ਹੈਪੇਟਾਈਟਸ ਸੀ ਦੇ ਮਰੀਜ਼ਾਂ ਨੂੰ ਸਤਾਉਣ ਲੱਗੀ ਇਲਾਜ ਅੱਧ-ਵਿਚਕਾਰ ਰੁਕਣ ਦੀ ਚਿੰਤਾ

Monday, Apr 02, 2018 - 03:27 AM (IST)

ਮੋਗਾ, (ਸੰਦੀਪ)- ਕੈਂਸਰ ਦੀ ਨਾਮੁਰਾਦ ਤੇ ਜਾਨਲੇਵਾ ਬੀਮਾਰੀ ਦਾ ਪ੍ਰਕੋਪ ਸਹਿ ਰਿਹਾ ਮਾਲਵਾ ਹੁਣ ਹੈਪੇਟਾਈਟਸ ਸੀ ਬੀਮਾਰੀ ਦਾ ਸੰਤਾਪ ਝੱਲ ਰਿਹਾ ਹੈ। ਬੇਸ਼ੱਕ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਸੂਬੇ 'ਚ ਹੈਪੇਟਾਈਟਸ ਸੀ ਦੇ ਮਰੀਜ਼ਾਂ ਦੀ ਵੱਧਦੀ ਗਿਣਤੀ ਅਤੇ ਇਸ ਦੇ ਮਹਿੰਗੇ ਇਲਾਜ ਨੂੰ ਵੇਖਦੇ ਹੋਏ ਆਰਥਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਨਾਲ ਸਬੰਧਿਤ ਮਰੀਜ਼ਾਂ ਲਈ ਮੁੱਖ ਮੰਤਰੀ ਹੈਪੇਟਾਈਟਸ ਸੀ (ਕਾਲਾ ਪੀਲੀਆ) ਮੁਫਤ ਇਲਾਜ ਕਰਨ ਦੀ ਯੋਜਨਾ ਸ਼ੁਰੂ ਕੀਤੀ ਗਈ ਸੀ, ਜਿਸ ਦਾ ਲਾਭ ਸਿੱਧੇ ਤੌਰ 'ਤੇ ਹਰ ਵਰਗ ਦੇ ਮਰੀਜ਼ਾਂ ਨੂੰ ਹੋ ਰਿਹਾ ਸੀ ਪਰ ਪਿਛਲੇ ਕੁੱਝ ਹਫਤਿਆਂ ਤੋਂ ਇਸ ਦੀ ਦਵਾਈ ਦੀ ਸਪਲਾਈ ਬੰਦ ਹੋਣ ਕਾਰਨ ਅਤੇ ਇਸ ਯੋਜਨਾ ਤਹਿਤ ਆਪਣਾ ਇਲਾਜ ਕਰਵਾਉਣ ਦੀ ਉਮੀਦ ਲੈ ਕੇ ਸਿਹਤ ਵਿਭਾਗ ਕੋਲ ਪੁੱਜੇ ਮਰੀਜ਼ ਇੰਤਜ਼ਾਰ ਲਿਸਟ 'ਚ ਹਨ, ਉਥੇ ਇਸ ਸਕੀਮ ਤਹਿਤ ਪਹਿਲਾਂ ਤੋਂ ਹੀ ਆਪਣਾ ਇਲਾਜ ਕਰਵਾ ਰਹੇ ਮਰੀਜ਼ਾਂ ਨੂੰ ਆਪਣਾ ਇਲਾਜ ਅੱਧ-ਵਿਚਕਾਰ ਲਟਕਣ ਦੀ ਚਿੰਤਾ ਸਤਾਉਣ ਲੱਗੀ ਹੈ। ਵਿਭਾਗ ਦੇ ਅੰਕੜਿਆਂ ਅਨੁਸਾਰ 250 ਦੇ ਕਰੀਬ ਨਵੇਂ ਮਰੀਜ਼ ਦਵਾਈ ਦੀ ਸਪਲਾਈ ਦੇ ਇੰਤਜ਼ਾਰ 'ਚ ਹਨ। ਜ਼ਿਲੇ ਦੇ ਪਿੰਡ ਲੰਗੇਆਣਾ ਸਮੇਤ ਕਈ ਇਲਾਕਿਆਂ 'ਚ ਹੈਪੇਟਾਈਟਸ ਸੀ (ਕਾਲਾ ਪੀਲੀਆ) ਦੇ ਮਰੀਜ਼ਾਂ ਦੀ ਗਿਣਤੀ ਸੈਂਕੜਿਆਂ 'ਚ ਹੈ। 
ਵਿਭਾਗ ਵੱਲੋਂ ਇਸ ਯੋਜਨਾ ਤਹਿਤ ਇਲਾਜ ਕਰਵਾਉਣ ਲਈ ਵਰਤਮਾਨ ਅੰਕੜੇ ਅਨੁਸਾਰ 250 ਦੇ ਕਰੀਬ ਮਰੀਜ਼ ਇੰਤਜ਼ਾਰ ਦੀ ਲਾਈਨ (ਵੇਟਿੰਗ ਲਿਸਟ) 'ਚ ਹੋਣ ਦਾ ਪਤਾ ਲੱਗਿਆ ਹੈ ਕਿਉਂਕਿ ਪਿਛਲੇ ਕੁੱਝ ਸਮੇਂ ਤੋਂ ਨਵੀਂ ਸਰਕਾਰ ਵੱਲੋਂ ਇਸ ਯੋਜਨਾ 'ਚ ਕੁਝ ਫੇਰਬਦਲ ਕਰਨ ਦੀ ਸ਼ੰਕਾ ਜਤਾਈ ਜਾ ਰਹੀ ਹੈ ਅਤੇ ਦਵਾਈ ਦੀ ਸਪਲਾਈ ਵੀ ਬੰਦ ਪਈ ਹੈ, ਬੇਸ਼ੱਕ ਅਧਿਕਾਰੀਆਂ ਨੇ ਜਲਦ ਹੀ ਦਵਾਈ ਸਪਲਾਈ ਹੋਣ ਦੀ ਉਮੀਦ ਜਤਾਈ ਹੈ ਪਰ ਫਿਲਹਾਲ ਇਸ ਯੋਜਨਾ ਦਾ ਲਾਭ ਲੈਣ ਲਈ ਵਿਭਾਗ ਕੋਲ ਪੁੱਜੇ ਨਵੇਂ ਅਤੇ ਪੁਰਾਣੇ ਮਰੀਜ਼ਾਂ ਦੇ ਮਨਾਂ 'ਚ ਇਸ ਯੋਜਨਾ ਦੇ ਚਲਾਏ ਜਾਣ ਅਤੇ ਬੰਦ ਹੋਣ ਨੂੰ ਲੈ ਕੇ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ।
ਮਰੀਜ਼ਾਂ ਦੀ ਗਿਣਤੀ 4000 ਤੋਂ ਵੱਧ 
'ਜਗ ਬਾਣੀ' ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਜ਼ਿਲੇ 'ਚ ਹੈਪੇਟਾਈਟਸ ਸੀ ਦੇ ਮਰੀਜ਼ਾਂ ਦੀ ਗਿਣਤੀ 4000 ਤੋਂ ਵੱਧ ਹੈ ਅਤੇ ਜ਼ਿਆਦਾਤਰ ਮਰੀਜ਼ ਕਸਬਾ ਬਾਘਾਪੁਰਾਣਾ ਦੇ ਨਾਲ ਲੱਗਦੇ ਪਿੰਡਾਂ ਨਾਲ ਸਬੰਧਿਤ ਹਨ। ਪਿੰਡ ਲੰਗੇਆਣਾ 'ਚ ਹੀ ਮਰੀਜ਼ਾਂ ਦੀ ਗਿਣਤੀ 400 ਤੋਂ ਵੱਧ ਹੈ। ਸਿਹਤ ਵਿਭਾਗ ਦੇ ਅੰਕੜੇ ਅਨੁਸਾਰ ਜ਼ਿਲੇ ਦੇ 3200 ਮਰੀਜ਼ ਮੁੱਖ ਮੰਤਰੀ ਹੈਪੇਟਾਈਟਸ ਸੀ ਇਲਾਜ ਯੋਜਨਾ ਤਹਿਤ ਰਜਿਸਟਰਡ ਹਨ, ਜਿਨ੍ਹਾਂ 'ਚ 2500 ਦੇ ਕਰੀਬ ਮਰੀਜ਼ਾਂ ਦੀ ਰਿਪੋਰਟ ਇਲਾਜ ਤੋਂ ਬਾਅਦ ਕਰਵਾਏ ਗਏ ਟੈਸਟਾਂ 'ਚ ਨੈਗੇਟਿਵ ਪਾਈ ਗਈ ਹੈ।
ਪਿਛਲੇ ਕਈ ਦਿਨਾਂ ਤੋਂ ਹੈਪੇਟਾਈਟਸ ਸੀ ਦੀ ਦਵਾਈ ਦੀ ਸਪਲਾਈ ਪ੍ਰਭਾਵਿਤ ਹੋਣ ਤੇ ਵਰਤਮਾਨ 'ਚ ਹਸਪਤਾਲ ਦੇ ਸਟਾਕ 'ਚ ਦਵਾਈ ਦੇ ਬਹੁਤ ਹੀ ਘੱਟ ਯੂਨਿਟ ਹੋਣ ਕਾਰਨ ਪਹਿਲਾਂ ਤੋਂ ਹੀ ਇਸ ਸਕੀਮ ਤਹਿਤ ਆਪਣਾ ਇਲਾਜ ਕਰਵਾ ਰਹੇ ਮਰੀਜ਼ਾਂ ਅਤੇ ਉਨ੍ਹਾਂ ਦੇ ਮਾਪੇ ਵਰਿੰਦਰ ਕੌਰ ਪਿੰਡ ਮਾੜੀ ਮੁਸਤਫਾ, ਦਤਾਰ ਸਿੰਘ ਨਿਵਾਸੀ ਗਿੱਲ ਰੋਡ ਮੋਗਾ, ਕਮਲਜੀਤ ਕੌਰ ਨਿਵਾਸੀ ਪਿੰਡ ਮਾੜੀ ਮੁਸਤਫਾ, ਅਮਰੀਕ ਸਿੰਘ, ਅਜਮੇਰ ਸਿੰਘ, ਮਨਜੀਤ ਸਿੰਘ, ਬੂਟਾ ਸਿੰਘ, ਪੂਨਮ ਰਾਣੀ, ਗੀਤਾ ਦੇਵੀ ਤੇ ਆਸ਼ਾ ਰਾਣੀ ਨੇ ਸਰਕਾਰ ਤੋਂ ਤੁਰੰਤ ਦਵਾਈ ਦੀ ਸਪਲਾਈ ਭੇਜਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਾਹਿਰ ਡਾਕਟਰ ਇਸ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਇਸ ਦਵਾਈ ਦਾ ਸੇਵਨ ਕਰਨ ਦੀਆਂ ਹਦਾਇਤਾਂ ਦੇ ਰਹੇ ਹਨ। 
ਸਰਕਾਰ ਦਾ ਗੰਭੀਰ ਬੀਮਾਰੀਆਂ ਪ੍ਰਤੀ ਨਾਕਾਰਾਤਮਕ ਰਵੱਈਆ ਨਿੰਦਣਯੋਗ : ਸਮਾਜ ਸੇਵੀ ਗੁਰਤੇਜ
ਪਿੰਡ ਮਾੜੀ ਮੁਸਤਫਾ ਨਿਵਾਸੀ ਸਮਾਜ ਸੇਵੀ ਗੁਰਤੇਜ ਸਿੰਘ ਨੇ ਕਿਹਾ ਕਿ ਸਰਕਾਰ ਦਾ ਗੰਭੀਰ ਬੀਮਾਰੀਆਂ ਪ੍ਰਤੀ ਨਾਕਾਰਾਤਮਕ ਰਵੱਈਆ ਨਿੰਦਣਯੋਗ ਹੈ, ਜਿਸ ਦਾ ਖੁਲਾਸਾ ਹਾਲ ਹੀ 'ਚ ਪੇਸ਼ ਕੀਤੇ ਗਏ ਬਜਟ ਦੌਰਾਨ ਕੈਂਸਰ ਪੀੜਤਾਂ ਲਈ ਚਲਾਈ ਜਾ ਰਹੀ ਮੁੱਖ ਮੰਤਰੀ ਮੁਫਤ ਯੋਜਨਾ ਲਈ ਰੱਖੇ ਗਏ ਫੰਡਾਂ 'ਚ ਹੋਇਆ ਹੈ, ਜਿਸ ਨਾਲ ਪਿਛਲੇ ਸਾਲ ਤਾਂ ਇਸ ਸਕੀਮ ਲਈ 118 ਕਰੋੜ 62 ਲੱਖ 77 ਹਜ਼ਾਰ ਦੇ ਕਰੀਬ ਦਾ ਬਜਟ ਰੱਖਿਆ ਗਿਆ ਸੀ, ਜਿਸ ਨਾਲ 8799 ਦੇ ਕਰੀਬ ਕੈਂਸਰ ਪੀੜਤਾਂ ਨੂੰ ਲਾਭ ਦਿੱਤਾ ਗਿਆ ਪਰ ਇਸ ਸਾਲ ਇਹ ਬਜਟ ਸਿਰਫ 30 ਕਰੋੜ ਦਾ ਹੀ ਰੱਖਿਆ ਗਿਆ ਹੈ।
ਨਵੀਂ ਕੰਪਨੀ ਤੋਂ ਦਵਾਈ ਸਬੰਧੀ ਐਗਰੀਮੈਂਟ ਕਰਨ ਲਈ ਸਪਲਾਈ ਹੋਈ ਪ੍ਰਭਾਵਿਤ : ਡਾ. ਅੱਤਰੀ
'ਜਗ ਬਾਣੀ' ਵੱਲੋਂ ਜਦੋਂ ਇਸ ਸਕੀਮ ਤਹਿਤ ਮਰੀਜ਼ਾਂ ਨੂੰ ਇਲਾਜ ਲਈ ਮਿਲਣ ਵਾਲੀ ਦਵਾਈ ਦੀ ਸਪਲਾਈ ਪ੍ਰਭਾਵਿਤ ਹੋਣ ਬਾਰੇ ਐੱਸ. ਐੱਮ. ਓ. ਡਾ. ਰਾਜੇਸ਼ ਅੱਤਰੀ ਅਤੇ ਆਈ. ਡੀ. ਐੱਸ. ਪੀ. ਦੇ ਇੰਚਾਰਜ ਡਾ. ਮਨੀਸ਼ ਅਰੋੜਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਨਵੇਂ ਟੈਂਡਰਾਂ ਨੂੰ ਫਾਈਲ ਕਰ ਕੇ ਇਸ ਸਕੀਮ ਤਹਿਤ ਰਜਿਸਟਰਡ ਕਰਨ ਲਈ ਦਵਾਈਆਂ ਦੀ ਸਪਲਾਈ ਵਿਭਾਗ ਵੇਅਰ ਹਾਊਸ ਤਾਂ ਪਹੁੰਚਾ ਦਿੱਤੀ ਜਾ ਚੁੱਕੀ ਹੈ ਪਰ ਇਸ ਲਈ ਵਿਭਾਗ ਵੱਲੋਂ ਭੇਜੇ ਗਏ ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਰਿਪੋਰਟ ਆਵੇਗੀ ਤਾਂ ਵਿਭਾਗ ਵੱਲੋਂ ਜ਼ਿਲਾ ਮੋਗਾ ਸਮੇਤ ਸਾਰੇ ਜ਼ਿਲਿਆਂ ਨੂੰ ਇਹ ਦਵਾਈ ਜਲਦ ਹੀ ਸਪਲਾਈ ਕਰਵਾ ਦਿੱਤੀ ਜਾਵੇਗੀ, ਤਾਂ ਜੋ ਨਵੇਂ ਮਰੀਜ਼ਾਂ ਦੇ ਨਾਲ-ਨਾਲ ਪੁਰਾਣੇ ਦਾਖਲ ਮਰੀਜ਼ਾਂ ਨੂੰ ਵੀ ਪ੍ਰੇਸ਼ਾਨੀ ਪੇਸ਼ ਨਾ ਆ ਸਕੇ।


Related News