ਕਾਂਗਰਸ ਦੇ ਕਲੇਸ਼ ਦਰਮਿਆਨ ਵੱਡੀ ਖ਼ਬਰ, ਪੰਜਾਬ ਕੈਬਨਿਟ ’ਚ ਫੇਰਬਦਲ ਜਲਦ, ਸਿੱਧੂ ਦੀ ਐਂਟਰੀ ਸੰਭਵ
Saturday, Jun 05, 2021 - 06:23 PM (IST)
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਨਿਪਟਾਉਣ ’ਚ ਲੱਗੀ ਤਿੰਨ ਮੈਂਬਰੀ ਕਮੇਟੀ ਵਲੋਂ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਗਈ। ਕਮੇਟੀ 3 ਦਿਨ ਬਾਅਦ ਰਾਸ਼ਟਰੀ ਪ੍ਰਧਾਨ ਨੂੰ ਰਿਪੋਰਟ ਸੌਂਪੇਗੀ, ਜਿਸ ਤੋਂ ਬਾਅਦ ਪੰਜਾਬ ਕੈਬਨਿਟ ਅਤੇ ਸੂਬਾ ਕਾਂਗਰਸ ਕਮੇਟੀ ਵਿਚ ਬਦਲਾਅ ਕੀਤਾ ਜਾ ਸਕਦਾ ਹੈ। ਪਾਰਟੀ ਸੂਤਰਾਂ ਅਨੁਸਾਰ ਚੋਣਾਂ ਤੋਂ ਪਹਿਲਾਂ ਕੈਬਨਿਟ ਵਿਚ ਸਾਬਕਾ ਮੰਤਰੀ ਨਵਜੋਤ ਸਿੱਧੂ ਨੂੰ ਸ਼ਾਮਲ ਕਰਨ ਤੋਂ ਇਲਾਵਾ ਦਲਿਤ ਵਿਧਾਇਕਾਂ ਨੂੰ ਜ਼ਿਆਦਾ ਅਗਵਾਈ ਦਿੱਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਕੈਪਟਨ ਨੇ ਜਾਖੜ ਦੇ ਹੱਕ ’ਚ ਵੱਡਾ ਪੱਤਾ ਖੇਡਿਆ, ਅੰਕੜਿਆਂ ਸਣੇ ਹਾਈਕਮਾਨ ਅੱਗੇ ਪੇਸ਼ ਕੀਤੇ ਤੱਥ
ਵੀਰਵਾਰ ਨੂੰ ਪੂਰੀ ਤਿਆਰੀ ਨਾਲ ਦਿੱਲੀ ਪਹੁੰਚੇ ਮੁੱਖ ਮੰਤਰੀ ਨੇ ਖੜਗੇ ਕਮੇਟੀ ਨੂੰ ਕਈ ਲੀਡਰਾਂ ਦੀ ਰਿਪੋਰਟ ਸੌਂਪੀ। ਰਿਪੋਰਟ ਵਿਚ ਮੁੱਖ ਮੰਤਰੀ ਨੇ ਅਜਿਹੇ ਮੰਤਰੀ, ਵਿਧਾਇਕਾਂ ਦਾ ਵੀ ਜ਼ਿਕਰ ਕੀਤਾ ਹੈ, ਜਿਨ੍ਹਾਂ ’ਤੇ ਰੇਤ, ਸ਼ਰਾਬ ਅਤੇ ਟ੍ਰਾਂਸਪੋਰਟ ਮਾਫੀਆ ਨਾਲ ਜੁੜੇ ਹੋਣ ਦੇ ਦੋਸ਼ ਹਨ। ਮੁੱਖ ਮੰਤਰੀ ਨੇ ਕਮੇਟੀ ਨੂੰ ਕਿਹਾ ਕਿ ਅਜਿਹੇ ਆਗੂਆਂ ਨੂੰ ਆਗਾਮੀ ਚੋਣਾਂ ਤੋਂ ਦੂਰ ਰੱਖਿਆ ਜਾਵੇ ਤਾਂ ਜੋ ਵਿਰੋਧੀਆਂ ਨੂੰ ਸਰਕਾਰ ’ਤੇ ਹਮਲਾ ਕਰਨ ਦਾ ਮੌਕਾ ਨਾ ਮਿਲੇ। ਮੁੱਖ ਮੰਤਰੀ ਨੇ ਆਪਣੀ ਹੀ ਪਾਰਟੀ ਦੇ ਕਈ ਲੀਡਰਾਂ ਵਲੋਂ ਸਰਕਾਰ ਵਿਰੋਧੀ ਬਿਆਨਬਾਜ਼ੀ ਦਾ ਵੀ ਮੁੱਦਾ ਚੁੱਕਿਆ। ਇਥੇ ਮੁੱਖ ਮੰਤਰੀ ਨੇ ਸਾਫ਼ ਕੀਤਾ ਕਿ ਜੇਕਰ ਇਨ੍ਹਾਂ ਮੰਤਰੀਆਂ ਅਤੇ ਵਿਧਾਇਕਾਂ ਨੂੰ ਸਰਕਾਰ ਦੇ ਕੰਮਕਾਜ ’ਤੇ ਕੋਈ ਦਿੱਕਤ ਹੈ ਤਾਂ ਇਸ ਨੂੰ ਪਾਰਟੀ ਪਲੇਟਫਾਰਮ ’ਤੇ ਚੁੱਕਣ ਪਰ ਇਸ ਤਰ੍ਹਾਂ ਮੀਡੀਆ ਵਿਚ ਜਾ ਕੇ ਆਪਣੀ ਹੀ ਸਰਕਾਰ ਖ਼ਿਲਾਫ਼ ਬੋਲਣਾ ਗਲਤ ਹੈ।
ਇਹ ਵੀ ਪੜ੍ਹੋ : ਕਪੂਰਥਲਾ ਹਾਊਸ ’ਚ ਮੁੱਖ ਮੰਤਰੀ ਨੇ ਕੀਤਾ ਮੰਥਨ, ਕਮੇਟੀ ਨਾਲ ਮੁਲਾਕਾਤ ਤੋਂ ਪਹਿਲਾਂ ਹੋਈ ਡਿਨਰ ਡਿਪਲੋਮੈਸੀ
ਦੂਜੇ ਪਾਸੇ ਕਮੇਟੀ ਦਾ ਮਹਾਮੰਥਨ ਸੰਪੰਨ ਹੋਣ ਦੇ ਨਾਲ ਹੀ ਪੰਜਾਬ ’ਚ ਲੀਡਰਸ਼ਿਪ ਸਮੇਤ ਮੰਤਰੀ ਮੰਡਲ ’ਚ ਤਬਦੀਲੀ ਦੀਆਂ ਚਰਚਾਵਾਂ ਦਾ ਬਾਜ਼ਾਰ ਵੀ ਗਰਮ ਹੈ। ਸਿੱਧੂ ਦੇ ਕਰੀਬੀ ਮੰਤਰੀਆਂ ਨੇ ਕਮੇਟੀ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਤਾਇਨਾਤ ਕਰ ਦਿੱਤਾ ਜਾਵੇ। ਹਾਲਾਂਕਿ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਇਸ ਨੂੰ ਹਾਈਕਮਾਨ ਦੇ ਪੱਧਰ ਦਾ ਮਸਲਾ ਦੱਸਦਿਆਂ ਕਿਨਾਰਾ ਕਰ ਲਿਆ ਹੈ। ਹਰੀਸ਼ ਰਾਵਤ ਨੇ ਕਿਹਾ ਕਿ ਇਹ ਕਾਂਗਰਸ ਪ੍ਰਧਾਨ ਦੇ ਅਧਿਕਾਰ ਖੇਤਰ ਦੀ ਗੱਲ ਹੈ। ਸਭ ਦੇ ਵਿਚਾਰ ਇਹੀ ਹਨ ਕਿ ਜੋ ਵੀ ਕਾਂਗਰਸ ਪ੍ਰਧਾਨ ਦਾ ਫ਼ੈਸਲਾ ਹੋਵੇਗਾ, ਉਹ ਸਨਮਾਨਯੋਗ ਹੋਵੇਗਾ। ਰਾਵਤ ਨੇ ਇਹ ਵੀ ਕਿਹਾ ਕਿ ਪੰਜਾਬ ’ਚ ਸਿੱਧੂ ਅਤੇ ਕੈਪਟਨ ਤੋਂ ਜ਼ਿਆਦਾ ਹੋਰ ਕਈ ਅਹਿਮ ਮਸਲੇ ਹਨ। ਸਭ ਦਾ ਹਿਤ ਇਸ ਗੱਲ ਵਿਚ ਹੈ ਕਿ ਸਾਰੇ 2022 ਦੀਆਂ ਚੋਣਾਂ ’ਚ ਮਿਲ-ਜੁਲ ਕੇ ਚੱਲਣ। ਕਮੇਟੀ ਦੀ ਕੋਸ਼ਿਸ਼ ਉਨ੍ਹਾਂ ਤਮਾਮ ਮਸਲਿਆਂ ਨੂੰ ਸੁਲਝਾਉਣ ਦੀ ਹੈ, ਜੋ ਕਰਮਚਾਰੀਆਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੈ ਕਿਉਂਕਿ ਚੋਣ ਕਰਮਚਾਰੀਆਂ ਦੇ ਦਮ ’ਤੇ ਹੀ ਲੜੀ ਜਾਂਦੀ ਹੈ।
ਇਹ ਵੀ ਪੜ੍ਹੋ : ਤਿੰਨ ਮੈਂਬਰੀ ਕਮੇਟੀ ਨਾਲ ਗੱਲਬਾਤ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?