ਜ਼ਮੀਨੀ ਵਿਵਾਦ ਕਾਰਣ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ, ਦੋ ਔਰਤਾਂ ਸਮੇਤ 3 ਜ਼ਖਮੀ

12/18/2022 4:22:16 PM

ਮੋਗਾ (ਆਜ਼ਾਦ) : ਥਾਣਾ ਧਰਮਕੋਟ ਅਧੀਨ ਪੈਂਦੇ ਪਿੰਡ ਸੈਦ ਜਲਾਲਪੁਰ ਵਿਖੇ ਜ਼ਮੀਨੀ ਵਿਵਾਦ ਕਾਰਣ ਹੋਏ ਝਗੜੇ ਵਿਚ ਸੁਰਜੀਤ ਕੌਰ ਨਿਵਾਸੀ ਪਿੰਡ ਸ਼ੇਰਪੁਰ ਤਾਇਬਾਂ, ਪਿਆਰਾ ਸਿੰਘ ਨਿਵਾਸੀ ਪਿੰਡ ਗੁਰਸ਼ੀਆਂ ਖਾਣ ਅਤੇ ਕ੍ਰਿਪਾਲ ਕੌਰ ਨਿਵਾਸੀ ਪਿੰਡ ਟਿੱਬੀ ਰੰਗਾ ਦੇ ਜ਼ਖਮੀ ਹੋਣ ਦਾ ਪਤਾ ਲੱਗਾ ਹੈ, ਜਿਨ੍ਹਾਂ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਾਉਣਾ ਪਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਧਰਮਕੋਟ ਦੇ ਸਹਾਇਕ ਥਾਣੇਦਾਰ ਦਵਿੰਦਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਸੁਰਜੀਤ ਕੌਰ ਨੇ ਕਿਹਾ ਕਿ ਜਦੋਂ ਉਹ ਆਪਣੇ ਰਿਸ਼ਤੇਦਾਰ ਪਿਆਰਾ ਸਿੰਘ ਅਤੇ ਕ੍ਰਿਪਾਲ ਕੌਰ ਨਾਲ ਪਿੰਡ ਸੈਦਜਲਾਲਪੁਰ ਵਿਖੇ ਜ਼ਮੀਨ ਨੂੰ ਪਾਣੀ ਲਗਾਉਣ ਲਈ 29 ਨਵੰਬਰ ਨੂੰ ਗਈ ਸੀ ਤਾਂ ਕਥਿਤ ਦੋਸ਼ੀਆਂ ਜੋਗਿੰਦਰ ਸਿੰਘ, ਮਹਿੰਦਰਪਾਲ ਸਿੰਘ, ਜਿਉਣਾ, ਵੀਰੂ ਨਿਵਾਸੀ ਪਿੰਡ ਕਾਹਨੇਵਾਲ, ਗੋਰੀ, ਜੱਸੀ, ਜੀਤੋ, ਅਮਰਜੀਤ ਕੌਰ ਨਿਵਾਸੀ ਪਿੰਡ ਮਿਆਣੀ, ਰਾਣੋ, ਲੱਛੋ, ਲੱਖੋ ਸਾਰੇ ਹਥਿਆਰਾਂ ਨਾਲ ਲੈਸ ਹੋ ਕੇ ਉਥੇ ਆਏ ਅਤੇ ਸਾਡੇ ’ਤੇ ਹਮਲਾ ਕਰ ਕੇ ਬੁਰੀ ਤਰ੍ਹਾਂ ਕੁੱਟ-ਮਾਰ ਕਰ ਕੇ ਜ਼ਖਮੀ ਕਰ ਦਿੱਤਾ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।

ਹਮਲਾਵਰਾਂ ਨੇ ਸਾਡੀ ਜ਼ਮੀਨ ਵਿਚ ਪਈਆਂ ਪਾਣੀ ਵਾਲੀਆਂ ਪਾਈਪਾਂ ਵੀ ਤੋੜ ਦਿੱਤੀਆਂ, ਜਿਸ ’ਤੇ ਅਸੀਂ ਰੌਲਾ ਪਾਇਆ ਤਾਂ ਕਥਿਤ ਹਮਲਾਵਰ ਉਥੋਂ ਫਰਾਰ ਹੋ ਗਏ। ਇਸ ਦੌਰਾਨ ਸਾਨੂੰ ਤਿੰਨਾਂ ਨੂੰ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਕੋਟ ਈਸੇ ਖਾਂ ਦਾਖਲ ਕਰਵਾਇਆ ਗਿਆ ਸੀ। ਡਾਕਟਰਾਂ ਨੇ ਨਾਜ਼ੁਕ ਹਾਲਤ ਨੂੰ ਦੇਖਦਿਆਂ ਹੋਇਆ ਸਿਵਲ ਹਸਪਤਾਲ ਮੋਗਾ ਰੈਫਰ ਕਰ ਦਿੱਤਾ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਦਵਿੰਦਰਜੀਤ ਸਿੰਘ ਨੇ ਦੱਸਿਆ ਕਿ ਦੋਹਾਂ ਧਿਰਾਂ ਵਿਚਕਾਰ ਰਾਜੀਨਾਮੇ ਦੀ ਗੱਲ ਚੱਲਦੀ ਆ ਰਹੀ ਸੀ ਜੋ ਸਿਰੇ ਨਾ ਚੜ੍ਹ ਸਕੀ, ਜਿਸ ’ਤੇ ਕਥਿਤ 11 ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ, ਗ੍ਰਿਫਤਾਰੀ ਬਾਕੀ ਹੈ, ਜਿਨ੍ਹਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


Gurminder Singh

Content Editor

Related News