ਕਾਂਗਰਸੀ ਕੌਂਸਲਰ ''ਤੇ ਸਰਕਾਰੀ ਜਗ੍ਹਾ ਹਥਿਆਉਣ ਦੇ ਲੱਗੇ ਦੋਸ਼, ਸਾਬਕਾ ਅਕਾਲੀ ਕੌਂਸਲਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ

09/03/2020 12:45:05 PM

ਜਲੰਧਰ (ਮਹੇਸ਼) - ਸ਼੍ਰੋਮਣੀ ਅਕਾਲੀ ਦਲ ਦੇ ਨਗਰ ਨਿਗਮ ਵਿਚ ਦੋ ਵਾਰ ਕੌਂਸਲਰ ਰਹੇ ਬਲਬੀਰ ਸਿੰਘ ਬਿੱਟੂ ਨੇ ਵਾਰਡ ਨੰ. 12 ਦੇ ਕਾਂਗਰਸੀ ਕੌਂਸਲਰ ਜਗਦੀਸ਼ ਕੁਮਾਰ ਦਕੋਹਾ 'ਤੇ ਕੇਂਦਰ ਸਰਕਾਰ ਦੀ 5 ਮਰਲੇ ਜਗ੍ਹਾ 'ਤੇ ਕਬਜ਼ਾ ਕਰਨ ਦੇ ਗੰਭੀਰ ਦੋਸ਼ ਲਾਏ ਹਨ ਅਤੇ ਇਸ ਜਗ੍ਹਾ 'ਤੇ ਚੱਲ ਰਹੇ ਨਿਰਮਾਣ ਨੂੰ ਰੋਕਣ ਸਬੰਧੀ ਦਕੋਹਾ ਪੁਲਸ ਚੌਕੀ ਵਿਚ ਲਿਖਤ ਸ਼ਿਕਾਇਤ ਵੀ ਦਰਜ ਕਰਵਾਈ ਹੈ।

ਰਾਮਾ ਮੰਡੀ ਬਲਾਕ ਤੋਂ ਅਕਾਲੀ ਦਲ ਦੇ ਪ੍ਰਧਾਨ ਬਿੱਟੂ ਅਤੇ ਦਕੋਹਾ ਵਿਚ ਰਹਿੰਦੇ ਐਡਵੋਕੇਟ ਹਰਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਕੌਂਸਲਰ ਜਗਦੀਸ਼ ਦਕੋਹਾ ਵੱਲੋਂ ਆਪਣੇ ਘਰ ਦੇ ਨਾਲ ਲੱਗਦੀ ਜਗ੍ਹਾ 'ਤੇ ਕਬਜ਼ਾ ਕਰਦੇ ਹੋਏ ਉਥੇ ਦੁਕਾਨਾਂ ਬਣਾਈਆਂ ਜਾ ਰਹੀਆਂ ਹਨ ਜਦੋਂਕਿ ਅੱਜ ਵੀ ਇਹ ਜਗ੍ਹਾ ਹਲਕਾ ਪਟਵਾਰੀ ਦੇ ਖਾਤੇ ਵਿਚ ਕੇਂਦਰ ਸਰਕਾਰ ਦੀ ਬੋਲ ਰਹੀ ਹੈ। ਇਸ ਜਗ੍ਹਾ ਨੂੰ ਲੈ ਕੇ ਐਡਵੋਕੇਟ ਕਾਹਲੋਂ ਅਤੇ ਕੌਂਸਲਰ ਜਗਦੀਸ਼ ਦਕੋਹਾ ਮਾਣਯੋਗ ਅਦਾਲਤ ਵਿਚ ਵੀ ਪੁੱਜੇ ਸਨ ਅਤੇ ਉਸ ਦੇ ਬਾਅਦ ਇਲਾਕੇ ਦੇ ਲੋਕਾਂ ਦੀ ਮੌਜੂਦਗੀ ਵਿਚ ਫੈਸਲਾ ਹੋਇਆ ਸੀ ਕਿ ਇਸ ਸਰਕਾਰੀ ਜਗ੍ਹਾ 'ਤੇ ਲੋਕਾਂ ਦੀ ਸੁਵਿਧਾ ਲਈ ਡਾਕਘਰ ਬਣਵਾ ਦਿੱਤਾ ਜਾਵੇਗਾ, ਜਿਸ ਲਈ ਉਸ ਸਮੇਂ ਦੇ ਐੱਮ. ਪੀ. ਰਾਣਾ ਗੁਰਜੀਤ ਸਿੰਘ ਅਤੇ ਉਨ੍ਹਾਂ ਦੇ ਬਾਅਦ ਐੱਮ. ਪੀ. ਮਹਿੰਦਰ ਸਿੰਘ ਕੇ. ਪੀ. ਵੱਲੋਂ ਸਰਕਾਰੀ ਗ੍ਰ੍ਰਾਂਟਾਂ ਵੀ ਜਾਰੀ ਕੀਤੀਆਂ ਸਨ। ਇਸ ਤੋਂ ਇਲਾਵਾ ਖੇਤਰ ਦੇ ਵੀ ਕਈ ਦਾਨੀ ਸੱਜਣਾਂ ਵੱਲੋਂ ਆਪਣਾ ਯੋਗਦਾਨ ਪਾਇਆ ਗਿਆ ਸੀ ਪਰ ਡਾਕਘਰ ਨਾ ਬਣਨ ਦੀ ਸੂਰਤ ਵਿਚ ਇਸ ਜਗ੍ਹਾ ਨੂੰ ਲੋਕਾਂ ਦੀਆਂ ਸਹੂਲਤਾਂ ਲਈ ਇਸਤੇਮਾਲ ਕੀਤਾ ਜਾਂਦਾ ਰਿਹਾ।

10 ਸਾਲ ਤੱਕ ਬਤੌਰ ਕੌਂਸਲਰ ਢਿੱਲਵਾਂ ਅਤੇ ਦਕੋਹਾ ਖੇਤਰ ਦੇ ਲੋਕਾਂ ਦੀ ਅਗਵਾਈ ਕਰਦੇ ਰਹੇ ਬਲਬੀਰ ਸਿੰਘ ਬਿੱਟੂ ਨੇ ਕਿਹਾ ਕਿ ਹੁਣ ਜਗਦੀਸ਼ ਦਕੋਹਾ ਆਪਣੀ ਸਰਕਾਰ ਹੋਣ ਦੇ ਕਾਰਣ ਇਸ ਜਗ੍ਹਾ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਕਾਰਣ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਹੋਇਆ ਤਾਂ ਉਹ ਇਸ ਸਬੰਧ ਵਿਚ ਉਹ ਪਾਰਟੀ ਪੱਧਰ 'ਤੇ ਆਮ ਲੋਕਾਂ ਦੀ ਆਵਾਜ਼ ਬਣ ਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਅਤੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਮਿਲ ਕੇ ਵੀ ਪੂਰੇ ਮਾਮਲੇ ਤੋਂ ਜਾਣੂ ਕਰਵਾਉਣਗੇ। ਬਿੱਟੂ ਨੇ ਇਹ ਵੀ ਦੋਸ਼ ਲਾਇਆ ਕਿ ਉਹ ਕੇਂਦਰ ਸਰਕਾਰ ਦੀ ਇਸ ਜਗ੍ਹਾ ਨੂੰ ਵਕਫ ਬੋਰਡ ਦੀ ਜਗ੍ਹਾ ਵੀ ਦੱਸ ਰਹੇ ਹਨ ਅਤੇ ਜੇਕਰ ਇਹ ਜਗ੍ਹਾ ਵਕਫ ਬੋਰਡ ਦੀ ਹੁੰਦੀ ਤਾਂ ਅੱਜ ਵੀ ਪਟਵਾਰੀ ਦੇ ਰਿਕਾਰਡ ਵਿਚ ਕਿੱਦਾਂ ਬੋਲ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਜਗਦੀਸ਼ ਦਕੋਹਾ ਸੱਚੇ ਸਨ ਤਾਂ ਪੁਲਸ ਚੌਕੀ ਵਿਚ ਬੁਲਾਏ ਜਾਣ 'ਤੇ ਵੀ ਉਹ ਆਏ ਕਿਉਂ ਨਹੀਂ।

ਵਕਫ ਬੋਰਡ ਤੋਂ ਮੈਨੂੰ ਜਗ੍ਹਾ ਅਲਾਟ ਹੋਈ : ਜਗਦੀਸ਼ ਦਕੋਹਾ

ਕਾਂਗਰਸੀ ਕੌਂਸਲਰ ਜਗਦੀਸ਼ ਕੁਮਾਰ ਦਕੋਹਾ ਨੇ ਅਕਾਲੀ ਨੇਤਾ ਬਲਬੀਰ ਸਿੰਘ ਬਿੱਟੂ ਵੱਲੋਂ ਉਨ੍ਹਾਂ 'ਤੇ ਸਰਕਾਰੀ ਜਗ੍ਹਾ 'ਤੇ ਕਬਜ਼ਾ ਕਰਨ ਦੇ ਲਾਏ ਗਏ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰਦੇ ਹੋਏ ਕਿਹਾ ਕਿ ਚੋਣਾਂ 'ਚ ਹਾਰੇ ਬਿੱਟੂ ਉਨ੍ਹਾਂ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਜਨਤਾ ਦੇ ਸੱਚੇ ਹਮਦਰਦ ਰਹੇ ਹਨ ਅਤੇ ਇਸ ਗੱਲ ਨੂੰ ਸਾਰੇ ਜਾਣਦੇ ਹਨ। ਉਨ੍ਹਾਂ ਕਿਹਾ ਕਿ ਇਹ ਜਗ੍ਹਾ ਵਕਫ ਬੋਰਡ ਵੱਲੋਂ ਉਨ੍ਹਾਂ ਨੂੰ ਅਲਾਟ ਹੋਈ ਹੈ, ਜਿਸ ਦੇ ਸਾਰੇ ਸਬੂਤ ਉਨ੍ਹਾਂ ਕੋਲ ਮੌਜੂਦ ਹਨ। ਉਨ੍ਹਾਂ ਕਿਹਾ ਕਿ ਇਸ ਜਗ੍ਹਾ ਲਈ ਕਿਸੇ ਵੀ ਨੇਤਾ ਨੇ ਕੋਈ ਗ੍ਰਾਂਟ ਨਹੀਂ ਦਿੱਤੀ ਕਿਉਂਕਿ ਇਹ ਜਗ੍ਹਾ ਉਨ੍ਹਾਂ ਦੀ ਆਪਣੀ ਹੈ। ਉਨ੍ਹਾਂ ਕਿਹਾ ਕਿ ਇੰਨਾ ਜ਼ਰੂਰ ਹੈ ਕਿ ਉਕਤ ਜਗ੍ਹਾ 'ਤੇ ਡਾਕਘਰ ਬਣਾਉਣ ਲਈ ਉਨ੍ਹਾਂ ਨੇ ਖੁਦ ਜ਼ਰੂਰ ਆਪਣੀ ਜਗ੍ਹਾ ਦਾਨ ਕਰਨ ਦੀ ਗੱਲ ਕਹੀ ਸੀ ਪਰ ਇਥੇ ਡਾਕਘਰ ਨਹੀਂ ਬਣਾਇਆ ਗਿਆ ਤਾਂ ਉਨ੍ਹਾਂ ਨੇ ਇਸ ਜਗ੍ਹਾ ਨੂੰ ਆਮ ਲੋਕਾਂ ਦੀ ਸਹੂਲਤ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਹੁਣ ਉਹ ਇਸ ਜਗ੍ਹਾ 'ਤੇ ਆਪਣਾ ਦਫਤਰ ਬਣਾਉਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਬਿਲਕੁਲ ਸੱਚੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਜਾਂਚ ਲਈ ਤਿਆਰ ਹਨ।


Harinder Kaur

Content Editor

Related News