਹੀ ਪੰਜਾਬ ਦੇ ਆਗੂ ਆਪਣੀਆਂ ਗੀਟੀਆਂ ਫਿੱਟ ਕਰਦੇ ਸਨ ਅਤੇ ਕਦੇ ਸੋਨੀਆ ਗਾਂਧੀ ਅਤੇ ਕਦੇ ਰਾਹੁਲ ਗਾਂਧੀ ਤੱਕ ਆਪਣੀ ਪਹੁੰਚ ਬਣਾਉਂਦੇ ਸਨ।
ਅਚਾਨਕ ਜਨਾਰਦਨ ਦ੍ਰਿਵੇਦੀ ਦੇ ਆਫਿਸ ਇੰਚਾਰਜ ਤੋਂ ਹਟਣ 'ਤੇ ਪੰਜਾਬ ਦੇ ਕਈ ਆਗੂਆਂ ਨੂੰ ਤਗੜਾ ਝਟਕਾ ਲੱਗਾ ਹੈ। ਰਾਤੋਂ-ਰਾਤ ਉਨ੍ਹਾਂ ਦੀਆਂ ਗੀਟੀਆਂ ਬਦਲ ਗਈਆਂ। ਲੰਮੇ ਸਮੇਂ ਤੱਕ ਜਨਾਰਦਨ ਰਾਹੀਂ ਹਾਈਕਮਾਨ ਤੱਕ ਪਹੁੰਚ ਕਰਨ ਵਾਲੇ ਆਗੂਆਂ ਦੇ ਚਿਹਰੇ ਮੁਰਝਾ ਗਏ ਹਨ। ਹੁਣ ਉਨ੍ਹਾਂ ਨੂੰ ਨਵੇਂ ਸਿਰੇ ਤੋਂ ਆਪਣੀਆਂ ਗੀਟੀਆਂ ਫਿੱਟ ਕਰਨੀਆਂ ਪੈ ਰਹੀਆਂ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਵਿਧਾਇਕ ਅਤੇ ਪਾਰਟੀ ਦੇ ਸੀਨੀਅਰ ਆਗੂ ਵੀ ਹਨ। ਸੂਬੇ ਦੇ ਕਈ ਵਿਧਾਇਕਾਂ ਨੇ ਵੀ ਮੰਤਰੀ ਮੰਡਲ ਵਾਧੇ 'ਚ ਆਪਣਾ ਨਾਂ ਪਵਾਉਣ ਲਈ ਆਫਿਸ ਇੰਚਾਰਜ ਰਾਹੀਂ ਕਾਫੀ ਕੁਝ ਫਿੱਟ ਕੀਤਾ ਹੋਇਆ ਸੀ ਅਤੇ ਕਈ ਤਾਂ ਬੇਹੱਦ ਆਸਵੰਦ ਵੀ ਸਨ ਪਰ ਆਫਿਸ ਇੰਚਾਰਜ ਦੇ ਬਦਲਿਆਂ ਹੀ ਇਨ੍ਹਾਂ ਵਿਧਾਇਕਾਂ ਦੇ ਸਮੀਕਰਨ ਵੀ ਵਿਗੜ ਗਏ ਹਨ। ਮੰਤਰੀ ਅਹੁਦਾ ਹਾਸਲ ਕਰਨ ਦੀ ਦੌੜ ਵਿਚ ਚੱਲ ਰਹੇ ਵਿਧਾਇਕਾਂ ਨੇ ਨਵੇਂ ਸਿਰੇ ਤੋਂ ਜੁਗਾੜ ਲਾਉਣ ਲਈ ਦਿੱਲੀ ਤੱਕ ਦੌੜ ਲਾ ਦਿੱਤੀ ਹੈ। ਹਰ ਕੋਈ ਆਪਣੇ ਢੰਗ ਨਾਲ ਪੰਜਾਬ ਮੰਤਰੀ ਮੰਡਲ ਦਾ ਹਿੱਸਾ ਬਣਨ ਲਈ ਜੁਗਾੜ ਲਾ ਰਿਹਾ ਹੈ। ਭਾਵੇਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਗਭਗ ਆਪਣੀ ਲਿਸਟ ਨੂੰ ਫਾਈਨਲ ਕਰ ਚੁੱਕੇ ਹਨ ਅਤੇ ਇਸ 'ਤੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਦੀ ਮੋਹਰ ਲੱਗਣੀ ਬਾਕੀ ਹੈ। 
ਸੂਬਾ ਇੰਚਾਰਜ ਨਾਲ ਵੀ ਅਜੇ ਨਾਂ ਨਹੀਂ ਹੋਏ ਡਿਸਕਸ
ਦੱਸਿਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀ ਅਹੁਦੇ ਲਈ ਲਗਭਗ ਨਾਂ ਫਾਈਨਲ ਕਰ ਲਏ ਹਨ ਪਰ ਇਨ੍ਹਾਂ ਨਾਵਾਂ ਨੂੰ ਲੈ ਕੇ ਅਜੇ ਤੱਕ ਸੂਬਾ ਇੰਚਾਰਜ ਆਸ਼ਾ ਕੁਮਾਰੀ ਨਾਲ ਵੀ ਕੋਈ ਚਰਚਾ ਨਹੀਂ ਕੀਤੀ ਗਈ। ਆਉਣ ਵਾਲੇ ਕੁਝ ਦਿਨਾਂ 'ਚ ਦੋਵਾਂ ਆਗੂਆਂ ਦੀ ਮੁਲਾਕਾਤ ਹੋ ਸਕਦੀ ਹੈ ਅਤੇ ਕਈ ਮੌਜੂਦਾ ਮੰਤਰੀਆਂ ਦੇ ਵਿਭਾਗਾਂ ਵਿਚ ਫੇਰਬਦਲ ਦੀ ਚਰਚਾ ਵੀ ਹੋ ਸਕਦੀ ਹੈ। 
ਲਟਕਦੇ ਮੰਤਰੀ ਮੰਡਲ ਵਾਧੇ ਨੂੰ ਲੈ ਕੇ ਵਿਧਾਇਕਾਂ 'ਚ ਰੋਸ
ਲਗਾਤਾਰ ਲਟਕ ਰਹੇ ਮੰਤਰੀ ਮੰਡਲ ਵਾਧੇ ਨੂੰ ਲੈ ਕੇ ਪਾਰਟੀ ਵਿਧਾਇਕਾਂ 'ਚ ਬੇਹੱਦ ਰੋਸ ਹੈ। ਇਕ ਸਾਲ ਤੋਂ ਮੰਤਰੀ ਮੰਡਲ 'ਚ ਸਥਾਨ ਬਣਾਉਣ ਲਈ ਤਰਸ ਰਹੇ ਇਹ ਵਿਧਾਇਕ ਹੁਣ ਲੰਮੀ ਉਡੀਕ ਤੋਂ ਉਕਤਾ ਚੁੱਕੇ ਹਨ। ਮੰਤਰੀ ਅਹੁਦਾ ਹਾਸਲ ਕਰਨ ਵਾਲੇ ਵਿਧਾਇਕਾਂ ਦੇ ਤਾਂ ਵਾਰੇ ਨਿਆਰੇ ਹੋ ਸਕਦੇ ਹਨ ਪਰ ਜਿਨ੍ਹਾਂ ਨੂੰ ਮੰਤਰੀ ਮੰਡਲ 'ਚ ਜਗ੍ਹਾ ਨਹੀਂ ਮਿਲੇਗੀ, ਉਹ ਬਗਾਵਤ ਦਾ ਝੰਡਾ ਬੁਲੰਦ ਕਰ ਸਕਦੇ ਹਨ।


Related News