ਸਰਕਾਰ ਦੇ ਲਾਰਿਆਂ ਤੋਂ ਅੱਕੇ ਕੰਪਿਊਟਰ ਅਧਿਆਪਕ 15 ਨੂੰ ਕਰਨਗੇ ਸਿੱਖਿਆ ਮੰਤਰੀ ਦਾ ਘਿਰਾਓ
Thursday, Aug 12, 2021 - 03:45 PM (IST)
ਮੋਹਾਲੀ (ਨਿਆਮੀਆਂ) : ਕੰਪਿਊਟਰ ਫੈਕਲਟੀ ਐਸੋਸੀਏਸ਼ਨ ਅਤੇ ਕੰਪਿਊਟਰ ਅਧਿਆਪਕ ਕਮੇਟੀ ਵੱਲੋਂ ਅੱਜ ਇੱਕ ਪਲੇਟਫ਼ਾਰਮ 'ਤੇ ਇਕੱਠੇ ਹੁੰਦੇ ਹੋਏ ਸਾਂਝਾ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ। ਦੋਵੇਂ ਜਥੇਬੰਦੀਆਂ ਵੱਲੋਂ ਅੱਜ ਇੱਕ ਸਾਂਝੀ ਮੀਟਿੰਗ ਕਰਦੇ ਹੋਏ ਭਵਿੱਖ ਦੀ ਰਣਨੀਤੀ ਨੂੰ ਅਮਲੀ ਜਾਮਾ ਪਹਿਨਾਇਆ ਗਿਆ। ਮੀਟਿੰਗ ਦੌਰਾਨ ਬੋਲਦੇ ਹੋਏ ਦੋਵੇਂ ਜੱਥੇਬੰਦੀਆਂ ਦੇ ਸੂਬਾ ਪ੍ਰਧਾਨ ਪਰਮਵੀਰ ਸਿੰਘ ਪੰਮੀ ਅਤੇ ਪਰਦੀਪ ਮਲੂਕਾ ਨੇ ਕਿਹਾ ਕਿ ਸੂਬੇ ਭਰ ਦੇ ਸਰਕਾਰੀ ਸਕੂਲਾਂ ਵਿਚ ਬਤੌਰ ਕੰਪਿਊਟਰ ਅਧਿਆਪਕ ਆਪਣੀਆਂ ਸੇਵਾਵਾਂ ਨਿਭਾਅ ਰਹੇ 7 ਹਜ਼ਾਰ ਦੇ ਕਰੀਬ ਅਧਿਆਪਕ ਪਿਛਲੇ 15 ਸਾਲਾਂ ਤੋਂ ਆਪਣੇ ਹੱਕਾਂ ਲਈ ਲੜਾਈ ਲੜ ਰਹੇ ਹਨ। ਰੈਗੂਲਰ ਹੋਣ ਦੇ 10 ਸਾਲਾਂ ਮਗਰੋਂ ਵੀ ਉਹ ਆਪਣੇ ਹੱਕਾਂ ਤੋਂ ਵਾਂਝੇ ਹਨ। ਉਨ੍ਹਾਂ ਦੱਸਿਆ ਕਿ ਹੁਣ ਉਹ ਆਪਣੇ ਹੱਕਾਂ ਦੇ ਲਈ ਲੜੀ ਨੂੰ ਹੋਰ ਤੇਜ਼ ਕਰ ਦੇਣਗੇ ਅਤੇ ਇਸ ਦਾ ਆਗਾਜ਼ ਸੰਗਰੂਰ ਤੋਂ 15 ਅਗਸਤ ਨੂੰ ਸਿੱਖਿਆ ਮੰਤਰੀ ਦਾ ਘਿਰਾਓ ਕਰ ਕੇ ਕੀਤਾ ਜਾਵੇਗਾ।
ਮੀਟਿੰਗਾਂ ਦਾ ਸਿਫ਼ਰ ਨਤੀਜਾ
ਮੀਟਿੰਗ ਦੌਰਾਨ ਸੀਨੀਅਰ ਮੀਤ ਪ੍ਰਧਾਨ ਹਰਵੀਰ ਸਿੰਘ ਢੰਡਾ ਅਤੇ ਅਵਤਾਰ ਸਿੰਘ ਖੰਨਾ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਵੱਲੋਂ ਸਿੱਖਿਆ ਵਿਭਾਗ, ਪੰਜਾਬ ਸਰਕਾਰ ਦੇ ਵੱਖ-ਵੱਖ ਉਚ ਅਧਿਕਾਰੀਆਂ ਅਤੇ ਸਿੱਖਿਆ ਮੰਤਰੀ ਦੇ ਨਾਲ ਕਿੰਨੀ ਵਾਰ ਮੀਟਿੰਗਾਂ ਕੀਤੀਆਂ ਗਈਆਂ ਅਤੇ ਇਨ੍ਹਾਂ ਮੀਟਿੰਗਾਂ ਵਿਚ ਮੰਗਾਂ 'ਤੇ ਸਹਿਮਤੀ ਬਣਨ ਤੋਂ ਮਗਰੋਂ ਵੀ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਮੀਟਿੰਗਾਂ ਦਾ ਨਤੀਜਾ ਸਿਫ਼ਰ ਰਿਹਾ ਹੈ ਅਤੇ ਸਰਕਾਰ ਨੇ ਉਨ੍ਹਾਂ ਨੂੰ ਲਾਰਿਆਂ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ ਦਿੱਤਾ।
15 ਅਗਸਤ ਨੂੰ ਹੋਵੇਗਾ ਗੁਪਤ ਐਕਸ਼ਨ
ਇਸ ਮੌਕੇ ਜੱਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ 15 ਅਗਸਤ ਨੂੰ ਇੱਕ ਗੁਪਤ ਐਕਸ਼ਨ ਦੇ ਤਹਿਤ ਸੰਗਰੂਰ ਵਿਖੇ ਸਿੱਖਿਆ ਮੰਤਰੀ ਦਾ ਘਿਰਾਓ ਕਰਦੇ ਹੋਏ ਆਪਣੇ ਬਣਦੇ ਹੱਕਾਂ ਪ੍ਰਤੀ ਆਵਾਜ਼ ਬੁਲੰਦ ਕੀਤੀ ਜਾਵੇਗੀ। ਉਨ੍ਹਾਂ ਆਪਣੀਆਂ ਮੰਗਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੰਪਿਊਟਰ ਅਧਿਆਪਕਾਂ ਨੂੰ ਪੂਰੇ ਲਾਭ ਦੇ ਨਾਲ ਬਿਨਾ ਸ਼ਰਤ ਅਤੇ ਦੇਰੀ ਸਿੱਖਿਆ ਵਿਭਾਗ ਵਿਚ ਸ਼ਿਫ਼ਟ ਕੀਤਾ ਜਾਵੇ, ਜਿਨ੍ਹਾਂ ਕੰਪਿਊਟਰ ਅਧਿਆਪਕਾਂ ਦੀ ਪਿਛਲੇ ਸਮੇਂ ਦੌਰਾਨ ਕਿਸੇ ਵੀ ਕਾਰਣ ਦੇ ਚੱਲਦੇ ਮੌਤ ਹੋ ਚੁੱਕੀ ਹੈ, ਉਨ੍ਹਾਂ ਦੇ ਆਸ਼ਰਿਤਾਂ ਨੂੰ ਸਰਕਾਰੀ ਨੌਕਰੀ ਦੇ ਨਾਲ-ਨਾਲ ਵਿੱਤੀ ਮਦਦ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਇਸ ਐਕਸ਼ਨ ਦੇ ਮਗਰੋਂ ਕੁੱਝ ਹੀ ਦਿਨਾਂ ਬਾਅਦ ਅਗਲੇ ਐਕਸ਼ਨ ਦਾ ਐਲਾਨ ਵੀ ਕੀਤਾ ਜਾਵੇਗਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਨਰਿੰਦਰ ਸਿੰਘ, ਜਸਪਾਲ ਲੁਧਿਆਣਾ, ਗੁਰਜੀਤ ਸਿੰਘ ਵਿਰਦੀ ਫਤਹਿਗੜ੍ਹ ਸਾਹਿਬ, ਨਵਤੇਜ ਗਿੱਲ ਮੋਹਾਲੀ, ਜਗਪਾਲ ਸਿੰਘ ਰੋਪੜ, ਹਰਚਰਨ ਬਠਿੰਡਾ, ਨਰਿੰਦਰ ਕੁਮਾਰ, ਲਖਵਿੰਦਰ ਸਿੰਘ ਫ਼ਿਰੋਜ਼ਪੁਰ, ਜਤਿੰਦਰ ਸੋਢੀ, ਨਿਰਮਲ ਬਰਨਾਲਾ, ਸਤਵਿੰਦਰ ਗਰੋਵਰ ਫ਼ਰੀਦਕੋਟ, ਜਤਿੰਦਰ ਸਮੱਧਰ ਮੁਕਤਸਰ ਸਾਹਿਬ, ਵਿਸ਼ੂ ਫਾਜ਼ਿਲਕਾ ਵੀ ਹਾਜ਼ਰ ਸਨ।