ਕਾਂਗਰਸ ਨੇ ਲੋਕ ਨੁਮਾਇੰਦਿਆਂ ਦੀ ਸਦਨ ''ਚ ਕੁੱਟਮਾਰ ਕਰ ਕੇ ਲੋਕਤੰਤਰ ਦੀ ਹੱਤਿਆ ਕੀਤੀ : ਪ੍ਰੋ. ਚੰਦੂਮਾਜਰਾ
Friday, Jun 23, 2017 - 07:33 AM (IST)
ਪਟਿਆਲਾ (ਬਲਜਿੰਦਰ) - ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਵੱਲੋਂ ਸਦਨ ਵਰਗੀ ਪਵਿੱਤਰ ਥਾਂ 'ਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਕੁੱਟਮਾਰ ਕਰ ਕੇ ਅਤੇ ਉਨ੍ਹਾਂ ਦੀਆਂ ਪੱਗਾਂ ਰੋਲ ਕੇ ਜਿੱਥੇ ਲੋਕਤੰਤਰ ਦਾ ਕਤਲ ਕੀਤਾ ਹੈ, ਉਥੇ ਪੱਗਾਂ ਦੀ ਬੇਅਦਬੀ ਕੀਤੀ ਗਈ ਹੈ। ਇਸ ਦੇ ਲਈ ਪੰਜਾਬ ਦੇ ਲੋਕ ਕਿਸੇ ਵੀ ਕੀਮਤ 'ਤੇ ਕਾਂਗਰਸ ਨੂੰ ਮੁਆਫ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਤੋਂ ਲੋਕਾਂ ਨਾਲ ਕੀਤੇ ਜਾ ਰਹੇ ਚੋਣ ਵਾਅਦੇ ਪੂਰੇ ਨਹੀਂ ਹੋ ਰਹੇ ਅਤੇ ਪੰਜਾਬ ਦੀ ਜਨਤਾ ਹੁਣ ਉਨ੍ਹਾਂ ਤੋਂ ਜਵਾਬ ਮੰਗ ਰਹੀ ਹੈ। ਲੋਕਾਂ ਵੱਲੋਂ ਵਿਧਾਨ ਸਭਾ ਵਿਚ ਲੋਕਾਂ ਦੀ ਆਵਾਜ਼ ਵਿਧਾਇਕ ਬਣ ਰਹੇ ਹਨ ਤਾਂ ਕਾਂਗਰਸ ਤੋਂ ਹਜ਼ਮ ਨਹੀਂ ਹੋ ਰਹੇ। ਦੂਜਾ ਕਾਂਗਰਸ ਵੱਲੋਂ ਜਿਹੜਾ ਗੁਮਰਾਹਕੁੰਨ ਬਜਟ ਪੇਸ਼ ਕਰ ਕੇ ਪੰਜਾਬ ਦੇ ਲੋਕਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ, ਉਸ ਦਾ ਲੋਕ ਅਤੇ ਵਿਧਾਇਕ ਜਵਾਬ ਨਾ ਮੰਗਣ, ਇਸ ਲਈ ਕਾਂਗਰਸ ਅਜਿਹੀਆਂ ਘਟੀਆ ਹਰਕਤਾਂ 'ਤੇ ਉਤਰ ਆਈ ਹੈ।
ਯੂਥ ਅਕਾਲੀ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਨੇ ਕਿਹਾ ਕਿ ਕਾਂਗਰਸ ਵੱਲੋਂ ਕੀਤੀ ਗਈ ਘਟੀਆ ਕਰਤੂਤ ਕਾਰਨ ਅੱਜ ਦਾ ਦਿਨ ਪੰਜਾਬ ਦੇ ਇਤਿਹਾਸ ਵਿਚ ਕਾਲੇ ਅੱਖਰਾਂ ਵਿਚ ਲਿਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲੇ ਹੀ ਸੈਸ਼ਨ ਵਿਚ ਆਪਣੀਆਂ ਆਪਹੁਦਰੀਆਂ ਕਰਨ ਅਤੇ ਲੁੱਟ-ਖਸੁੱਟ ਦੀ ਪੋਲ ਖੁੱਲ੍ਹਣ ਕਾਰਨ ਕਾਂਗਰਸ ਬੌਖਲਾ ਗਈ ਹੈ।