ਮੁੱਖ ਮੰਤਰੀ ਤੇ ਸੀਨੀਅਰ ਆਗੂਆਂ ਦੇ ਨਾ ਆਉਣ ''ਤੇ ਕਾਂਗਰਸੀ ਨਿਰਾਸ਼

Sunday, Jul 29, 2018 - 05:16 AM (IST)

ਮੁੱਖ ਮੰਤਰੀ ਤੇ ਸੀਨੀਅਰ ਆਗੂਆਂ ਦੇ ਨਾ ਆਉਣ ''ਤੇ ਕਾਂਗਰਸੀ ਨਿਰਾਸ਼

ਨਾਭਾ(ਭੁਪਿੰਦਰ ਭੂਪਾ)-ਪੰਜਾਬ ਸਰਕਾਰ ਵੱਲੋਂ ਨਾਭਾ ਵਿਖੇ ਮਨਾਇਆ ਗਿਆ 69ਵੇਂ ਵਣ-ਮਹਾਉਤਸਵ ਸਬੰਧੀ ਸੂਬਾ ਪੱਧਰੀ ਸਮਾਰੋਹ ਉਸ ਸਮੇਂ ਚਰਚਾ ਵਿਚ ਆ ਗਿਆ ਜਦੋਂ ਮੁੱਖ ਮੰਤਰੀ ਸਮੇਤ ਕਈ ਹੋਰ ਮੰਤਰੀਆਂ ਨੇ ਸਮਾਰੋਹ ਵਿਚ ਹਾਜ਼ਰੀ ਨਾ ਲਵਾਈ। ਜ਼ਿਕਰਯੋਗ ਹੈ ਕਿ ਰਿਜ਼ਰਵ ਹਲਕਾ ਨਾਭਾ ਵਿਖੇ ਸੂਬਾ ਪੱਧਰੀ ਸਮਾਰੋਹ ਰੱਖਣ ਨਾਲ ਇਲਾਕਾ ਵਾਸੀਆਂ ਅਤੇ ਕਾਂਗਰਸੀਆਂ ਵਿਚ ਆਸ਼ਾ ਦੀ ਕਿਰਨ ਜਾਗੀ ਸੀ ਕਿ ਮੁੱਖ ਮੰਤਰੀ ਦੀ ਆਮਦ 'ਤੇ ਪਿਛਲੇ ਦਸ ਸਾਲਾਂ ਤੋਂ ਵਿਕਾਸ ਲਈ ਤਰਸਦੇ ਰਿਜ਼ਰਵ ਹਲਕੇ ਨੂੰ ਕੁੱਝ ਮਿਲੇਗਾ ਪਰ ਅਜਿਹਾ ਹੋ ਨਾ ਸਕਿਆ। ਧਿਆਨਯੋਗ ਹੈ ਕਿ ਪ੍ਰਸ਼ਾਸਨਿਕ ਪੱਧਰ 'ਤੇ ਜਾਰੀ ਕੀਤੀ ਵੀ. ਆਈ. ਪੀਜ਼ ਦੀ ਲਿਸਟ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ, ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ, ਰਜ਼ੀਆ ਸੁਲਤਾਨਾ, ਲਾਲ ਸਿੰਘ ਕੈਬਨਿਟ ਰੈਂਕ ਸਮੇਤ ਅੱਧੀ ਦਰਜਨ ਇੰਕਾ ਵਿਧਾਇਕਾਂ ਅਤੇ ਹਲਕੇ ਦੇ ਟਕਸਾਲੀ ਕਾਂਗਰਸੀਆਂ ਨੇ ਸਮਾਰੋਹ ਤੋਂ ਦੂਰੀ ਬਣਾਈ ਰੱਖੀ। ਸਮਾਰੋਹ ਦੇ ਅੰਤ ਵਿਚ ਜੰਗਲਾਤ ਵਿਭਾਗ ਵੱਲੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਵੱਲੋਂ ਨਿਭਾਈ ਵਧੀਆ ਕਾਰਗੁਜ਼ਾਰੀ ਲਈ ਸਨਮਾਨਤ ਕੀਤਾ ਜਾ ਰਿਹਾ ਸੀ ਜਦਕਿ ਇਸੇ ਮੌਕੇ ਸੀਨੀਅਰ ਕਾਂਗਰਸੀ ਅਤੇ ਕੌਂਸਲਰ ਸਮਾਰੋਹ ਤੋਂ ਖਿਸਕਦੇ ਰਹੇ। ਸਮਾਰੋਹ ਵਿਚ ਮੁੱਖ ਮੰਤਰੀ ਦੀ ਆਮਦ ਨਾ ਹੋਣ ਦੇ ਕਾਰਨ ਸੰਬੰਧੀ ਸਟੇਜ ਤੋਂ ਕੈਬਨਿਟ ਮੰਤਰੀ ਧਰਮਸੌਤ ਨੇ ਮੌਸਮ ਖਰਾਬ ਹੋਣ 'ਤੇ ਹੈਲੀਕਾਪਟਰ ਦੀ ਉਡਾਨ ਨਾ ਭਰੇ ਜਾਣ ਦਾ ਸਪੱਸ਼ਟੀਕਰਨ ਦਿੱਤਾ ਜਦਕਿ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ, ਬਾਕੀ ਮੰਤਰੀਆਂ ਤੇ ਵਿਧਾਇਕਾਂ ਦੀ ਗੈਰ-ਹਾਜ਼ਰੀ ਚਰਚਾ ਦਾ ਵਿਸ਼ਾ ਬਣ ਗਈ, ਜਿਸ ਨਾਲ ਹਲਕਾ ਵਾਸੀਆਂ ਤੇ ਕਾਂਗਰਸੀਆਂ ਵਿਚਕਾਰ ਨਿਰਾਸ਼ਾ ਦੀ ਲਹਿਰ ਦੌੜ ਗਈ ਹੈ। ਸਮਾਰੋਹ ਦੌਰਾਨ ਵਰਤੀਆਂ ਗਈਆਂ ਕਈ ਉਣਤਾਈਆਂ ਸਾਹਮਣੇ ਆਈਆਂ, ਜਿੱਥੇ ਆਮ ਇਨਸਾਨ ਨੂੰ ਦੋ ਵਕਤ ਦੀ ਰੋਟੀ ਬਹੁਤ ਮੁਸ਼ਕਿਲ ਨਾਲ ਮਿਲਦੀ ਹੈ ਉਥੇ ਹੀ ਸਰਕਾਰੀ ਸਮਾਰੋਹਾਂ ਵਿਚ ਵੱਧਦੀ ਲੰਗਰਾਂ ਦੀ ਦੁਰਦਸ਼ਾ ਸਵਾਲੀਆ ਨਿਸ਼ਾਨ ਬਣ ਗਏ ਹਨ। ਇਸੇ ਕ੍ਰਮ ਅਨੁਸਾਰ ਅੱਜ ਰਿਜਰਵ ਹਲਕਾ ਨਾਭਾ ਵਿਖੇ ਮਨਾਏ ਵਣ ਮਹਾਉਤਸਵ ਸਮਾਰੋਹ ਦੌਰਾਨ ਵੰਡੇ ਬੂਟੇ ਤੇ ਜਨਤਾ ਲਈ ਬਣਾਇਆ ਲੰਗਰ ਸਮਾਰੋਹ ਤੋਂ ਬਾਅਦ ਰੁਲਦੇ ਨਜ਼ਰ ਆਏ। ਸਮਾਰੋਹ ਸਮਾਪਤ ਹੋਣ ਸਾਰ ਕਿਸੇ ਨੇ ਕਾਂਗਰਸੀ ਆਗੂ ਨੇ ਪੰਡਾਲ ਦੀ ਸਾਰ ਲੈਣ ਦੀ ਜ਼ਿਮੇਵਾਰੀ ਨਹੀਂ ਚੁੱਕੀ, ਜਿਸ ਕਾਰਨ ਮੌਕੇ 'ਤੇ ਫੈਲੀ ਗੰਦਗੀ ਦੇ ਦ੍ਰਿਸ਼ ਤੇ ਲੰਗਰ ਦੀ ਬੇਅਦਬੀ ਨੇ ਬੀਤੇ ਦਿਨੀਂ ਪ੍ਰਧਾਨ ਮੰਤਰੀ ਦੀ ਮਲੋਟ ਵਿਚ ਹੋਈ ਰੈਲੀ ਦੀ ਯਾਦ ਦਿਵਾ ਦਿੱਤੀ।ਇਹੀ ਨਹੀਂ ਬਲਕਿ ਮਨਾਏ ਗਏ ਸੂਬਾ ਪੱਧਰੀ ਵਣ ਮਹਾਉਤਸਵ ਮੌਕੇ ਸ਼ੁੱਧ ਵਾਤਾਵਰਣ ਦੇ ਨਾਮ 'ਤੇ ਵੰਡੇ ਬੂਟਿਆਂ ਨੂੰ ਲੋਕ ਸਮਾਰੋਹ ਵਾਲੀ ਥਾਂ 'ਤੇ ਹੀ ਸੁੱਟ ਗਏ ਤੇ ਲੰਗਰ ਦੀਆਂ ਰੋਟੀਆਂ, ਸ਼ਬਜ਼ੀਆਂ ਅਤੇ ਪੀਣ ਵਾਲੇ ਪਾਣੀ ਦੇ ਪਲਾਸਟਿਕ ਦੇ ਗਲਾਸ ਥਾਂ-ਥਾਂ ਖਿੱਲਰੇ ਪਏ ਰਹੇ। ਕਾਂਗਰਸੀ ਸਮਾਗਮ ਛੱਡ ਕੇ ਆਏ ਬਾਹਰ-ਨਾਭਾ (ਪੁਰੀ)-ਨਾਭਾ ਵਿਖੇ ਅੱਜ ਪੰਜਾਬ ਸਰਕਾਰ ਵੱਲੋਂ ਦਾਣਾ ਮੰਡੀ ਵਿਖੇ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਸਹਿਯੋਗ ਨਾਲ 69ਵਾਂ ਵਣ ਮਹਾਉਤਸਵ ਮਨਾਇਆ ਗਿਆ, ਜਿਸ ਵਿਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਬਤੌਰ ਮੁੱਖ ਮਹਿਮਾਨ ਪੁੱਜਣਾ ਸੀ ਪਰ ਐਨ ਮੌਕੇ 'ਤੇ ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਦੇ ਨਾ ਪਹੁੰਚਣ ਕਰ ਕੇ ਕਾਂਗਰਸੀਆਂ ਵਿਚ ਨਿਰਾਸ਼ਾ ਫੈਲ ਗਈ ਅਤੇ ਕੁਝ ਹੀ ਮਿੰਟਾਂ ਵਿਚ ਲੋਕ ਪੰਡਾਲ ਤੋਂ ਬਾਹਰ ਆਉਣੇ ਸ਼ੁਰੂ ਹੋ ਗਏ।
ਐੱਮ. ਸੀ. ਤੇ ਹੋਰ ਮੋਹਤਬਰ ਵਿਅਕਤੀ ਨਹੀਂ ਹੋਣ ਦਿੱਤੇ ਦਾਖਲ, ਹੋਈ ਬਿਹਸਬਾਜ਼ੀ
ਨਾਭਾ ਦੀ ਅਨਾਜ ਮੰਡੀ ਵਿਚ ਜਿਸ ਸਥਾਨ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹੁੰਚਣਾ ਸੀ ਉਸ ਸਟੇਜ ਦੇ ਨਜ਼ਦੀਕ ਹੀ ਪ੍ਰਸ਼ਾਸਨ ਵੱਲੋਂ ਮੋਹਤਬਰ ਤੇ ਪਤਵੰਤੇ ਸੱਜਣਾਂ ਲਈ ਵੱਖਰੀ ਸਟੇਜ ਤਿਆਰ ਕੀਤੀ ਗਈ ਸੀ, ਜਿਸ ਲਈ ਐਂਟਰੀ ਵੀ ਵੱਖਰੀ ਸੀ ਪਰ ਜਦੋਂ ਸਮਾਗਮ ਵਿਚ ਸ਼ਾਮਲ ਹੋਣ ਲਈ ਕੁਝ ਐੱਮ. ਸੀ. ਤੇ ਮੋਹਤਬਰ ਵਿਅਕਤੀ ਪਹੁੰਚੇ ਤਾਂ ਡਿਊਟੀ 'ਤੇ ਤਾਇਨਾਤ ਪੁਲਸ ਦੀ ਟੀਮ ਨੇ ਐੱਮ. ਸੀ. ਤੇ ਪਤਵੰਤੇ ਲੋਕਾਂ ਨੂੰ ਅੰਦਰ ਨਹੀਂ ਜਾਣ ਦਿੱਤਾ। ਕਾਫੀ ਸਮਾਂ ਐੱਮ. ਸੀ. ਐਂਟਰੀ ਪੁਆਇੰਟ 'ਤੇ ਖੜ੍ਹੇ ਰਹੇ ਅਤੇ ਬਾਅਦ ਵਿਚ ਕੈਬਨਿਟ ਮੰਤਰੀ ਧਰਮਸੌਤ ਦੇ ਪੀ. ਏ. ਚਰਨਜੀਤ ਬਾਤਿਸ਼ ਆਏ ਅਤੇ ਫਿਰ ਐੱਮ. ਸੀਜ਼ ਨੂੰ ਅੰਦਰ ਜਾਣ ਦਿੱਤਾ ਗਿਆ। ਇਸ ਤੋਂ ਇਲਾਵਾ ਕਾਫੀ ਗਿਣਤੀ ਵਿਚ ਪਤਵੰਤੇ ਲੋਕ ਪੁਲਸ ਨਾਲ ਬਹਿਸ ਕਰਦੇ ਨਜ਼ਰ ਆਏ।


Related News