ਪੇਂਡੂ ਖੇਤਰ ਦੇ ਲੋਕਾਂ ਨੂੰ ਲਾਭ ਦੇਣ ਵਾਲੇ ਸੇਵਾ ਕੇਂਦਰਾਂ ਨੂੰ ਕਾਂਗਰਸ ਸਰਕਾਰ ਨੇ ਲਵਾਏ ਜਿੰਦਰੇ
Tuesday, Jul 24, 2018 - 01:13 AM (IST)
            
            ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ,   (ਸੁਖਪਾਲ,  ਪਵਨ)-  ਪੇਂਡੂ ਖੇਤਰ ਦੇ ਲੋਕਾਂ  ਨੂੰ ਲਾਭ ਦੇਣ ਲਈ ਅਤੇ ਖਾਸ ਕਰ ਕੇ ਗਰੀਬ ਤੇ ਲੋਡ਼ਵੰਦ ਲੋਕਾਂ ਨੂੰ ਖੱਜਲ-ਖੁਆਰ ਹੋਣੋਂ ਬਚਾਉਣ ਲਈ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪਿਛਲੀ ਪੰਜਾਬ ਦੀ ਸਾਬਕਾ ਅਕਾਲੀ-ਭਾਜਪਾ ਸਰਕਾਰ ਨੇ ਇਕ ਵਿਸ਼ੇਸ਼ ਵਿਉਂਤਬੰਦੀ ਬਣਾ ਕੇ ਸੂਬੇ ਭਰ ’ਚ ਪਿੰਡਾਂ ਦੀ ਚੋਣ ਕਰ ਕੇ ਸੇਵਾ ਕੇਂਦਰ ਖੋਲ੍ਹੇ ਸਨ ਅਤੇ ਇਨ੍ਹਾਂ ਸੇਵਾ ਕੇਂਦਰਾਂ ’ਚ ਕਈ ਤਰ੍ਹਾਂ ਦੇ ਕਾਗਜ਼-ਪੱਤਰ ਤਿਆਰ ਹੋ ਜਾਂਦੇ ਸਨ। ਗਰੀਬ ਲੋਕਾਂ ਨੂੰ ਦਿਹਾਡ਼ੀ ਛੱਡ ਕੇ ਸ਼ਹਿਰਾਂ ਦੇ ਸੇਵਾ ਕੇਂਦਰਾਂ ’ਚ ਨਹੀਂ ਜਾਣਾ ਪੈਂਦਾ ਸੀ। ਇਸ ਤੋਂ ਇਲਾਵਾ ਲੋਕਾਂ ਦਾ ਸਮਾਂ ਵੀ ਬਚਦਾ ਸੀ ਤੇ ਕਿਰਾਏ ਦੀ ਬੱਚਤ ਵੀ ਹੁੰਦੀ ਸੀ। ਕੁਲ ਮਿਲਾ ਕੇ ਪੇਂਡੂ ਖੇਤਰ ਦੇ ਲੋਕਾਂ ਨੂੰ ਇਨ੍ਹਾਂ ਸੇਵਾ ਕੇਂਦਰਾਂ ਦੀ ਕਾਫੀ ਸਹੂਲਤ ਸੀ ਪਰ ਘਰ-ਘਰ ਨੌਕਰੀਆਂ ਅਤੇ ਰੋਜ਼ਗਾਰ ਦੇਣ ਦੇ ਵਾਅਦੇ ਕਰਨ ਵਾਲੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਮੌਜੂਦਾ ਕਾਂਗਰਸ ਸਰਕਾਰ ਨੇ ਪਿੰਡਾਂ ਵਿਚ ਚੱਲ ਰਹੇ ਉਕਤ ਕੇਂਦਰਾਂ ਨੂੰ ਬੰਦ ਕਰਨ ਦੀਅਾਂ ਨੀਤੀਅਾਂ ਤਿਆਰ ਕੀਤੀਅਾਂ ਹਨ। 
ਜਾਣਕਾਰੀ ਅਨੁਸਾਰ ਜ਼ਿਲਾ ਸ੍ਰੀ ਮੁਕਤਸਰ ਸਾਹਿਬ ’ਚ ਸਰਕਾਰ ਨੇ 4 ਦਰਜਨ ਦੇ ਕਰੀਬ ਸੇਵਾ ਕੇਂਦਰਾਂ ਨੂੰ ਜਿੰਦਰੇ ਲਵਾ ਦਿੱਤੇ ਹਨ। ਜ਼ਿਕਰਯੋਗ ਹੈ ਕਿ ਕਈ ਪਿੰਡਾਂ ਵਿਚ ਤਾਂ ਪਿਛਲੇ 6 ਮਹੀਨਿਆਂ ਤੋਂ ਹੀ ਇਨ੍ਹਾਂ ਸੇਵਾ ਕੇਂਦਰਾਂ ਨੂੰ ਬੰਦ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਕਈ ਕੇਂਦਰਾਂ ਦੀ ਬਿਜਲੀ ਦਾ ਬਿੱਲ ਹੀ ਪਾਵਰਕਾਮ ਮਹਿਕਮੇ ਨੂੰ ਨਹੀਂ ਦਿੱਤਾ ਗਿਆ ਸੀ ਅਤੇ ਜਦੋਂ ਬਿਜਲੀ ਦਾ ਬਿੱਲ ਨਾ ਭਰਿਆ ਗਿਆ ਤਾਂ ਫਿਰ ਮਹਿਕਮੇ ਨੇ ਆਪਣੀ ਪਾਵਰ ਦਿਖਾਉਂਦਿਅਾਂ ਕੁਝ ਸੇਵਾ ਕੇਂਦਰਾਂ ਦੀ ਬਿਜਲੀ ਸਪਲਾਈ ’ਤੇ ਪਲਾਸ ਫੇਰ ਦਿੱਤਾ ਸੀ। ਬਿਜਲੀ ਨਾ ਹੋਣ ਕਰ ਕੇ ਕਈ ਥਾਵਾਂ ’ਤੇ ਕੰਮਕਾਜ ਠੱਪ ਹੋ ਗਿਆ ਕਿਉਂਕਿ ਸਾਰਾ ਕੰਮ ਕੰਪਿਊਟਰਾਂ ਅਤੇ ਇੰਟਰਨੈੱਟ ਦੇ ਜ਼ਰੀਏ ਹੁੰਦਾ ਸੀ। 
ਭਾਵੇਂ ਇਨ੍ਹਾਂ ਸੇਵਾ ਕੇਂਦਰਾਂ ’ਚ ਜਨਰੇਟਰਾਂ ਵਾਸਤੇ ਡੀ਼ਜ਼ਲ ਭੇਜਿਆ ਜਾਂਦਾ ਸੀ ਪਰ ਹੌਲੀ-ਹੌਲੀ ਡੀਜ਼ਲ ਨੂੰ ਵੀ ਘਟਾ ਦਿੱਤਾ ਗਿਆ ਅਤੇ ਕਈ-ਕਈ ਦਿਨ ਭੇਜਿਆ ਹੀ ਨਹੀਂ ਜਾਂਦਾ ਸੀ, ਜਿਸ ਕਰ ਕੇ ਇਨ੍ਹਾਂ ਸੇਵਾ ਕੇਂਦਰਾਂ ਵਿਚ ਕੰਮ ਕਰਵਾਉਣ ਆਏ ਲੋਕ ਬੈਠੇ ਉਡੀਕਦੇ ਰਹਿੰਦੇ ਅਤੇ ਫਿਰ ਥੱਕ ਹਾਰ ਕੇ ਆਪਣੇ ਘਰਾਂ ਨੂੰ ਵਾਪਸ ਪਰਤ ਜਾਂਦੇ ਪਰ ਹੁਣ ਸਰਕਾਰ ਨੇ ਪੱਕੇ ਤੌਰ ’ਤੇ ਹੀ ਇਨ੍ਹਾਂ ਸੇਵਾ ਕੇਂਦਰਾਂ ਨੂੰ ਡੀਜ਼ਲ ਭੇਜਣਾ ਬੰਦ ਕਰਵਾ ਦਿੱਤਾ ਹੈ ਅਤੇ ਪੇਂਡੂ ਲੋਕਾਂ ਨੂੰ ਦਿੱਤੀ ਗਈ ਇਹ ਸਹੂਲਤ ਖੋਹ ਲਈ ਹੈ। 
ਸਿਆਸੀ ਆਗੂ ਕਹਿੰਦੇ  ਹਨ ਕਿ ਅਸੀਂ ਪੇਂਡੂ ਖੇਤਰ ’ਚ ਰਹਿਣ ਵਾਲੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕ ਰਹੇ ਹਾਂ ਅਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾ ਰਹੇ ਹਾਂ ਪਰ ਅਸਲੀਅਤ ਸਭ ਦੇ ਸਾਹਮਣੇ ਹੈ ਕਿ ਪਹਿਲਾਂ ਮਿਲਦੀ ਸਹੂਲਤ ਵੀ ਖੋਹ ਲਈ ਗਈ ਹੈ। 
 
