ਕਾਂਗਰਸ ਨੇ ਰਾਸ਼ਨ ਵੰਡਣ ਤੋਂ ਇਨਕਾਰ ਕਰਕੇ ਪ੍ਰਵਾਸੀ ਮਜ਼ਦੂਰਾਂ ਨਾਲ ਕੀਤਾ ਵਿਸ਼ਵਾਸਘਾਤ : ਸ਼ਰਨਜੀਤ ਢਿੱਲੋਂ
Sunday, May 17, 2020 - 09:49 PM (IST)
ਚੰਡੀਗੜ੍ਹ, (ਅਸ਼ਵਨੀ)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਰਾਸ਼ਨ ਵੰਡਣ ਤੋਂ ਇਨਕਾਰ ਕਰਕੇ ਪਰ੍ਰਵਾਸੀ ਮਜ਼ਦੂਰਾਂ ਨਾਲ ਵਿਸ਼ਵਾਸਘਾਤ ਕਰਨ ਲਈ ਕਾਂਗਰਸ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ। ਪਾਰਟੀ ਨੇ ਕਿਹਾ ਕਿ ਸਰਕਾਰ ਦੀ ਇਸ ਹਰਕਤ ਕਰਕੇ ਪ੍ਰਵਾਸੀ ਮਜ਼ਦੂਰਾਂ ਨੂੰ ਅਜਿਹੇ ਨਾਜ਼ੁਕ ਸਮੇਂ ’ਚ ਪੰਜਾਬ ਛੱਡ ਕੇ ਜਾਣ ਲਈ ਮਜ਼ਬੂਰ ਹੋਣਾ ਪਿਆ, ਜਦੋਂ ਸਨਅਤਾਂ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਸਭ ਤੋਂ ਵੱਧ ਲੋੜ ਸੀ। ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਵਿਧਾਇਕ ਦਲ ਦੇ ਆਗੂ ਸ਼ਰਨਜੀਤ ਢਿੱਲੋਂ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਨੁੰ ਪੰਜਾਬ ’ਚੋਂ ਇਸ ਲਈ ਮਜ਼ਬੂਰ ਹੋ ਕੇ ਭੱਜਣਾ ਪਿਆ, ਕਿਉਂਕਿ ਹਫ਼ਤਿਆਂ ਤਕ ਸਰਕਾਰ ਉਨ੍ਹਾਂ ਦੀ ਮਦਦ ਲਈ ਨਹੀਂ ਬਹੁੜੀ। ਸੂਬਾ ਸਰਕਾਰ ਨੇ ਕੇਂਦਰ ਕੋਲੋਂ ਹਾਸਲ ਕੀਤੀ ਰਾਹਤ ਸਮੱਗਰੀ ਨੂੰ ਵੀ ਪ੍ਰਵਾਸੀ ਮਜ਼ਦੂਰਾਂ ’ਚ ਵੰਡਣਾ ਜ਼ਰੂਰੀ ਨਹੀਂ ਸਮਝਿਆ, ਜਿਸ ਕਰਕੇ ਇਕ ਮਜ਼ਦੂਰ ਦੀ ਮੌਤ ਹੋ ਗਈ ਅਤੇ ਹਜ਼ਾਰਾਂ ਭੁੱਖ ਨਾਲ ਮਰਨ ਕੰਢੇ ਪੁੱਜ ਗਏ। ਇਹੀ ਵਜ੍ਹਾ ਹੈ ਕਿ ਪੰਜਾਬ ਅੰਦਰ ਸਨਅਤੀ ਸੈਕਟਰ ਅਤੇ ਝੋਨੇ ਦੀ ਬਿਜਾਈ ਵਾਸਤੇ ਮਜ਼ਦੂਰਾਂ ਦੀ ਸਖ਼ਤ ਲੋੜ ਹੋਣ ਦੇ ਬਾਵਜੂਦ ਉਹ ਵਾਪਸ ਆਪਣੇ ਸੂਬਿਆਂ ਨੂੰ ਜਾ ਰਹੇ ਹਨ। ਢਿੱਲੋਂ ਨੇ ਕਿਹਾ ਕਿ ਬੇਸ਼ੱਕ ਮੁੱਖ ਮੰਤਰੀ ਵੀ ਇਨ੍ਹਾਂ ਲੱਖਾਂ ਮਜ਼ਦੂਰਾਂ ’ਤੇ ਟੁੱਟੀ ਇਸ ਬਿਪਤਾ ਦੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ ਪਰ ਅਸਲੀ ਕਸੂਰਵਾਰ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਹੈ, ਜੋ ਕਿ ਇਨ੍ਹਾਂ ਮਜ਼ਦੂਰਾਂ ਤਕ ਰਾਸ਼ਨ ਪਹੁੰਚਾਉਣ ’ਚ ਬੁਰੀ ਤਰ੍ਹਾਂ ਨਾਕਾਮ ਰਿਹਾ ਹੈ, ਇਸ ਲਈ ਉਸ ਨੂੰ ਤੁਰੰਤ ਬਰਖਾਸਤ ਕਰ ਦੇਣਾ ਚਾਹੀਦਾ ਹੈ। ਕੇਂਦਰ ਵਲੋਂ ਭੇਜੇ ਰਾਸ਼ਨ ਨੂੰ ਗੋਦਾਮਾਂ ’ਚ ਬੰਦ ਕਰਕੇ ਰੱਖਣ ਅਤੇ ਇਹ ਰਾਸ਼ਨ ਲੋੜਵੰਦ ਮਜ਼ਦੂਰਾਂ ਨੂੰ ਦੇਣ ਦੀ ਬਜਾਏ ਕਾਂਗਰਸੀਆਂ ਦੇ ਹੱਥਾਂ ’ਚ ਦੇਣ ਲਈ ਲੱਖਾਂ ਪ੍ਰਵਾਸੀ ਮਜ਼ਦੂਰ ਕਦੇ ਵੀ ਭਾਰਤ ਭੂਸ਼ਣ ਆਸ਼ੂ ਨੂੰ ਮੁਆਫ ਨਹੀਂ ਕਰਨਗੇ।
ਢਿੱਲੋਂ ਨੇ ਕਿਹਾ ਕਿ ਸਰਕਾਰ ਨੂੰ ਮਜ਼ਦੂਰਾਂ ਨੂੰ ਮੁਫ਼ਤ ਰਾਸ਼ਨ ਅਤੇ ਵਿੱਤੀ ਸਹਾਇਤਾ ਦੇਣ ਤੋਂ ਇਲਾਵਾ ਉਨ੍ਹਾਂ ਦੇ ਰੁਜ਼ਗਾਰਦਾਤਿਆਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਕਿ ਪ੍ਰਵਾਸੀ ਮਜ਼ਦੂਰ ਇਕ ਨਵੀਂ ਸ਼ੁਰੂਆਤ ਕਰ ਸਕਣ। ਜੇਕਰ ਅਸੀਂ ਆਪਣੀਆਂ ਸਨਅਤਾਂ ਨੂੰ ਮੁੜ ਚਾਲੂ ਕਰਨਾ ਅਤੇ 10 ਜੂਨ ਤੋਂ ਝੋਨੇ ਦੀ ਬਿਜਾਈ ਸ਼ੁਰੂ ਕਰਨਾ ਚਾਹੁੰਦੇ ਹਾਂ ਤਾਂ ਅਜਿਹਾ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਸਸਤੀ ਸ਼ੋਹਰਤ ਲੈਣ ਲਈ ਪੰਜਾਬ ਛੱਡ ਕੇ ਜਾ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਪਰਚੇ ਵੰਡਣ ਵਾਲੇ ਕਾਂਗਰਸੀਆਂ ਨੂੰ ਪੁੱਛਿਆ ਕਿ ਉਹ ਜਵਾਬ ਦੇਣ ਕਿ ਉਨ੍ਹਾਂ ਨੇ ਪ੍ਰਵਾਸੀ ਮਜ਼ਦੂਰਾਂ ਦੀ ਭਲਾਈ ਲਈ ਕੀ ਕੀਤਾ ਹੈ? ਇਥੋਂ ਤਕ ਜਿਹੜੀਆਂ ਟਿਕਟਾਂ ਦੇ ਪੈਸੇ ਕਾਂਗਰਸੀਆਂ ਵਲੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੁਆਰਾ ਦੇਣ ਦਾ ਦਾਅਵਾ ਕੀਤਾ ਗਿਆ ਸੀ, ਉਹ ਸੂਬੇ ਦੇ ਕਰਦਾਤਾਵਾਂ ਦੇ ਪੈਸੇ ਨਾਲ ਖਰੀਦੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਸੂਬਾਈ ਕਾਂਗਰਸੀ ਕਮੇਟੀਆਂ ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਵਾਸਤੇ ਟਿਕਟਾਂ ਦਾ ਪ੍ਰਬੰਧ ਕਰਨਗੀਆਂ, ਵਰਗੇ ਵੱਡੇ-ਵੱਡੇ ਐਲਾਨ ਕਰਨ ਤੋਂ ਬਾਅਦ ਸੋਨੀਆ ਗਾਂਧੀ ਨੇ ਚੁੱਪੀ ਧਾਰ ਲਈ ਹੈ। ਹੁਣ ਸਮਾਂ ਹੈ ਕਿ ਸੂਬਾ ਸਰਕਾਰ ਨੂੰ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਹਨ ਅਤੇ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ।