'ਕਾਂਗਰਸ ਦਾ ਹੱਥ ਫੜਿਆ ਤਾਂ ਪੰਜਾਬੀਆਂ ਨੂੰ ਕੀ ਜਵਾਬ ਦੇਣਗੇ ਕੇਜਰੀਵਾਲ'

01/06/2019 9:29:39 AM

ਜਲੰਧਰ(ਬੁਲੰਦ)— ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਕਈ ਆਗੂਆਂ ਨੇ 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਇਸ ਗੱਲ ਦੇ ਪ੍ਰਤੀ ਨਾਰਾਜ਼ਗੀ ਜਤਾਈ ਕਿ ਪਾਰਟੀ ਕਾਂਗਰਸ ਦੇ ਨਾਲ ਮਿਲ ਕੇ ਚੱਲਣ ਦੇ ਸੁਪਨੇ ਕਿਉਂ ਦੇਖ ਰਹੀ ਹੈ। ਪਾਰਟੀ ਦੇ ਸੂਤਰਾਂ ਦੀ ਮੰਨੀਏ ਤਾਂ ਬੀਤੇ ਦਿਨ ਕੇਜਰੀਵਾਲ ਦੇ ਦਿੱਲੀ ਸਥਿਤ ਗ੍ਰਹਿ ਪੰਜਾਬ ਦੇ ਆਗੂਆਂ ਸਮੇਤ ਪਾਰਟੀ ਦੇ ਹੋਰ ਵੱਡੇ ਆਗੂਆਂ ਨੇ ਕੇਜਰੀਵਾਲ ਨਾਲ ਬੈਠਕ ਕੀਤੀ ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਪੰਜਾਬ ਦੇ ਆਗੂਆਂ ਨੇ ਕੇਜਰੀਵਾਲ ਨੂੰ ਕਿਹਾ ਕਿ ਨਾ ਤਾਂ ਪੰਜਾਬ ਵਿਚ 'ਆਪ' ਆਗੂ ਕਾਂਗਰਸ ਨਾਲ ਮਿਲ ਕੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਲੜੇ ਅਤੇ ਨਾ ਹੀ ਪਾਰਟੀ  'ਤੇ ਕਾਂਗਰਸ ਹਮਾਇਤੀ ਹੋਣ ਦੀ ਛਾਪ ਲੱਗਣੀ ਚਾਹੀਦੀ ਹੈ।
ਇਸ ਬੈਠਕ ਵਿਚ ਪਾਰਟੀ ਦੇ ਸਿਆਸੀ ਜੋੜ-ਤੋੜ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਪੰਜਾਬ ਦੇ ਆਗੂਆਂ ਨੇ ਕੇਜਰੀਵਾਲ ਨੂੰ ਕਿਹਾ ਕਿ ਕਿਉਂਕਿ ਪੰਜਾਬ ਵਿਧਾਨ ਸਭਾ ਵਿਚ ਕਾਂਗਰਸ ਸਰਕਾਰ ਦੀ ਮੁੱਖ ਵਿਰੋਧੀ ਪਾਰਟੀ 'ਆਪ' ਹੈ, ਇਸ ਲਈ ਲੋਕਾਂ ਦੀ 'ਆਪ' ਤੋਂ ਇਹੀ ਆਸ ਹੈ ਕਿ ਉਹ ਕਾਂਗਰਸ ਸਰਕਾਰ 'ਤੇ ਦਬਾਅ ਬਣਾ ਕੇ ਰੱਖੇ ਅਤੇ ਪੰਜਾਬ ਵਿਚ ਵਿਕਾਸ ਦੇ ਕੰਮ ਕਰਵਾਏ ਜਾਣ ਪਰ ਜੇਕਰ 'ਆਪ' ਕਾਂਗਰਸ ਦੇ ਪੱਖ 'ਚ ਬੈਠ ਜਾਵੇਗੀ ਤਾਂ ਪੰਜਾਬ ਦੇ ਲੋਕਾਂ ਦਾ 'ਆਪ' ਤੋਂ ਵਿਸ਼ਵਾਸ ਘੱਟ  ਹੋਵੇਗਾ ਅਤੇ ਇਸ ਦਾ ਪਾਰਟੀ ਦੇ ਵੋਟ ਬੈਂਕ 'ਤੇ ਵੀ ਅਸਰ ਪਵੇਗਾ। ਪਾਰਟੀ ਆਗੂਆਂ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਅਤੇ ਜੇਕਰ 'ਆਪ' ਕਾਂਗਰਸ ਨਾਲ ਹੱਥ ਮਿਲਾਉਂਦੀ ਹੈ ਤਾਂ ਇਸ ਨਾਲ ਲੋਕਾਂ ਦਾ ਗੁੱਸਾ ਕਾਂਗਰਸ ਦੇ ਨਾਲ-ਨਾਲ ਵਿਰੋਧੀ ਦਲ 'ਆਪ' ਉਤੇ ਵੀ ਫੁੱਟੇਗਾ।

ਜਾਣਕਾਰਾਂ ਦੀ ਮੰਨੀਏ ਤਾਂ ਇਸ 'ਤੇ ਪਾਰਟੀ ਦੇ ਕੁਝ ਆਗੂਆਂ ਨੇ ਭਰੋਸਾ ਦਿਵਾਇਆ ਕਿ ਫਿਲਹਾਲ 'ਆਪ' ਦਾ ਕਾਂਗਰਸ ਨਾਲ ਕੋਈ ਗਠਜੋੜ ਕਰਨ ਦਾ ਇਰਾਦਾ ਨਹੀਂ ਹੈ ਪਰ ਆਉਣ ਸਮੇਂ ਵਿਚ ਦੇਸ਼ ਦੇ ਸਿਆਸੀ ਮੌਸਮ ਨੂੰ ਦੇਖਦੇ ਹੋਏ ਕੀ ਕਰਨਾ ਪਵੇ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਉਨ੍ਹਾਂ ਨੇ ਪੰਜਾਬ ਦੇ ਆਗੂਆਂ ਨੂੰ ਕਿਹਾ ਕਿ ਪੰਜਾਬ ਵਿਚ ਬੂਥ ਲੈਵਲ ਕਮੇਟੀਆਂ ਨੂੰ ਜਨਵਰੀ ਮਹੀਨੇ ਦੌਰਾਨ ਖਤਮ ਕਰ ਦਿੱਤਾ ਜਾਵੇ। ਪਾਰਟੀ ਵਰਕਰਾਂ ਦੇ ਨਾਲ ਰੈਗੂਲਰ ਬੈਠਕਾਂ ਕੀਤੀਆਂ ਜਾਣ ਅਤੇ ਜੋ ਲੋਕ ਪੰਜਾਬ ਦੇ ਪੰਚਾਇਤੀ ਚੋਣਾਂ ਵਿਚ ਜਿੱਤ ਕੇ ਅੱਗੇ ਆਉਂਦੇ ਹਨ ਉਨ੍ਹਾਂ ਨੂੰ ਨਾਲ ਲੈ ਕੇ ਚਲਿਆ ਜਾਵੇ।

ਜਾਣਕਾਰਾਂ ਅਨੁਸਾਰ 'ਆਪ' ਦੀ ਇਸ ਬੈਠਕ ਵਿਚ ਪੰਜਾਬ ਦੇ ਆਗੂਆਂ ਨੂੰ ਕਿਹਾ ਗਿਆ ਕਿ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ 2015 ਵਿਚ ਪਾਰਟੀ ਨੇ ਲੋਕ ਸਭਾ ਚੋਣਾਂ ਵਿਚ ਚੰਗਾ ਪ੍ਰਦਰਸ਼ਨ ਕੀਤਾ ਸੀ ਉਨ੍ਹਾਂ ਮੁੱਦਿਆਂ ਦੇ ਨਾਲ-ਨਾਲ ਲੋਕਾਂ ਦੀਆਂ ਮੰਗਾਂ ਨੂੰ ਧਿਆਨ ਵਿਚ ਰੱਖ ਕੇ ਚੋਣ  ਯੋਜਨਾ ਤਿਆਰ ਕੀਤੀ ਜਾਵੇ। ਲੋਕਾਂ ਨੂੰ ਸਸਤੀ ਬਿਜਲੀ, ਨੌਕਰੀਆਂ ਆਦਿ ਦੇਣ ਦਾ ਭਰੋਸਾ ਦਿੱਤਾ ਜਾਵੇ ਪਰ ਜੇਕਰ ਪਾਰਟੀ ਦੇ ਜਾਣਕਾਰਾਂ ਦੀ ਮੰਨੀਏ ਤਾਂ ਪਾਰਟੀ ਲਈ ਪੰਜਾਬ ਵਿਚ ਪੈਰ ਜਮਾਉਣਾ ਆਸਾਨ ਨਹੀਂ ਹੋਵੇਗਾ। ਪਾਰਟੀ ਪੰਜਾਬ ਦੇ ਨਾਰਾਜ਼ ਆਗੂਆਂ ਜਿਵੇਂ ਛੋਟੇਪੁਰ, ਸੁਖਪਾਲ ਖਹਿਰਾ ਅਤੇ ਉਨ੍ਹਾਂ ਨਾਲ ਚੱਲ ਰਹੇ ਅੱਧਾ ਦਰਜਨ ਦੇ ਕਰੀਬ ਵਿਧਾਇਕਾਂ ਆਦਿ ਨੂੰ ਮਨਾਉਣ ਵਿਚ ਕਾਮਯਾਬ ਹੁੰਦੀ ਨਹੀਂ ਦਿਖਾਈ ਦੇ ਰਹੀ।

ਬੀਤੇ ਦਿਨੀਂ ਪਾਰਟੀ ਤੋਂ ਅਸਤੀਫਾ ਦੇ ਕੇ ਬਾਹਰ ਹੋਏ ਐੱਚ. ਐੱਸ. ਫੂਲਕਾ ਨੇ ਵੀ ਪਾਰਟੀ ਪ੍ਰਤੀ ਨਾਰਾਜ਼ਗੀ ਜ਼ਾਹਰ  ਕਰਦੇ ਹੋਏ 'ਆਪ' ਦੇ ਗਠਨ 'ਤੇ ਸਵਾਲ ਉਠਾਏ ਸਨ। ਇਸ ਤੋਂ ਲੱਗਦਾ ਹੈ ਕਿ ਪਾਰਟੀ ਪੰਜਾਬ ਵਿਚ ਲੋਕ ਸਭਾ ਚੋਣਾਂ ਵਿਚ ਪਿਛਲੀ ਵਾਰ ਵਰਗਾ ਜਾਦੂ ਨਹੀਂ ਦਿਖਾ ਸਕੇਗੀ ਪਰ ਫਿਰ ਵੀ ਪਾਰਟੀ ਪੰਜਾਬ ਦੇ ਆਗੂਆਂ ਨਾਲ ਵਾਰ-ਵਾਰ ਬੈਠਕਾਂ ਕਰ ਕੇ ਇਸ ਕੋਸ਼ਿਸ਼ ਵਿਚ ਲੱਗੀ ਹੈ ਕਿ ਕਿਸ ਤਰ੍ਹਾਂ ਪੰਜਾਬ ਵਿਚ ਪੈਰ ਜਮਾਏ ਜਾ ਸਕਣ ਪਰ ਇਸ ਕੋਸ਼ਿਸ਼ ਵਿਚ ਕਾਂਗਰਸ ਨਾਲ ਹੱਥ ਮਿਲਾ  ਕੇ ਚੱਲਣ ਬਾਰੇ ਪਾਰਟੀ ਕੀ ਫੈਸਲਾ ਲੈਂਦੀ ਹੈ ਉਹ ਆਉਣ ਵਾਲੇ ਦਿਨਾਂ ਵਿਚ ਹੀ ਪਤਾ ਲੱਗ ਸਕੇਗਾ।


cherry

Content Editor

Related News