ਕਮਿਸ਼ਨਰੇਟ ਪੁਲਸ ਨੂੰ ਕੁਆਰਟਰਾਂ ''ਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੀ ਕੋਈ ਜਾਣਕਾਰੀ ਨਹੀਂ

01/15/2018 11:21:59 AM

ਜਲੰਧਰ (ਮਹੇਸ਼)— ਮਹਾਨਗਰਾਂ 'ਚ ਕਮਿਸ਼ਨਰੇਟ ਪੁਲਸ ਪ੍ਰਣਾਲੀ ਅਪਰਾਧ ਨੂੰ ਕੰਟਰੋਲ ਕਰਨ ਅਤੇ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਲਈ ਸ਼ੁਰੂ ਕੀਤੀ ਗਈ ਸੀ। ਕਮਿਸ਼ਨਰੇਟ ਨੂੰ ਕੰਟਰੋਲ ਕਰਨ ਲਈ ਆਈ. ਜੀ. ਪੱਧਰ ਦੇ ਅਧਿਕਾਰੀ ਨੂੰ ਹੀ ਤਿਆਰ ਕੀਤਾ ਜਾਂਦਾ ਹੈ। ਕਮਿਸ਼ਨਰੇਟ ਪੁਲਸ ਵਿਚ ਅਧਿਕਾਰੀਆਂ ਦੀ 'ਫੌਜ' ਤਾਇਨਾਤ ਹੈ ਪਰ ਸ਼ਾਤਿਰ ਅਪਰਾਧੀ ਅਪਰਾਧ ਦੇ ਨਵੇਂ-ਨਵੇਂ ਢੰਗ ਲੱਭ ਕੇ ਪੁਲਸ ਨੂੰ ਹਰ ਸਮੇਂ ਚੁਣੌਤੀ ਦਿੰਦੇ ਰਹੇ ਹਨ ਅਤੇ ਦੇ ਰਹੇ ਹਨ। ਕਮਿਸ਼ਨਰੇਟ ਪੁਲਸ ਸਮੇਂ-ਸਮੇਂ 'ਤੇ ਸ਼ਹਿਰ ਵਾਸੀਆਂ ਨੂੰ ਸੂਚਿਤ ਕਰਦੀ ਰਹਿੰਦੀ ਹੈ ਕਿ ਆਪਣੇ-ਆਪਣੇ ਕਿਰਾਏਦਾਰਾਂ ਦਾ ਵੇਰਵਾ ਸਬੰਧਤ ਥਾਣਿਆਂ ਵਿਚ ਜਮ੍ਹਾ ਕਰਵਾਉਣ। ਇਸ ਸੂਚਨਾ ਨੂੰ ਲੋਕ ਗੰਭੀਰਤਾ ਨਾਲ ਨਹੀਂ ਲੈਂਦੇ। ਬਹੁਤ ਘੱਟ ਲੋਕ ਹੀ ਆਪਣੇ ਕਿਰਾਏਦਾਰਾਂ ਦਾ ਵੇਰਵਾ ਪੁਲਸ ਥਾਣਿਆਂ ਵਿਚ ਦਰਜ ਕਰਵਾਉਂਦੇ ਹਨ। 
ਜਲੰਧਰ ਪੁਰਾਣਾ ਸ਼ਹਿਰ ਹੈ ਇਸ ਨੇ ਬਾਹਰੀ ਅਬਾਦੀਆਂ ਵਿਚ ਬਹੁਤ ਵਿਕਾਸ ਕੀਤਾ ਹੈ। ਸ਼ਹਿਰ ਦੇ ਕੁਝ ਲੋਕ ਵਿਕਸਿਤ ਹੋ ਰਹੀਆਂ ਕਾਲੋਨੀਆਂ ਵਿਚ ਮੁਨਾਫੇ ਲਈ ਪਲਾਟ ਖਰੀਦ ਲੈਂਦੇ ਹਨ ਅਤੇ ਰੈਗੂਲਰ ਆਮਦਨੀ ਲਈ ਉਥੇ ਪ੍ਰਵਾਸੀਆਂ ਲਈ ਹਲਕੇ ਪੱਧਰ ਦੇ ਕੁਆਰਟਰ ਕਾਹਲੀ-ਕਾਹਲੀ ਵਿਚ ਬਣਾ ਲੈਂਦੇ ਹਨ ਤਾਂ ਜੋ ਹਜ਼ਾਰਾਂ ਰੁਪਏ ਕਮਾਏ ਜਾ ਸਕਣ।
ਇਹ ਕੁਆਰਟਰ ਸ਼ਹਿਰ ਦੇ ਹਰੇਕ ਇਲਾਕੇ ਵਿਚ ਬਣੇ ਹੋਏ ਹਨ। ਇੱਥੋਂ ਤੱਕ ਕਿ ਪਾਸ਼ ਕਾਲੋਨੀਆਂ ਵਿਚ ਵੀ ਅਜਿਹੇ ਦੋ-ਤਿੰਨ ਪਲਾਟ ਆਸਾਨੀ ਨਾਲ ਮਿਲ ਜਾਣਗੇ। ਇਨ੍ਹਾਂ ਕੁਆਰਟਰਾਂ ਵਿਚ ਰਹਿਣ ਵਾਲੇ ਜ਼ਿਆਦਾਤਰ ਪ੍ਰਵਾਸੀ ਮਜ਼ਦੂਰ, ਦਿਹਾੜੀਦਾਰ, ਰਿਕਸ਼ਾ ਚਾਲਕ, ਫੇਰੀ ਵਾਲੇ, ਕਬਾੜ ਦਾ ਕੰਮ ਕਰਨ ਵਾਲੇ ਹੀ ਰਹਿੰਦੇ ਹਨ। ਇਨ੍ਹਾਂ ਦਾ ਰਿਕਾਰਡ ਨਾ ਤਾਂ ਮਾਲਕ ਕੋਲ ਹੁੰਦਾ ਹੈ ਅਤੇ ਨਾ ਹੀ ਪੁਲਸ ਕੋਲ।
ਅਪਰਾਧ ਹੋਣ ਤੋਂ ਬਾਅਦ ਹੀ ਪੁਲਸ ਕਾਰਵਾਈ ਕਰਦੀ ਹੈ ਅਤੇ ਲਕੀਰ ਨੂੰ ਪਿੱਟਦੀ ਹੈ, ਜਦੋਂ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਸ਼ੁਰੂ ਹੋ ਜਾਂਦੀ ਹੈ ਪੁਲਸ ਜਾਂਚ। ਬੀਤੀ 8 ਜਨਵਰੀ ਨੂੰ ਗੁਰੂ ਨਾਨਕਪੁਰਾ (ਵੈਸਟ) ਗਲੀ ਨੰ. 7 ਵਿਚ ਅਜਿਹੇ ਹੀ ਪ੍ਰਵਾਸੀ ਮਜ਼ਦੂਰਾਂ ਦੇ ਕੁਆਰਟਰਾਂ ਵਿਚ 16 ਸਾਲਾ ਇਕ ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ ਦੀ ਘਟਨਾ ਦੀ ਸੂਚਨਾ ਪੁਲਸ ਨੂੰ ਦੋ ਦਿਨ ਬਾਅਦ ਮਿਲੀ। ਪੀੜਤਾ ਟੀ. ਬੀ. ਨਾਲ ਪੀੜਤ ਸੀ। ਉਸ ਨਾਲ ਦਰਿੰਦਗੀ ਕਰਨ ਵਾਲਾ ਵੀ ਨਾਲ ਵਾਲੇ ਕੁਆਰਟਰ ਵਿਚ ਰਹਿੰਦਾ ਸੀ ਅਤੇ ਉਸ ਦੀ ਉਮਰ 27 ਸਾਲ ਸੀ। ਪੁਲਸ ਇਸ ਘਟਨਾ ਤੋਂ ਬਾਅਦ ਹੀ ਹਰਕਤ ਵਿਚ ਆਈ। ਅਜਿਹੀਆਂ ਕਈ ਅਪਰਾਧਕ ਵਾਰਦਾਤਾਂ ਹੁੰਦੀਆਂ ਹਨ, ਜਿਸ ਦੀ ਸੂਚਨਾ ਪੁਲਸ ਨੂੰ ਨਹੀਂ ਹੁੰਦੀ। ਜੇਕਰ ਇਨ੍ਹਾਂ ਸਾਰੇ ਕਿਰਾਏਦਾਰਾਂ ਦਾ ਵੇਰਵਾ ਮਾਲਕ ਮਕਾਨ ਥਾਣਿਆਂ ਵਿਚ ਜਮ੍ਹਾ ਕਰਵਾ ਦੇਣ ਤਾਂ ਅਪਰਾਧੀ ਅਪਰਾਧ ਕਰਨ ਤੋਂ ਪਹਿਲਾ ਡਰੇਗਾ।
ਅਪਰਾਧੀਆਂ ਦੀ ਪਨਾਹਗਾਹ ਵੀ ਹੋ ਸਕਦੇ ਹਨ ਕੁਆਰਟਰ
ਪੁਲਸ ਦੀ ਦਬਿਸ਼ ਸ਼ਾਇਦ ਹੀ ਇਨ੍ਹਾਂ ਕੁਆਰਟਰਾਂ ਵਿਚ ਰਹਿਣ ਵਾਲਿਆਂ 'ਤੇ ਕਦੇ ਪਈ ਹੋਵੇ। ਪੁਲਸ ਅਤੇ ਸਮਾਜ ਇਨ੍ਹਾਂ ਕੁਆਰਟਰਾਂ ਵਿਚ ਰਹਿਣ ਵਾਲਿਆਂ 'ਤੇ ਦਰਿਆਦਿਲੀ ਦਾ ਵਤੀਰਾ ਰੱਖਦਾ ਹੈ ਕਿਉਂਕਿ ਇਹ ਲੋਕ ਮਿਹਨਤ ਮਜ਼ਦੂਰੀ ਕਰਦੇ ਹਨ ਪਰ ਛੋਟੇ ਮੋਟੇ ਅਪਰਾਧ ਕਰਨ ਵਾਲਿਆਂ ਦੀ ਪਨਾਹਗਾਹ ਵੀ ਹੋ ਸਕਦੇ ਹਨ। 
ਝੁੱਗੀ-ਝੌਂਪੜੀ ਵਾਲੇ ਵੀ ਚਰਚਾ ਵਿਚ ਰਹਿੰਦੇ ਹਨ
ਜ਼ਿਲਾ ਪ੍ਰਸ਼ਾਸਕੀ ਕੰਪਲੈਕਸ ਦੇ ਬਾਹਰ ਲਗਭਗ 20 ਸਾਲ ਝੁੱਗੀ-ਝੌਂਪੜੀ ਵਾਲਿਆਂ ਦੀ ਬਸਤੀ ਰਹੀ ਹੈ। ਪ੍ਰਸ਼ਾਸਨ ਨੇ ਇਨ੍ਹਾਂ ਨੂੰ ਹਟਾ ਕੇ ਬਾਈਪਾਸ 'ਤੇ ਜਗ੍ਹਾ ਦੇ ਦਿੱਤੀ। ਉਸ ਤੋਂ ਬਾਅਦ ਵੀ ਕਈ ਗਰੁੱਪ ਅਜੇ ਵੀ ਛੋਟੀਆਂ ਛੋਟੀਆਂ ਝੁੱਗੀਆਂ ਬਣਾ ਕੇ ਆਪਣਾ ਡੇਰਾ ਜਮਾ ਲੈਂਦੇ ਹਨ। ਪੁਲਸ ਦੇ ਅਧਿਕਾਰੀ ਕੁਝ ਝੁੱਗੀ-ਝੌਂਪੜੀ ਵਾਲਿਆਂ ਨੂੰ ਵੀ ਅਪਰਾਧਕ ਵਿਵਹਾਰ ਵਾਲੇ ਮੰਨਦੇ ਹਨ। ਮੱਧ ਪ੍ਰਦੇਸ਼ ਅਤੇ ਹੋਰਨਾਂ ਸੂਬਿਆਂ ਦੇ ਝੁੱਗੀ-ਝੌਂਪੜੀ ਵਾਲਿਆਂ ਵਿਚ ਹੀ 'ਕਾਲਾ ਕੱਛਾ' ਗਿਰੋਹ ਸ਼ਾਮਲ ਰਿਹਾ ਹੈ। ਕਈ ਵਾਰ ਲੁੱਟ-ਖੋਹ ਦੇ ਨਾਲ-ਨਾਲ ਕਤਲ ਤੱਕ ਕਰ ਜਾਂਦੇ ਹਨ।


Related News