ਨਗਰ ਨਿਗਮ ਚੋਣ : ਚੋਣਵੇਂ ਕਾਂਗਰਸੀਆਂ ਨੂੰ ਛੱਡ ਕੇ ਨਵੀਂ ਵਾਰਡਬੰਦੀ ਤੋਂ ਜ਼ਿਆਦਾਤਰ ਲੋਕ ਨਾਖੁਸ਼
Wednesday, Dec 27, 2017 - 05:42 AM (IST)
ਲੁਧਿਆਣਾ(ਹਿਤੇਸ਼)-ਨਗਰ ਨਿਗਮ ਚੋਣ ਕਰਵਾਉਣ ਲਈ ਜਾਰੀ ਕੀਤੀ ਗਈ ਵਾਰਡਬੰਦੀ ਸ਼ਾਇਦ ਕੁੱਝ ਚੁਨਿੰਦਾ ਕਾਂਗਰਸੀਆਂ ਨੂੰ ਹੀ ਫਿੱਟ ਬੈਠਦੀ ਹੈ, ਜਦਕਿ ਜ਼ਿਆਦਾਤਰ ਲੋਕ ਵਾਰਡਬੰਦੀ ਦੇ ਤਰੀਕੇ ਤੋਂ ਨਾਖੁਸ਼ ਨਜ਼ਰ ਆ ਰਹੇ ਹਨ। ਇਸ ਤਰ੍ਹਾਂ ਕਹਿਣਾ ਇਸ ਲਈ ਗਲਤ ਨਹੀਂ ਹੋਵੇਗਾ ਕਿਉਂਕਿ ਵੱਡੀ ਗਿਣਤੀ 'ਚ ਜਨਰਲ ਪਬਲਿਕ, ਸੰਸਥਾਵਾਂ ਅਤੇ ਵਿਰੋਧੀ ਪਾਰਟੀਆਂ ਤੋਂ ਇਲਾਵਾ ਕੁੱਝ ਕਾਂਗਰਸੀ ਵੀ ਇਤਰਾਜ਼ ਦੇਣ ਲਈ ਅੱਗੇ ਆ ਰਹੇ ਹਨ, ਜਿਸ ਕਾਰਨ ਨਗਰ ਨਿਗਮ ਕੋਲ ਵਾਰਡਬੰਦੀ ਦੇ ਡਰਾਫਟ ਨੋਟੀਫਿਕੇਸ਼ਨ 'ਤੇ ਇਤਰਾਜ਼ਾਂ ਦਾ ਅੰਬਾਰ ਲੱਗ ਗਿਆ ਹੈ, ਜਿਸ ਤਹਿਤ ਪੰਜਵੇਂ ਦਿਨ ਨਗਰ ਨਿਗਮ ਨੂੰ ਪ੍ਰਾਪਤ ਹੋਣ ਵਾਲੇ ਇਤਰਾਜ਼ਾਂ ਦਾ ਅੰਕੜਾ 80 ਨੂੰ ਪਾਰ ਕਰ ਗਿਆ ਹੈ, ਜਦਕਿ ਇਤਰਾਜ਼ ਦਾਖਲ ਕਰਨ ਲਈ ਦੋ ਦਿਨ ਬਾਕੀ ਬਚੇ ਹਨ।
ਰਿਜ਼ਰਵੇਸ਼ਨ ਦੇ ਨਿਯਮਾਂ ਦੀ ਪਾਲਣਾ ਨਾ ਹੋਣ ਬਾਰੇ ਮੁੱਦਾ ਗਰਮਾਇਆ
ਜੇਕਰ ਹੁਣ ਤੱਕ ਆਏ ਇਤਰਾਜ਼ਾਂ 'ਤੇ ਨਜ਼ਰ ਦੌੜਾਈ ਜਾਵੇ ਤਾਂ ਸਭ ਤੋਂ ਜ਼ਿਆਦਾ ਗਿਣਤੀ 'ਚ ਲੋਕਾਂ ਵਲੋਂ ਵਾਰਡਾਂ ਦੀ ਰਿਜ਼ਰਵੇਸ਼ਨ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਗਏ ਹਨ, ਜਿਨ੍ਹਾਂ 'ਚ ਲੋਕਾਂ ਜਾਂ ਸੰਸਥਾਵਾਂ ਨੇ ਦਲਿਤ ਵਰਗ ਦੀ ਆਬਾਦੀ ਦੇ ਮੁਕਾਬਲੇ ਐੱਸ. ਸੀ. ਅਤੇ ਬੀ. ਸੀ. ਵਾਰਡਾਂ ਦੀ ਗਿਣਤੀ ਘੱਟ ਹੋਣ ਦਾ ਮੁੱਦਾ ਉਠਾਇਆ ਹੈ, ਜਿਸ ਨੂੰ ਲੈ ਕੇ ਸੌਂਪੇ ਜਾ ਰਹੇ ਇਤਰਾਜ਼ਾਂ 'ਚ ਆਬਾਦੀ ਦੇ ਹਿਸਾਬ ਨਾਲ ਐੱਸ. ਸੀ. ਵਾਰਡਾਂ ਦੀ ਗਿਣਤੀ 14 ਤੋਂ ਵਧਾਉਣ ਦੀ ਮੰਗ ਕੀਤੀ ਗਈ ਹੈ। ਇਸ ਦੌਰਾਨ ਬਸਪਾ ਵਲੋਂ ਜ਼ਿਲਾ ਪ੍ਰਧਾਨ ਨੇ ਡੀ. ਸੀ. ਆਫਿਸ 'ਚ ਮੰਗ ਪੱਤਰ ਦੇ ਕੇ ਆਬਾਦੀ ਦੇ ਮੱਦੇਨਜ਼ਰ 25 ਫੀਸਦੀ ਵਾਰਡਾਂ ਨੂੰ ਐੱਸ. ਸੀ. ਰਿਜ਼ਰਵ ਕਰਨ ਦੀ ਮੰਗ ਕੀਤੀ ਹੈ।
ਪਾਂਡੇ ਨੇ ਨਿਗਮ ਤੱਕ ਪਹੁੰਚਾਇਆ ਵਾਰਡ ਨੰ. 84 ਦੇ ਵਾਸੀਆਂ ਦਾ ਇਤਰਾਜ਼
ਸ਼ਹਿਰ ਦੀ ਰਾਜਨੀਤੀ 'ਚ ਇਸ ਸਮੇਂ ਇਕ ਮੁੱਦਾ ਪੁਰਾਣੇ ਵਾਰਡ ਨੰ. 32 ਅਤੇ ਨਵੇਂ ਵਾਰਡ 84 ਨੂੰ ਐੱਸ. ਸੀ. ਕੈਟਾਗਰੀ ਲਈ ਰਿਜ਼ਰਵ ਕਰਨ ਦਾ ਗਰਮਾਇਆ ਹੋਇਆ ਹੈ, ਜਿਸ ਮੰਗ ਨੂੰ ਲੈ ਕੇ ਇਲਾਕੇ ਦੇ ਲੋਕਾਂ ਨੇ ਬੀਤੇ ਦਿਨੀਂ ਹਲਕਾ ਪੂਰਬੀ ਦੇ ਵਿਧਾਇਕ ਰਾਕੇਸ਼ ਪਾਂਡੇ ਦੇ ਆਫਿਸ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਸੀ, ਜੋ ਆਬਾਦੀ ਦੇ ਹਿਸਾਬ ਨਾਲ ਵਾਰਡ ਰਿਜ਼ਰਵ ਕਰਨ ਦੀ ਮੰਗ ਕਰ ਰਹੇ ਹਨ। ਉਨ੍ਹਾਂ ਲੋਕਾਂ ਦੇ ਇਤਰਾਜ਼ ਨੂੰ ਪਾਂਡੇ ਨੇ ਆਪਣੀ ਸਿਫਾਰਿਸ਼ ਨਾਲ ਨਗਰ ਨਿਗਮ ਦੇ ਕੋਲ ਪਹੁੰਚਾ ਦਿੱਤਾ ਹੈ।
ਲੇਡੀਜ਼ ਰਿਜ਼ਰਵ ਬਣਾਉਣ ਲਈ ਵਾਰਡਾਂ ਦੀ ਨੰਬਰਿੰਗ ਕਰਨ 'ਚ ਵੀ ਹੋਇਆ ਖੇਲ
ਨਗਰ ਨਿਗਮ ਚੋਣਾਂ ਲਈ ਕੀਤੀ ਗਈ ਨਵੀਂ ਵਾਰਡਬੰਦੀ ਕਾਰਨ ਵਿਰੋਧੀ ਪਾਰਟੀਆਂ ਪਹਿਲੇ ਹੀ ਦਿਨ ਤੋਂ ਕਾਂਗਰਸ 'ਤੇ ਨਿਯਮਾਂ ਦੀ ਉਲੰਘਣਾ ਦਾ ਦੋਸ਼ ਲਾ ਰਹੀਆਂ ਹਨ, ਜਿਸ 'ਚ ਮਨਮਰਜ਼ੀ ਨਾਲ ਵਾਰਡਾਂ ਦੀ ਬਾਊਂਡਰੀ ਤੈਅ ਕਰ ਕੇ ਉਸ 'ਚ ਆਬਾਦੀ ਦਾ ਬਟਵਾਰਾ ਕਰਨ ਦਾ ਮੁੱਦਾ ਬਣਾਇਆ ਗਿਆ ਸੀ ਪਰ ਕਾਂਗਰਸ ਨੇਤਾ ਰਾਜੀਵ ਗੁਗਲਾਨੀ ਦੇ ਪਿਤਾ ਕੇਵਲ ਕ੍ਰਿਸ਼ਨ ਵਲੋਂ ਦਿੱਤੇ ਇਤਰਾਜ਼ ਨਾਲ ਨਵਾਂ ਪਹਿਲੂ ਸਾਹਮਣੇ ਆਇਆ ਹੈ ਕਿ ਲੇਡੀਜ਼ ਰਿਜ਼ਰਵ ਬਣਾਉਣ ਲਈ ਵਾਰਡਾਂ ਦੀ ਨੰਬਰਿੰਗ ਕਰਨ 'ਚ ਵੀ ਗੜਬੜ ਹੋਈ ਹੈ, ਜਿਸ ਕਾਰਨ ਉਨ੍ਹਾਂ ਨੇ ਕਿਹਾ ਕਿ ਪੁਰਾਣੇ ਵਾਰਡ ਨੰ. 27 ਨੂੰ ਕੱਟ ਕੇ ਦੋ ਨਵੇਂ ਵਾਰਡਾਂ 'ਚ ਵੰਡਿਆ ਗਿਆ ਹੈ, ਜੋ ਦੋਵੇਂ ਹਿੱਸੇ ਨਾਲ-ਨਾਲ ਲੱਗਦੇ ਹਨ ਪਰ ਉਨ੍ਹਾਂ ਦੋਵੇਂ ਵਾਰਡਾਂ ਨੂੰ ਲੇਡੀਜ਼ ਰਿਜ਼ਰਵ ਕਰ ਦਿੱਤਾ ਗਿਆ ਹੈ, ਜਿਸ ਫੈਸਲੇ ਨੂੰ ਪੁਖਤਾ ਬਣਾਉਣ ਲਈ ਨੰਬਰਿੰਗ ਕਰਦੇ ਸਮੇਂ ਇਕ ਵਾਰਡ ਨੂੰ 73 ਅਤੇ ਦੂਜੇ ਨੂੰ 93 ਨੰਬਰ ਬਣਾ ਦਿੱਤਾ ਗਿਆ ਹੈ, ਜਦਕਿ ਜੇਕਰ ਨਾਲ-ਨਾਲ ਲੱਗਦੇ ਵਾਰਡਾਂ ਦੀ ਨੰਬਰਿੰਗ ਕੀਤੀ ਜਾਵੇ ਤਾਂ ਇਕ ਵਾਰਡ ਲੇਡੀਜ਼ ਅਤੇ ਇਕ ਵਾਰਡ ਪੁਰਸ਼ਾਂ ਲਈ ਰਿਜ਼ਰਵ ਹੋਣਾ ਚਾਹੀਦਾ ਹੈ, ਜਿਸ ਨੂੰ ਲੈ ਕੇ ਨਿਯਮਾਂ ਮੁਤਾਬਕ ਸੁਧਾਰ ਕਰਨ ਦੀ ਮੰਗ ਕੀਤੀ ਗਈ ਹੈ।
ਭਾਜਪਾ ਨੇ ਚੁੱਕਿਆ ਇਲਾਕੇ ਦਾ ਵਿਧਾਨ ਸਭਾ ਹਲਕਾ ਬਦਲਣ ਦਾ ਸਵਾਲ
ਨਵੀਂ ਵਾਰਡਬੰਦੀ ਤਹਿਤ ਵਾਰਡਾਂ ਦੀ ਬਾਊਂਡਰੀ ਤੈਅ ਕਰਨ ਦੀ ਪ੍ਰਕਿਰਿਆ 'ਚ ਤਕਨੀਕੀ ਖਾਮੀਆਂ ਸਾਹਮਣੇ ਆਉਣ ਲੱਗੀਆਂ ਹਨ, ਜਿਸ ਤਹਿਤ ਭਾਜਪਾ ਨੇ ਰੂਪਾ ਮਿਸਤਰੀ ਗਲੀ ਦਾ ਵਿਧਾਨ ਸਭਾ ਹਲਕਾ ਬਦਲਣ 'ਤੇ ਸਵਾਲ ਚੁੱਕਿਆ ਹੈ। ਸਾਬਕਾ ਕੌਂਸਲਰ ਪਰਮਿੰਦਰ ਮਹਿਤਾ ਨੇ ਕਿਹਾ ਕਿ ਇਹ ਇਲਾਕਾ ਪਹਿਲਾਂ ਸੈਂਟਰਲ ਵਿਧਾਨ ਸਭਾ ਹਲਕਾ 'ਚ ਪੈਂਦਾ ਸੀ ਪਰ ਹੁਣ ਨਵੀਂ ਵਾਰਡਬੰਦੀ 'ਚ ਉਤਰੀ ਹਲਕਾ 'ਚ ਦਿਖਾਇਆ ਗਿਆ ਹੈ, ਜਦਕਿ ਵਾਰਡਬੰਦੀ 'ਚ ਕਿਸੇ ਇਲਾਕੇ ਦਾ ਹਲਕਾ ਬਦਲਿਆ ਨਹੀਂ ਜਾ ਸਕਦਾ।
ਨਾ ਮੁਹੱਲਿਆਂ ਦਾ ਪਤਾ ਨਾ ਮਿਲ ਰਿਹਾ ਵਾਰਡ ਵਾਈਜ਼ ਨਕਸ਼ਾ
ਨਗਰ ਨਿਗਮ ਨੇ ਜ਼ੋਨ-ਡੀ. ਆਫਿਸ 'ਚ ਜੋ ਵਾਰਡਬੰਦੀ ਦਾ ਨੋਟੀਫਿਕੇਸ਼ਨ ਡਿਸਪਲੇਅ ਕੀਤਾ ਹੈ, ਉਸ 'ਚ ਨਵੇਂ ਵਾਰਡਾਂ ਦੀ ਬਾਊਂਡਰੀ ਤਾਂ ਦੱਸੀ ਗਈ ਹੈ ਪਰ ਉਸ ਵਾਰਡ 'ਚ ਸ਼ਾਮਲ ਮੁਹੱਲਿਆਂ ਦਾ ਕੋਈ ਜ਼ਿਕਰ ਨਹੀਂ ਹੈ। ਇਸ ਦੇ ਲਈ ਨਕਸ਼ਾ ਦੇਖਣ ਲਈ ਕਿਹਾ ਜਾ ਰਿਹਾ ਹੈ, ਜਦਕਿ ਨਕਸ਼ੇ ਦਾ ਸਾਈਜ਼ ਕਾਫੀ ਵੱਡਾ ਹੋਣ ਕਾਰਨ ਕੁੱਝ ਪਤਾ ਨਹੀਂ ਲੱਗ ਰਿਹਾ, ਜਿਸ ਨੂੰ ਲੈ ਕੇ ਸਾਬਕਾ ਕੌਂਸਲਰ ਅਤੇ ਚੋਣ ਲੜਨ ਦੇ ਚਾਹਵਾਨ ਨੇਤਾ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਹਨ, ਜਿਨ੍ਹਾਂ ਵਲੋਂ ਵਾਰਡ ਵਾਈਜ਼ ਨਕਸ਼ਾ ਮੁਹੱਈਆ ਕਰਵਾਉਣ ਦੀ ਮੰਗ ਉਠ ਰਹੀ ਹੈ, ਜਿਸ ਨੂੰ ਪੂਰੀ ਕਰਨ ਨੂੰ ਨਗਰ ਨਿਗਮ ਅਫਸਰਾਂ ਹੱਥ ਖੜ੍ਹੇ ਕਰ ਦਿੱਤੇ ਹਨ। ਬਲਕਿ ਜ਼ੋਨ-ਡੀ ਦੀ ਦੂਜੀ ਮੰਜ਼ਿਲ ਤੋਂ ਹੇਠਾਂ ਲਟਕਾਏ ਨਕਸ਼ੇ ਦੇ ਨਾਲ ਕੋਈ ਛੇੜਛਾੜ ਨਾ ਕਰੇ, ਇਸ ਲਈ ਬੈਰੀਕੇਡਿੰਗ ਕਰ ਕੇ ਸੁਰੱਖਿਆ ਵਧਾ ਦਿੱਤੀ ਗਈ ਹੈ।
