ਪੰਜਾਬ ਨੂੰ ਰਾਹਤ ਰਾਸ਼ੀ ਦਿਵਾਉਣ ਲਈ ਲੋਕਾਂ ਨੇ ''ਜੈ ਹਿੰਦ'' ਦੇ ਨਾਅਰੇ ਲਾਏ : ਨਿਮਿਸ਼ਾ ਮਹਿਤਾ
Friday, May 01, 2020 - 04:41 PM (IST)
ਜਲੰਧਰ : ਪੰਜਾਬ ਨੂੰ ਵਿਸ਼ੇਸ਼ ਰਾਹਤ ਰਾਸ਼ੀ ਦਾ ਪੈਕੇਜ ਅਤੇ ਜੀ. ਐਸ. ਟੀ. ਦੀ ਕਿਸ਼ਤ ਜਾਰੀ ਕਰਵਾਉਣ ਲਈ ਹਲਕਾ ਗੜ੍ਹਸ਼ੰਕਰ ਦੇ ਲੋਕਾਂ ਨੇ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਦੀ ਅਗਵਾਈ 'ਚ ਤਿਰੰਗੇ ਲਹਿਰਾ ਕੇ ਆਪਣੇ-ਆਪਣੇ ਘਰ ਅਤੇ ਇਲਾਕਿਆਂ 'ਚ 'ਜੈ ਹਿੰਦ' ਦੇ ਨਾਅਰੇ ਬੁਲੰਦ ਕੀਤੇ। ਇਹ ਪ੍ਰੋਗਰਾਮ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਮਾਹਿਲਪੁਰ, ਗੜ੍ਹਸ਼ੰਕਰ ਵਿਖੇ ਲੋਕਾਂ ਨੇ ਆਪਣੇ ਘਰਾਂ 'ਚ ਰਹਿ ਕੇ ਜਾਂ ਘਰਾਂ ਦੀਆਂ ਦਹਿਲੀਜ਼ਾਂ 'ਤੇ ਖਲ੍ਹੋ ਕੇ ਜੈ ਹਿੰਦ ਦੇ ਨਾਅਰੇ ਲਾ ਕੇ ਕੀਤਾ। 'ਤਿਰੰਗਾ ਲਹਿਰਾਓ-ਜੈ ਹਿੰਦ ਬੁਲਾਓ' ਦਾ ਇਹ ਪ੍ਰੋਗਰਾਮ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੇ ਦਿਸ਼ਾ-ਨਿਰਦੇਸ਼ਾਂ ਨੂੰ ਮੁੱਖ ਰੱਖਦਿਆਂ ਕੀਤਾ ਗਿਆ ਸੀ।
ਕੋਰੋਨਾ ਵਾਇਰਸ ਸ਼ੁਰੂ ਹੋਣ ਮਗਰੋਂ ਪੰਜਾਬ ਸਰਕਾਰ ਕੇਂਦਰ ਸਰਕਾਰ ਕੋਲੋਂ ਕੋਰੋਨਾ ਨਾਲ ਲੜਨ ਲਈ ਰਾਸ਼ੀ, ਜੀ. ਐਸ. ਟੀ. ਦੀ ਕਿਸ਼ਤ ਜਾਰੀ ਕਰਨ ਲਈ ਅਤੇ ਪੰਜਾਬ ਦੇ ਗਰੀਬ ਮਜ਼ਦੂਰਾਂ, ਮੱਧ ਵਰਗੀ ਲੋਕਾਂ ਅਤੇ ਕਿਸਾਨਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਰਾਹਤ ਪੈਕਜ ਦੀ ਮੰਗ ਕਰ ਰਹੀ ਹੈ, ਜਿਸ ਬਾਰੇ ਫਿਲਹਾਲ ਕੇਂਦਰ ਸਰਕਾਰ ਪਾਸੋਂ ਕਿਸੇ ਤਰ੍ਹਾਂ ਦੀ ਹਾਮੀ ਨਜ਼ਰ ਨਹੀਂ ਆ ਰਹੀ।
ਇਸ ਮੰਗ ਨੂੰ ਮਜ਼ਬੂਤੀ ਦੇਣ ਲਈ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵਲੋਂ ਪੰਜਾਬੀਆਂ ਨੂੰ ਪੰਜਾਬ ਦੇ ਖਾਤਰ ਇਹ ਮੰਗ ਕਰਨ ਦੀ ਗੱਲ ਕੀਤੀ ਗਈ ਸੀ ਅਤੇ ਕੇਂਦਰ ਸਰਕਾਰ ਵਿਰੁੱਧ ਰੋਸ ਦਰਜ ਕਰਵਾਉਣ ਲਈ 'ਤਿਰੰਗਾ ਲਹਿਰਾਓ-ਜੈ ਹਿੰਦ ਬੁਲਾਓ' ਪ੍ਰੋਗਰਾਮ ਕਰਨ ਲਈ ਕਿਹਾ ਗਿਆ ਸੀ। ਇਹ ਪ੍ਰੋਗਰਾਮ ਹਲਕਾ ਗੜ੍ਹਸ਼ੰਕਰ 'ਚ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਅਤੇ ਉਸ ਦੇ ਸਾਥੀਆਂ ਵਲੋਂ ਮਜ਼ਬੂਤੀ ਨਾਲ ਕੀਤਾ ਗਿਆ, ਜਿਸ ਦੀ ਸ਼ੁਰੂਆਤ ਮਾਹਿਲਪੁਰ ਤੋਂ ਕੀਤੀ ਗਈ।
ਇਸ ਤਹਿਤ ਸ਼ਹਿਰ ਮਾਹਿਲਪੁਰ ਅਤੇ ਗੜ੍ਹਸ਼ੰਕਰ ਤੋਂ ਇਲਾਵਾ ਪਿੰਡ ਖੁਸ਼ੀ ਪੱਦੀ, ਡੰਡੇਵਾਲ, ਪੈਂਸਰਾ, ਪੱਖੋਵਾਲ, ਜੀਵਨਪੁਰ ਗੁੱਜਰਾਂ, ਬੋਹੜਾ, ਸੂੰਨੀ, ਰਾਏਪੁਰ ਗੁੱਜਰਾਂ, ਫੈਲਾ, ਸਲੇਮਪੁਰ, ਸਦਰਪੁਰ, ਦਿਨਵਾਲ ਖੁਰਦ, ਸਤਨੌਰ, ਚੱਕ ਹਾਜੀਪੁਰ, ਹਿਆਤਪੁਰ, ਸੈਲਾ, ਬਿਲੜੋਂ, ਦਾਦੂਵਾਲ, ਬੜਾ ਨੰਗਲ ਆਦਿ ਦਰਜਨਾਂ ਪਿੰਡਾਂ 'ਚ ਇਹ ਪ੍ਰੋਗਰਾਮ ਕੀਤਾ ਗਿਆ।