ਕਾਂਗਰਸ-ਭਾਜਪਾ ਨੂੰ ਟੱਕਰ ਦੇਣ ਲਈ 1 ਜਨਵਰੀ ਨਵਾਂ ਸਾਲ ਅਸੀਂ ਕਿਸਾਨਾਂ ਨਾਲ ਮਨਾਵਾਂਗੇ : ਜਸਵੀਰ ਗੜ੍ਹੀ

Wednesday, Dec 30, 2020 - 09:23 PM (IST)

ਕਾਂਗਰਸ-ਭਾਜਪਾ ਨੂੰ ਟੱਕਰ ਦੇਣ ਲਈ 1 ਜਨਵਰੀ ਨਵਾਂ ਸਾਲ ਅਸੀਂ ਕਿਸਾਨਾਂ ਨਾਲ ਮਨਾਵਾਂਗੇ : ਜਸਵੀਰ ਗੜ੍ਹੀ

ਬਲਾਚੌਰ,(ਬ੍ਰਹਮਪੁਰੀ): ਬਹੁਜਨ ਸਮਾਜ ਪਾਰਟੀ ਨੇ ਪਹਿਲੇ ਦਿਨ ਤੋਂ ਹੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੇ ਹੁਕਮ ਅਨੁਸਾਰ ਕਿਸਾਨਾਂ ਵਿਰੋਧੀ ਆਰਡੀਨੈਂਸ, ਖੇਤੀ ਬਿੱਲ ਅਤੇ ਅੱਜ ਤੱਕ ਖੇਤੀ ਕਾਨੂੰਨਾਂ ਦਾ ਸਖਤ ਆਵਾਜ਼ ’ਚ ਜਿਥੇ ਵਿਰੋਧ ਕੀਤਾ ਹੈ, ਓਥੇ ਕਿਸਾਨ ਸੰਘਰਸ਼ ਦੇ ਸਮਰਥਨ ਵਿਚ ਹਮੇਸ਼ਾ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ ਹੈ। ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਕਿ ਸਾਡੀ ਪਾਰਟੀ ਨੇ ਪਹਿਲੇ ਦਿਨ ਤੋਂ ਹੀ ਇਕ ਜੁਬਾਨ ਨਾਲ ਖੇਤੀ ਕਾਨੂੰਨਾਂ ਦੇ ਵਿਰੋਧ ਉਪਰ ਆਪਣੇ ਸਟੈਂਡ ’ਤੇ ਪਹਿਰਾ ਦਿੱਤਾ ਹੈ, ਜਦਕਿ ਦੂਜੀਆਂ ਰਾਜਨੀਤਿਕ ਪਾਰਟੀਆਂ ਦਾ ਰੋਲ ਦੋਗਲਾ ਤੇ ਅਸਪਸ਼ਟ ਰਿਹਾ ਹੈ। ਬਸਪਾ ਦੇ ਪੰਦਰਾਂ ਸੰਸਦ ਮੈਂਬਰਾਂ ਨੇ ਲੋਕ ਸਭਾ ਤੇ ਰਾਜ ਸਭਾ ਵਿਚ ਡਟਕੇ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਹੈ। ਕਿਸਾਨਾਂ ਦੇ 25 ਸਤੰਬਰ ਪੰਜਾਬ ਬੰਦ ਅਤੇ 8 ਦਸੰਬਰ ਭਾਰਤ ਬੰਦ ਦਾ ਖੁੱਲਾ ਸਮਰਥਨ ਸਾਡੀ ਪਾਰਟੀ ਨੇ ਕੀਤਾ। 22 ਦਸੰਬਰ ਨੂੰ ਬਸਪਾ ਪੰਜਾਬ ਦੀ ਲੀਡਰਸ਼ਿਪ ਨੇ ਸ੍ਰੀ ਦਰਬਾਰ ਸਾਹਿਬ ਜਾ ਕੇ ਕਿਸਾਨਾਂ ਦੇ ਸੰਘਰਸ਼ ਦੀ ਜਿੱਤ ਅਤੇ ਸ਼ਹੀਦ ਕਿਸਾਨਾਂ ਦੀ ਆਤਮਿਕ ਸ਼ਾਂਤੀ ਲਈ ਅਕਾਲ ਪੁਰਖ ਅੱਗੇ ਅਰਦਾਸ ਕੀਤੀ।
ਭਾਜਪਾ ਨੇ ਕਿਸਾਨ ਸੰਘਰਸ਼ ਨਾਲ ਜੋ ਮਤਰੇਆ ਸਲੂਕ ਕੀਤਾ ਹੈ, ਉਹ ਨਿੰਦਣਯੋਗ ਹੈ ਅਤੇ ਬਸਪਾ ਪੰਜਾਬ ਵਿੱਚ ਭਾਜਪਾ ਨੂੰ ਸਬਕ ਸਿਖਾਉਣ ਦਾ ਕੰਮ ਕਰੇਗੀ। ਕਿਸਾਨ ਅੰਦੋਲਨ ਦੌਰਾਨ ਭਾਜਪਾ ਨੇ ਦਲਿਤ ਕਿਸਾਨ ਦਾ ਝਗੜਾ ਖੜ੍ਹਾ ਕਰਨ ਲਈ ਅੰਬੇਡਕਰ ਦੀਆ ਮੂਰਤੀਆ ਧੋਣ ਦਾ ਡਰਾਮਾ ਸ਼ੁਰੂ ਕੀਤਾ ਸੀ। ਭਾਜਪਾ ਨੇ ਬੰਦੇ ਮਾਤਰਮ ਅਤੇ ਭਾਰਤ ਮਾਤਾ ਦੀ ਜੈ ਛੱਡਕੇ ਬਸਪਾ ਦਾ ਨਾਹਰਾ ਜੈ ਭੀਮ ਹੈ ਭਾਰਤ ਸ਼ੁਰੂ ਕੀਤਾ, ਇਹਨਾਂ ਸਾਰੀਆਂ ਸਾਜਿਸ਼ਾਂ ਨੂੰ ਬਸਪਾ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਨੇ ਭਾਜਪਾ ਨਾਲ ਸਿੱਧੀ ਟੱਕਰ ਲੈਕੇ ਨੰਗਾ ਕੀਤਾ ਅਤੇ ਕਿਸਾਨ ਅੰਦੋਲਨ ਨੂੰ ਸੁਰੱਖਿਅਤ ਰੱਖਣ ਦਾ ਕੰਮ ਕੀਤਾ।
ਸ ਗੜ੍ਹੀ ਕੇ ਕਿਹਾ ਕਿ ਬਸਪਾ ਪੰਜਾਬ ਕਿਸਾਨ ਅੰਦੋਲਨ ਦੀ ਕਾਮਯਾਬੀ ਚਾਹੁੰਦੀ ਹੈ ਅਤੇ ਕਿਸਾਨ ਅੰਦੋਲਨ ਨੂੰ ਮਜ਼ਬੂਤ ਕਰਨ ਹਿਤ ਨਵਾਂ ਸਾਲ ਕਿਸਾਨਾਂ ਨਾਲ ਮਨਾਏਗੀ। ਇਸ ਸਬੰਧੀ ਬਸਪਾ ਆਗੂ 31 ਦਸੰਬਰ ਨੂੰ ਦੋਪਹਿਰ 12 ਵਜੇ ਸ਼ੰਭੂ ਬੈਰੀਅਰ ਤੋਂ ਰਵਾਨਾ ਹੋਣਗੇ ਅਤੇ 1ਜਨਵਰੀ ਦੀ ਰਾਤ ਕਿਸਾਨਾਂ ਵਿਚ ਸਿੰਘ ਬਾਰਡਰ ਪੁੱਜਣਗੇ ਅਤੇ ਕਿਸਾਨਾਂ ਨਾਲ ਰਾਤ ਬਿਤਾਉਣਗੇ। ਇਸ ਮੌਕੇ ਸੂਬਾ ਜਨਰਲ ਸਕੱਤਰ ਡਾਕਟਰ ਨਛੱਤਰ ਪਾਲ ਜੀ ਨੇ ਕਿਹਾ ਕਿ ਬਸਪਾ ਦਾ ਕਿਸਾਨ ਸੰਘਰਸ਼ ਦਾ ਸਮਰਥਨ ਕਰਨ ਦਾ ਉਦੇਸ਼ ਦੂਜੀਆਂ ਪਾਰਟੀਆਂ ਦੀ ਤਰ੍ਹਾ ਸਵਾਰਥ ਭਰਿਆ ਨਹੀ, ਸਗੋਂ ਗੁਰੂਬਾਣੀ ਦੇ ਆਸ਼ੇ ਅਨੁਸਾਰ ਸਰਕਾਰ ਦੇ ਜਬਰ ਦਾ ਮੁਕਾਬਲਾ ਕਰ ਰਹੇ ਕਿਸਾਨਾਂ ਨਾਲ ਖੜ੍ਹਕੇ ਆਪਣੇ ਨੈਤਿਕ ਫਰਜਾਂ ਨੂੰ ਪੂਰਾ ਕਰਨਾ ਹੈ। ਕਿਸਾਨ ਸੰਘਰਸ਼ ਵਿਚ ਬਸਪਾ ਪੂਰੀ ਤਰ੍ਹਾਂ ਕਿਸਾਨਾਂ ਨਾਲ ਖੜ੍ਹੀ ਹੈ ਅਤੇ ਬਸਪਾ ਪੰਜਾਬ ਨੂੰ ਕਿਸਾਨ ਜੋ ਵੀ ਜਿੰਮੇਵਾਰੀ ਦੇਣਗੇ, ਉਹ ਪੂਰੀ ਕੀਤੀ ਜਾਵੇਗੀ।


author

Deepak Kumar

Content Editor

Related News