ਬਾਦਲਾਂ ਦੇ ਸੱਤਾ 'ਚੋਂ ਦੂਰ ਹੁੰਦਿਆਂ ਸਾਰ ਹੀ ਸਰਬਪੱਖੀ ਵਿਕਾਸ ਨੂੰ ਲੱਗੀਆਂ ਬ੍ਰੇਕਾਂ
Friday, Nov 10, 2017 - 03:15 AM (IST)
ਮਾਨਸਾ(ਜੱਸਲ)-ਅਕਾਲੀ ਭਾਜਪਾ ਦੇ ਰਾਜ 'ਚ ਮਾਨਸਾ ਸ਼ਹਿਰ ਅੰਦਰ ਬਣੀਆਂ ਸੜਕਾਂ ਬਾਦਲਾਂ ਦੇ ਸੱਤਾ ਤੋਂ ਦੂਰ ਹੁੰਦਿਆਂ ਸਾਰ ਹੀ ਟੁੱਟ ਕੇ ਚਕਨਾਚੂਰ ਹੋਣ ਲੱਗੀਆਂ ਹਨ। ਕਈ ਸੜਕਾਂ ਟੁੱਟ ਕੇ ਖਿੱਲਰ ਗਈਆਂ ਹਨ। ਕਈਆਂ 'ਤੇ ਵੱਡੇ-ਵੱਡੇ ਖੱਡੇ ਪੈ ਚੁੱਕੇ ਹਨ ਅਤੇ ਬਹੁਤੀਆਂ ਸੜਕਾਂ 'ਤੇ ਕਈ ਵਾਰ ਮਹਿਕਮੇ ਨੇ ਟਾਕੀਆਂ ਲਾ ਕੇ ਬੁੱਤਾ ਸਾਰਿਆ ਹੈ ਕਿਉਂਕਿ ਕਾਂਗਰਸ ਪਾਰਟੀ ਦੀ ਕੈਪਟਨ ਸਰਕਾਰ ਨੇ ਸੱਤਾ 'ਚ ਆਉਂਦਿਆਂ ਸਾਰ ਹੀ ਆਪਣੇ ਚੋਣ ਮਨੋਰਥ ਪੱਤਰ 'ਚ ਕੀਤੇ ਸਾਰੇ ਵਾਅਦਿਆਂ 'ਤੇ ਪੋਚਾ ਮਾਰ ਕੇ ਪੰਜਾਬ ਦੇ ਸਰਬਪੱਖੀ ਵਿਕਾਸ ਨੂੰ ਬ੍ਰੇਕਾਂ ਲਾ ਰੱਖੀਆਂ ਹਨ। ਇਸ ਵੇਲੇ ਸਾਰੀਆਂ ਸੜਕਾਂ ਦਾ ਨਵੀਨੀਕਰਨ ਹੋਣਾ ਚਾਹੀਦਾ ਹੈ ਪਰ ਪੰਜਾਬ ਅੰਦਰ ਕਾਂਗਰਸ ਸਰਕਾਰ ਬਣਿਆਂ ਪੌਣਾ ਸਾਲ ਟੱਪਣ ਵਾਲਾ ਹੈ। ਕਿਸੇ ਵੀ ਕੱਦਾਵਰ ਕਾਂਗਰਸੀ ਮੰਤਰੀ ਨੂੰ ਮਾਨਸਾ ਜ਼ਿਲੇ 'ਚ ਆਪਣੀ ਸ਼ਕਲ ਦਿਖਾਉਣ ਦਾ ਮੌਕਾ ਨਹੀਂ ਮਿਲਿਆ, ਸਿਰਫ ਇਕ ਵਾਰ ਨਰਮੇ ਦੀ ਫਸਲ 'ਤੇ ਚਿੱਟੀ ਮੱਖੀ ਦੇ ਹਮਲੇ ਦਾ ਜਾਇਜ਼ਾ ਲੈਣ ਲਈ 2 ਪਿੰਡਾਂ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਾਨਸਾ ਜ਼ਿਲੇ ਦਾ ਹਵਾਈ ਦੌਰਾ ਕਰਨ ਦਾ ਮੌਕਾ ਮਿਲਿਆ, ਜਿਸ ਸਦਕਾ ਇਸ ਜ਼ਿਲੇ ਦੀਆਂ ਸੜਕਾਂ 'ਤੇ ਉਨ੍ਹਾਂ ਦੀ ਸਵੱਲੀ ਨਜ਼ਰ ਨਹੀਂ ਪਈ। ਮਾਨਸਾ ਸ਼ਹਿਰ ਦੇ ਲੋਕ ਹੁਣ ਅਕਾਲੀਆਂ ਦੇ ਸਰਬਖੱਖੀ ਵਿਕਾਸ ਨੂੰ ਲੱਭਣ ਲੱਗੇ ਹਨ।
ਸੜਕਾਂ ਟੁੱਟਣ ਦਾ ਵੱਡਾ ਕਾਰਨ
ਇਨ੍ਹਾਂ ਸੜਕਾਂ ਦੇ ਟੁੱਟਣ ਦਾ ਵੱਡਾ ਕਾਰਨ ਇਹ ਹੈ ਕਿ ਬਰਸਾਤਾਂ ਦੇ ਮੌਸਮ 'ਚ ਇਥੇ ਪਾਣੀ ਖੜ੍ਹ ਜਾਂਦਾ ਹੈ। ਮਾਨਸਾ ਸ਼ਹਿਰ 'ਚ ਪਾਣੀ ਦੀ ਨਿਕਾਸੀ ਦੇ ਪ੍ਰ੍ਰਬੰਧਾਂ ਦਾ ਬੁਰਾ ਹਾਲ ਹੋਣ ਤੇ ਹਲਕੀ ਜਿਹੀ ਬਾਰਿਸ਼ ਪੈਣ ਨਾਲ ਸੜਕਾਂ ਅਤੇ ਬਾਜ਼ਾਰਾਂ 'ਚ ਪਾਣੀ ਭਰ ਜਾਂਦਾ ਹੈ ਅਤੇ ਕਈ-ਕਈ ਦਿਨ ਪਾਣੀ ਖੜ੍ਹਾ ਰਹਿੰਦਾ ਹੈ। ਮਾਨਸਾ ਸ਼ਹਿਰ ਅਤੇ ਆਪ-ਪਾਸ ਦੀਆਂ ਸੜਕਾਂ 'ਤੇ ਵੱਡੇ-ਵੱਡੇ ਖੱਡੇ ਦੇਖਣ ਨੂੰ ਮਿਲ ਰਹੇ ਹਨ। ਕੋਈ ਵੀ ਨਵਾਂ ਵਹੀਕਲ ਲੈ ਕੇ ਆਉਂਦਾ ਹੈ ਤਾਂ ਕੁਝ ਦਿਨਾਂ 'ਚ ਖੜਕ ਜਾਂਦਾ ਹੈ। ਇਹ ਖੱਡੇ ਸੜਕ ਦੁਰਘਟਨਾਵਾਂ ਨੂੰ ਵੀ ਜਨਮ ਦੇ ਰਹੇ ਹਨ।
ਟੁੱਟੀਆਂ ਸੜਕਾਂ ਉਏ-ਹੋਏ
ਮਾਨਸਾ ਸ਼ਹਿਰ ਦੇ ਬੱਸ ਸਟੈਂਡ ਤੋਂ ਜ਼ਿਲਾ ਕੰਪਲੈਕਸ ਨੂੰ ਮਿਲਾਉਣ ਵਾਲੀ ਵੀ. ਆਈ. ਪੀ. ਰੋਡ ਟੁੱਟ ਕੇ ਆਪਣਾ ਵਜੂਦ ਗਵਾ ਰਹੀ ਹੈ ਅਤੇ ਆਪਣੇ ਕਰਮਾਂ ਨੂੰ ਰੋ ਰਹੀ ਹੈ। ਬਾਰਿਸ਼ ਦੇ ਦਿਨਾਂ 'ਚ ਲੱਕ-ਲੱਕ ਪਾਣੀ ਖੜ੍ਹਨ ਕਾਰਨ ਸਿਨੇਮਾ ਰੋਡ ਅਤੇ ਗਊਸ਼ਾਲਾ ਰੋਡ 'ਤੇ ਵੱਡੇ-ਵੱਡੇ ਖੱਡੇ ਪੈ ਚੁੱਕੇ ਹਨ। ਰੇਲਵੇ ਪਲੇਟਫਾਰਮ ਵਾਲੀ ਸੜਕ ਵੀ ਟੁੱਟ ਕੇ ਖਿੱਲਰ ਚੁੱਕੀ ਹੈ। ਸ਼ਹਿਰ ਨੂੰ ਰਾਜ ਮਾਰਗਾਂ ਨਾਲ ਮਿਲਾਉਣ ਵਾਲੀਆਂ ਸਾਰੀਆਂ ਸੜਕਾਂ ਟੁੱਟ ਚੁੱਕੀਆਂ ਹਨ। ਇਸ ਦੇ ਨਾਲ ਮਾਨਸਾ ਕਲਾਂ ਅਤੇ ਮਾਨਸਾ ਖੁਰਦ ਦੀਆਂ ਸੜਕਾਂ ਦਾ ਨਵੀਨੀਕਰਨ ਕਰਨ ਦੀ ਲੋੜ ਹੈ।
ਇਥੇ ਭਾਵੇਂ ਅਕਾਲੀਆਂ ਜਾਂ ਕਾਂਗਰਸੀਆਂ ਦੀ ਸਰਕਾਰ ਹੋਵੇ, ਸ਼ਹਿਰ ਦੀਆਂ ਸੜਕਾਂ ਦਾ ਇਹੀ ਹਾਲ ਰਿਹਾ ਹੈ। ਸਿਆਸੀ ਲੋਕ ਚੋਣਾਂ ਵੇਲੇ ਇਹ ਮਸਲੇ ਨੂੰ ਯਾਦ ਕਰਦੇ ਹਨ ਅਤੇ ਸਭ ਕੁਝ ਚੋਣਾਂ ਲੰਘਦਿਆਂ ਸਾਰ ਮੰਨੋ ਵਿਸਾਰ ਦਿੰਦੇ ਹਨ। ਉਨ੍ਹਾਂ ਨੂੰ ਇਸ ਮਸਲੇ ਦੇ ਹੱਲ ਲਈ ਭਵਿੱਖ 'ਚ ਵੀ ਕੋਈ ਆਸ ਨਹੀਂ ਬੱਝ ਰਹੀ ਕਿਉਂਕਿ ਇਸ ਵਾਰ ਮਾਨਸਾ ਜ਼ਿਲੇ ਦੀਆਂ ਤਿੰਨੋਂ ਵਿਧਾਨ ਸਭਾ ਸੀਟਾਂ 'ਤੇ ਕਾਗਰਸ ਪਾਰਟੀ ਦੀ ਬੁਰੀ ਤਰ੍ਹਾਂ ਹਾਰ ਹੋਈ ਹੈ।
