80 ਕੌਂਸਲਰਾਂ ਨੂੰ ਬਿਠਾਉਗੇ ਕਿੱਥੇ ਕਮਿਸ਼ਨਰ ਸਾਹਿਬ

Wednesday, Oct 25, 2017 - 06:22 AM (IST)

80 ਕੌਂਸਲਰਾਂ ਨੂੰ ਬਿਠਾਉਗੇ ਕਿੱਥੇ ਕਮਿਸ਼ਨਰ ਸਾਹਿਬ

ਜਲੰਧਰ, (ਖੁਰਾਣਾ)- ਪੰਜਾਬ ਦੀ ਕਾਂਗਰਸ ਸਰਕਾਰ ਦਸੰਬਰ ਮਹੀਨੇ ਵਿਚ ਨਗਰ ਨਿਗਮ ਦੀਆਂ ਚੋਣਾਂ ਕਰਵਾਉਣ ਜਾ ਰਹੀ ਹੈ, ਜਿਸ ਲਈ ਨਵੀਂ ਵਾਰਡਬੰਦੀ ਨੂੰ ਲਗਭਗ ਫਾਈਨਲ ਕਰ ਕੇ ਜਲੰਧਰ ਸ਼ਹਿਰ ਨੂੰ 80 ਵਾਰਡਾਂ ਵਿਚ ਵੰਡ ਦਿੱਤਾ ਗਿਆ ਹੈ। ਪਹਿਲਾਂ ਇਨ੍ਹਾਂ ਵਾਰਡਾਂ ਦੀ ਗਿਣਤੀ 60 ਸੀ। ਜ਼ਿਕਰਯੋਗ ਹੈ ਕਿ ਨਗਰ ਨਿਗਮ ਵਿਚ ਕੌਂਸਲਰ ਹਾਊਸ ਦੀ ਮੀਟਿੰਗ ਸਭ ਤੋਂ ਮਹੱਤਵਪੂਰਣ ਮੀਟਿੰਗ ਹੁੰਦੀ ਹੈ, ਜਿਸ ਨਾਲ ਸ਼ਹਿਰ ਦਾ ਵਿਕਾਸ ਨਿਰਧਾਰਿਤ ਹੁੰਦਾ ਹੈ। 
ਨਗਰ ਨਿਗਮ ਦਾ ਹੈੱਡਕੁਆਰਟਰ, ਜੋ ਕੰਪਨੀ ਬਾਗ ਦੇ ਨੇੜੇ ਸਥਿਤ ਹੈ, ਉਥੇ ਹਾਊਸ ਦੀ ਮੀਟਿੰਗ ਲਈ ਟਾਊਨ ਹਾਲ ਦਾ ਨਿਰਮਾਣ ਪਿਛਲੇ 10 ਸਾਲਾਂ ਤੋਂ ਨਹੀਂ ਹੋ ਸਕਿਆ, ਜਿਥੇ ਹਾਊਸ ਦੀ ਮੀਟਿੰਗ ਹੋਣੀ ਚਾਹੀਦੀ ਹੈ। ਫਿਲਹਾਲ ਬਿਲਡਿੰਗ ਦੇ ਇਕ ਮੀਟਿੰਗ ਰੂਮ ਨੂੰ ਕੌਂਸਲਰ ਹਾਊਸ ਦੀਆਂ ਮੀਟਿੰਗਾਂ ਲਈ ਵਰਤਿਆ ਜਾਂਦਾ ਹੈ, ਜਿਥੇ ਇਸ ਸਮੇਂ 60 ਕੌਂਸਲਰ ਵੀ ਬੜੀ ਮੁਸ਼ਕਲ ਨਾਲ ਬੈਠ ਸਕਦੇ ਹਨ। ਹੁਣ ਜੇਕਰ ਦਸੰਬਰ ਮਹੀਨੇ ਵਿਚ ਨਿਗਮ ਚੋਣਾਂ ਸੰਪੰਨ ਹੁੰਦੀਆਂ ਹਨ ਤਾਂ ਤੁਰੰਤ ਨਵੇਂ ਕੌਂਸਲਰਾਂ ਦੀ ਮੀਟਿੰਗ ਬੁਲਾ ਕੇ ਮੇਅਰ, ਸੀਨੀਅਰ ਡਿਪਟੀ ਮੇਅਰ ਦੀ ਚੋਣ ਕਰਨੀ ਪਵੇਗੀ ਪਰ ਇਨ੍ਹਾਂ 80 ਕੌਂਸਲਰਾਂ ਨੂੰ ਮੀਟਿੰਗ ਲਈ ਕਿੱਥੇ ਬਿਠਾਇਆ ਜਾਵੇਗਾ, ਇਹ ਨਿਗਮ ਕਮਿਸ਼ਨਰ ਦੇ ਲਈ ਆਉਣ ਵਾਲੇ ਸਮੇਂ ਵਿਚ ਵੱਡੀ ਸਮੱਸਿਆ ਹੋ ਸਕਦਾ ਹੈ। 
ਜ਼ਿਕਰਯੋਗ ਹੈ ਕਿ ਕੌਂਸਲਰ ਹਾਊਸ ਦੀ ਮੀਟਿੰਗ ਵਿਚ ਕੌਂਸਲਰਾਂ ਤੋਂ ਇਲਾਵਾ ਨਗਰ ਨਿਗਮ ਦੇ ਤਮਾਮ ਵੱਡੇ ਅਧਿਕਾਰੀ, ਮੀਟਿੰਗ ਸੰਚਾਲਨ ਕਰਨ ਵਾਲਾ ਸਟਾਫ, ਸਕਿਓਰਿਟੀ ਸਟਾਫ, ਪੱਤਰਕਾਰ ਤੇ ਫੋਟੋਗ੍ਰਾਫਰਾਂ ਤੋਂ ਇਲਾਵਾ ਸ਼ਹਿਰ ਦੇ ਨੇਤਾ ਵੀ ਸ਼ਾਮਲ ਹੁੰਦੇ ਆਏ ਹਨ। ਇਸ ਵਾਰ ਨਵੇਂ ਕੌਂਸਲਰ ਹਾਊਸ ਵਿਚ ਮਹਿਲਾ ਕੌਂਸਲਰਾਂ ਦੀ ਗਿਣਤੀ 40 ਤੋਂ ਜ਼ਿਆਦਾ ਹੋਵੇਗੀ ਕਿਉਂਕਿ ਕਾਂਗਰਸ ਸਰਕਾਰ ਨੇ ਔਰਤਾਂ ਨੂੰ 50 ਫੀਸਦੀ ਰਿਜ਼ਰਵੇਸ਼ਨ ਪਾਸ ਕੀਤਾ ਹੋਇਆ ਹੈ। ਇਨ੍ਹਾਂ 40 ਵਿਚੋਂ ਜ਼ਿਆਦਾਤਰ ਔਰਤਾਂ ਨਾਲ ਉਨ੍ਹਾਂ ਦੇ ਪਤੀ ਜਾਂ ਹੋਰ ਪਰਿਵਾਰਕ ਮੈਂਬਰ ਜ਼ਰੂਰ ਆਉਣਗੇ, ਇਸ ਲਈ ਹਾਊਸ ਵਿਚ ਹਾਜ਼ਰ ਹੋਣ ਵਾਲਿਆਂ ਦੀ ਗਿਣਤੀ ਕਾਫੀ ਵਧ ਸਕਦੀ ਹੈ। 
ਰੈੱਡ ਕਰਾਸ ਭਵਨ ਜਾਂ ਦੇਸ਼ ਭਗਤ ਯਾਦਗਾਰ ਹਾਲ ਹੋ ਸਕਦਾ ਹੈ ਬਦਲ
ਕਿਉਂਕਿ ਨਗਰ ਨਿਗਮ ਵਿਚ ਸਥਿਤ ਮੌਜੂਦਾ ਟਾਊਨ ਹਾਲ ਨਵੇਂ ਕੌਂਸਲਰ ਹਾਊਸ ਦੀ ਮੀਟਿੰਗ ਲਈ ਨਾਕਾਫੀ ਹੋਵੇਗਾ, ਇਸ ਲਈ ਮੀਟਿੰਗ ਲਈ ਰੈੱਡ ਕਰਾਸ ਭਵਨ ਜਾਂ ਦੇਸ਼ ਭਗਤ ਯਾਦਗਾਰ ਹਾਲ ਇਕ ਬਦਲ ਸਾਬਤ ਹੋ ਸਕਦਾ ਹੈ। ਹਾਲਾਂਕਿ ਨਿਗਮ ਪ੍ਰਸ਼ਾਸਨ ਮੌਜੂਦਾ ਟਾਊਨ ਹਾਲ ਵਿਚ ਹੀ ਕੌਂਸਲਰ ਹਾਊਸ ਦੀ ਮੀਟਿੰਗ ਕਰਵਾਉਣ ਦਾ ਯਤਨ ਕਰੇਗਾ ਪਰ ਉਸ ਹਾਲ ਵਿਚ ਨਵੇਂ ਕੌਂਸਲਰ ਤੇ ਹੋਰ ਲੋਕ ਕਿਵੇਂ ਐਡਜਸਟ ਹੋਣਗੇ, ਇਹ ਦੇਖਣ ਵਾਲੀ ਗੱਲ ਹੋਵੇਗੀ। 
ਅਧਿਕਾਰੀਆਂ ਦੇ ਕੋਲ ਵੀ ਨਹੀਂ ਹਨ ਕਮਰੇ
ਨਗਰ ਨਿਗਮ ਦੇ ਮੌਜੂਦਾ ਐਡਮਨਿਸਟ੍ਰੇਟਿਵ ਕੰਪਲੈਕਸ ਨੂੰ ਬਣੇ 10 ਸਾਲ ਹੋ ਗਏ ਹਨ ਪਰ ਹਾਲੇ ਤਕ ਇਥੇ ਸਾਰੇ ਅਧਿਕਾਰੀਆਂ ਨੂੰ ਢੰਗ ਨਾਲ ਬਿਠਾਉਣ ਦਾ ਇੰਤਜ਼ਾਮ ਤਕ ਨਹੀਂ ਹੋ ਸਕਿਆ ਹੈ। ਇਸ ਬਿਲਡਿੰਗ ਦਾ ਨਕਸ਼ਾ ਹੀ ਅਜਿਹਾ ਬਣਿਆ ਹੈ ਕਿ ਕੁਝ ਅਧਿਕਾਰੀਆਂ ਕੋਲ ਤਾਂ ਵੱਡੇ-ਵੱਡੇ ਕਮਰੇ ਤੇ ਮੀਟਿੰਗ ਹਾਲ ਹਨ ਜਦੋਂਕਿ ਬਾਕੀ ਅਧਿਕਾਰੀਆਂ ਨੂੰ ਕਮਰਿਆਂ ਦੀ ਪਾਰਟੀਸ਼ਨ ਕਰ ਕੇ ਬੈਠਣਾ ਪੈ ਰਿਹਾ ਹੈ। ਨਵੀਂ ਬਿਲਡਿੰਗ ਵਿਚ ਵੱਡਾ ਟਾਊਨ ਹਾਲ ਬਣਾਉਣ ਲਈ ਵੀ 10 ਸਾਲ ਪਹਿਲਾਂ ਟੈਂਡਰ ਹੋਏ ਸਨ ਪਰ ਕਿਸੇ ਕਾਰਨ ਟਾਊਨ ਹਾਲ ਹੀ ਨਹੀਂ ਬਣ ਸਕਿਆ, ਜਿਸ ਕਾਰਨ ਕੌਂਸਲਰਾਂ ਨੂੰ ਵੀ ਹਾਊਸ ਦੀ ਮੀਟਿੰਗ ਦੌਰਾਨ ਢੰਗ ਨਾਲ ਬੈਠਣਾ ਨਸੀਬ ਨਹੀਂ ਹੁੰਦਾ। 


Related News