ਕਮਿਊਨਿਟੀ ਸੈਂਟਰ ਲਈ ਜਾਰੀ ਗ੍ਰਾਂਟ ''ਚ ਗਬਨ ਸਬੰਧੀ 2 ਖਿਲਾਫ ਕੇਸ ਦਰਜ

03/04/2018 3:35:06 PM

ਭੂੰਗਾ/ਗੜ੍ਹਦੀਵਾਲਾ/ਹਰਿਆਣਾ (ਭਟੋਆ, ਰਾਜਪੂਤ)— ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਭੂੰਗਾ ਦਵਿੰਦਰ ਸਿੰਘ ਵੱਲੋਂ ਜ਼ਿਲਾ ਪੁਲਸ ਮੁਖੀ ਨੂੰ 11 ਨਵੰਬਰ 2017 ਨੂੰ ਦਿੱਤੀ ਦਰਖਾਸਤ ਦੇ ਆਧਾਰ 'ਤੇ ਕਮਿਊਨਿਟੀ ਸੈਂਟਰ ਲਈ ਜਾਰੀ ਗ੍ਰਾਂਟ ਵਿਚ ਗਬਨ ਕਰਨ ਸਬੰਧੀ 2 ਵਿਅਕਤੀਆਂ ਖਿਲਾਫ ਕੇਸ ਦਰਜ ਹੋਣ ਦੀ ਖਬਰ ਮਿਲੀ ਹੈ। 
ਪੁਲਸ ਚੌਕੀ ਭੂੰਗਾ ਦੇ ਇੰਚਾਰਜ ਰਾਜਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਮਰ ਸ਼ਹੀਦ ਮੋਤੀ ਰਾਮ ਜੀ ਦੀ ਯਾਦ 'ਚ ਅੱਭੋਵਾਲ ਵਿਖੇ ਕਮਿਊਨਿਟੀ ਸੈਂਟਰ ਬਣਾਉਣ ਲਈ ਸਰਕਾਰ ਵੱਲੋਂ 2 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਜ਼ਿਲਾ ਹੁਸ਼ਿਆਰਪੁਰ ਦੇ ਐੱਸ. ਐੱਸ. ਪੀ. ਨੇ ਆਰਥਿਕ ਅਪਰਾਧ ਸ਼ਾਖਾ ਨੂੰ ਦਰਖਾਸਤ ਮਾਰਕ ਕੀਤੀ ਸੀ, ਜਿਸ ਦੇ ਇੰਚਾਰਜ ਐੱਸ. ਆਈ. ਗੌਰਵ ਧੀਰ ਵੱਲੋਂ ਇਨਕੁਆਰੀ ਕੀਤੀ ਗਈ ਤਾਂ ਗ੍ਰਾਂਟ ਵਿਚ 1,06,500 ਰੁਪਏ ਦਾ ਗਬਨ ਪਾਇਆ ਗਿਆ। ਰਾਜਵਿੰਦਰ ਸਿੰਘ ਨੇ ਕਿਹਾ ਕਿ ਜ਼ਿਲਾ ਪੁਲਸ ਮੁਖੀ ਹੁਸ਼ਿਆਰਪੁਰ ਵੱਲੋਂ 28 ਫਰਵਰੀ 2018 ਨੂੰ ਉਕਤ ਵਿਅਕਤੀਆਂ ਖਿਲਾਫ਼ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਸਨ, ਜਿਸ ਦੀ ਪਾਲਣਾ ਕਰਦਿਆਂ ਥਾਣਾ ਹਰਿਆਣਾ ਦੀ ਪੁਲਸ ਨੇ ਸਰਵਣ ਸਿੰਘ ਪੁੱਤਰ ਨਾਨਕ ਚੰਦ ਵਾਸੀ ਅੱਭੋਵਾਲ ਅਤੇ ਦਰਸ਼ਨ ਲਾਲ ਪੁੱਤਰ ਬਾਬੂ ਰਾਮ ਵਾਸੀ ਸੋਤਲਾਂ ਖਿਲਾਫ ਧਾਰਾ 420, 406 ਆਈ. ਪੀ. ਸੀ. ਅਧੀਨ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Related News