ਐੱਸ. ਡੀ. ਐੱਮ. ਦਫਤਰ ਨੇੜੇ ਬਣੇ ਜਨਤਕ ਪਖਾਨੇ ਦੀ ਹਾਲਤ ਬਦਤਰ

02/24/2018 7:32:09 AM

ਫਗਵਾੜਾ, (ਮੁਕੇਸ਼)- ਫਗਵੜਾ ਦੇ ਐੱਸ. ਡੀ. ਐੱਮ. ਦਫਤਰ, ਤਹਿਸੀਲ ਦਫਤਰ ਦੇ ਬਿਲਕੁਲ ਨਜ਼ਦੀਕ ਬਣਿਆ ਜਨਤਕ ਪਖਾਨੇ ਸਾਲਾਂ ਤੋਂ ਬਦਹਾਲੀ ਦੀ ਦਾਸਤਾਨ ਸੁਣਾ ਰਿਹਾ ਹੈ ਪਰ ਉਸਦੀ ਆਵਾਜ਼ ਸਾਲਾਂ ਤੋਂ ਅਨਸੁਣੀ ਹੀ ਹੈ। ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਵਾਰ- ਵਾਰ ਚਿਤਾਵਨੀ ਦੇ ਬਾਵਜੂਦ ਮੌਜੂਦਾ ਪ੍ਰਸ਼ਾਸਨ, ਕਾਂਗਰਸ ਸਰਕਾਰ, ਮੌਜੂਦਾ ਵਿਧਾਇਕ ਨੇ ਇਸਦੀ ਸਾਰ ਲੈ ਕੇ ਇਸਦੇ ਹੱਲ ਲਈ ਥੋੜ੍ਹੀ ਜਿੰਨੀ ਵੀ ਤਵੱਜੋਂ ਨਹੀਂ ਦਿੱਤੀ ਗਈ। 
ਇਸ ਗੰਭੀਰ ਮਸਲੇ 'ਤੇ ਤਹਿਸੀਲ ਪਰਿਸਰ ਦੇ ਨਜ਼ਦੀਕ ਬੈਠਣ ਵਾਲੇ ਟਾਈਪਿਸਟਾਂ, ਕਈ ਵਕੀਲਾਂ ਨੇ ਕਿਹਾ ਕਿ ਉਹ ਕਈ ਵਾਰ ਇਸਦੀ ਸ਼ਿਕਾਇਤ ਸੀਨੀਅਰ ਅਧਿਕਾਰੀਆਂ ਨੂੰ ਕਰ ਚੁੱਕੇ ਹਨ ਪਰ ਸਾਲਾਂ ਤੋਂ ਨਤੀਜਾ ਜ਼ੀਰੋ ਹੈ। ਵੈਸੇ ਤਾਂ ਤਹਿਸੀਲ ਪਰਿਸਰ ਤੇ ਐੱਸ. ਡੀ. ਐੱਮ. ਦਫਤਰ ਤੋਂ ਮੌਜੂਦਾ ਸਰਕਾਰਾਂ ਨੂੰ ਇਲਾਕੇ ਦੀ ਜਨਤਾ ਤੋਂ ਵਾਧੂ ਆਮਦਨ ਹੁੰਦੀ ਹੈ ਪਰ ਜੋ ਸੁਵਿਧਾਵਾਂ ਜਨਤਾ ਨੂੰ ਪਹਿਲ ਦੇ ਆਧਾਰ 'ਤੇ ਮਿਲਣੀਆਂ ਚਾਹੀਦੀਆਂ ਹਨ, ਉਹ ਸਾਲਾਂ ਤੋਂ ਨਹੀਂ ਮਿਲਣ ਨਾਲ ਹਰ ਵਰਗ ਦੇ ਲੋਕ ਦੁਖੀ ਹਨ। ਪਖਾਨੇ ਦੇ ਅੰਦਰ ਬਦਬੂ ਭਰਿਆ ਵਾਤਾਵਰਣ ਹੋਣ ਨਾਲ ਕਾਫੀ ਲੋਕ ਇਸ ਬਿਲਡਿੰਗ 'ਚ ਆ ਕੇ ਬਾਥਰੂਮ ਕਰਨ ਤੋਂ ਤੌਬਾ ਕਰਦੇ ਹਨ। 
ਤਹਿਸੀਲ ਪਰਿਸਰ 'ਚ ਸਰਕਾਰੀ ਕੰਮ ਕਰਵਾਉਣ ਆਏ ਕੁਝ ਐੱਨ. ਆਰ. ਆਈ. ਲੋਕਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੱਛ ਭਾਰਤ ਅਭਿਆਨ ਦਾ ਨਾਰਾ ਦਿੰਦੇ ਹਨ। ਘਰ-ਘਰ 'ਚ ਪਖਾਨੇ ਬਣਾਉਣ ਦੀ ਗੱਲ ਕਹੀ ਜਾ ਰਹੀ ਹੈ ਪਰ ਸੱਚਾਈ ਇਹ ਹੈ ਕਿ ਇਸ ਸਰਕਾਰੀ ਦਫਤਰ ਦਾ ਪਖਾਨਾ ਜੇਕਰ ਦੇਖਿਆ ਜਾਵੇ ਤਾਂ ਇਸ ਤੋਂ ਜ਼ਿਆਦਾ ਬੁਰੀ ਹਾਲਤ ਹੋਰ ਨਹੀਂ ਹੋ ਸਕਦੀ। ਸਫਾਈ ਵਿਵਸਥਾ ਨਾ ਹੋਣ ਦੇ ਕਾਰਨ ਹੁਣ ਵਿਦੇਸ਼ ਦੇ ਲੋਕ ਭਾਰਤ ਆਉਣ ਤੋਂ ਕਤਰਾਉਂਦੇ ਹਨ।
ਕੀ ਕਹਿੰਦੇ ਹਨ ਐੱਸ. ਡੀ. ਐੱਮ.- ਇਸ ਸਬੰਧੀ ਐੱਸ. ਡੀ. ਐੱਮ. ਜੋਤੀ ਬਾਲਾ ਮੱਟੂ ਨੇ ਕਿਹਾ ਕਿ ਪਖਾਨੇ ਦੇ ਮੈਨ ਹੋਲ ਦੇ ਪਾਈਪ ਜਾਮ ਹੋ ਚੁੱਕੇ ਹਨ, ਜਿਸ ਕਾਰਨ ਮਸ਼ੀਨ ਨਾਲ ਬੀਤੇ ਦਿਨਾਂ 'ਚ ਸਫਾਈ ਵੀ ਕਰਵਾਈ ਗਈ ਸੀ। ਉਨ੍ਹਾਂ ਨੇ ਕਿਹਾ ਕਿ ਜਲਦੀ ਇਸ ਸਮੱਸਿਆ ਦਾ ਹੱਲ ਕਰਵਾਉਣ ਲਈ ਕਾਰਵਾਈ ਕੀਤੀ ਜਾਵੇਗੀ।


Related News