ਦਿਨ ਚੜ੍ਹਦੇ ਹੀ ਸੱਟਾ ਮਾਫੀਆ ’ਤੇ ਚੱਲਿਆ ਕਮਿਸ਼ਨਰੇਟ ਪੁਲਸ ਦਾ ਡੰਡਾ, 23 ਗ੍ਰਿਫ਼ਤਾਰ
Tuesday, Feb 16, 2021 - 04:16 PM (IST)
ਜਲੰਧਰ (ਸੁਧੀਰ, ਸੋਨੂੰ, ਮ੍ਰਿਦੁਲ) - ਡੀ. ਜੀ. ਪੀ. ਦੇ ਨਿਰਦੇਸ਼ ’ਤੇ ਅੱਜ ਚੰਡੀਗੜ੍ਹ ਤੋਂ ਆਈ ਟੀਮ ਨਾਲ ਕਮਿਸ਼ਨਰੇਟ ਪੁਲਸ ਨੇ ਦਿਨ ਚੜ੍ਹਦੇ ਲਾਟਰੀ ਦੀ ਆੜ ਵਿਚ ਸੱਟੇਬਾਜ਼ੀ ਕਰਨ ਵਾਲਿਆਂ ਖ਼ਿਲਾਫ਼ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ। ਛਾਪੇਮਾਰੀ ਦੌਰਾਨ 23 ਸੱਟੇਬਾਜ਼ਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਕੰਪਿਊਟਰ, ਪ੍ਰਿੰਟਰ, ਕੈਲਕੁਲੇਟਰ, ਮੋਬਾਇਲ ਫੋਨ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਬਰਾਮਦ ਕੀਤੀ। ਮੁਲਜ਼ਮਾਂ ਖ਼ਿਲਾਫ਼ ਸ਼ਹਿਰ ਦੇ ਵੱਖ-ਵੱਖ ਥਾਣਿਆਂ ਵਿਚ ਕੇਸ ਦਰਜ ਕੀਤੇ ਗਏ ਹਨ।
ਜਾਣਕਾਰੀ ਮੁਤਾਬਕ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਸੂਚਨਾ ਮਿਲੀ ਸੀ ਕਿ ਜਲੰਧਰ ਵਿਚ ਲਾਟਰੀ ਦੀ ਆੜ ਵਿਚ ਵੱਡੇ ਪੱਧਰ ਵਿਚ ਸੱਟੇਬਾਜ਼ੀ ਦਾ ਧੰਦਾ ਚੱਲ ਰਿਹਾ ਹੈ। ਇਸ ਤੋਂ ਬਾਅਦ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਅਤੇ ਚੰਡੀਗੜ੍ਹ ਤੋਂ ਆਈ ਵਿਸ਼ੇਸ਼ ਟੀਮ ਨੇ ਕਮਿਸ਼ਨਰੇਟ ਪੁਲਸ ਨਾਲ ਸਾਂਝਾ ਆਪ੍ਰੇਸ਼ਨ ਚਲਾਇਆ। ਪੁਲਸ ਨੇ ਸ਼ਹਿਰ ਦੇ ਲੰਮਾ ਪਿੰਡ, ਰਾਮਾ ਮੰਡੀ, ਜੋਤੀ ਚੌਕ, ਗੋਪਾਲ ਨਗਰ ਅਤੇ ਵਰਕਸ਼ਾਪ ਚੌਕ ਨੇੜੇ ਲਾਟਰੀ ਸਟਾਲਾਂ ’ਤੇ ਛਾਪਾਮਾਰੀ ਕਰ ਕੇ ਵੱਖ-ਵੱਖ ਥਾਣਿਆਂ ਵਿਚ ਕਰੀਬ 10 ਮਾਮਲੇ ਦਰਜ ਕਰਵਾਏ। ਦਰਜ ਮਾਮਲਿਆਂ ਵਿਚ 23 ਲੋਕਾਂ ਦੀ ਗ੍ਰਿਫ਼ਤਾਰੀ ਦਿਖਾਈ ਗਈ ਹੈ।
ਥਾਣਾ ਇੰਚਾਰਜ ਸੁਖਬੀਰ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਖਾਲਸਾ ਡੇਅਰੀ ਗੋਪਾਲ ਨਗਰ ਨੇੜਿਓਂ ਓਂਕਾਰ ਨਿਵਾਸੀ ਰਾਮ ਨਗਰ ਨੂੰ ਕਾਬੂ ਕਰ ਕੇ ਉਸ ਕੋਲੋਂ 1280 ਰੁਪਏ ਬਰਾਮਦ ਕੀਤੇ ਹਨ। ਇਸਦੇ ਨਾਲ ਹੀ ਗਾਜ਼ੀ-ਗੁੱਲਾ ਰੋਡ ’ਤੇ ਵਰਕਸ਼ਾਪ ਚੌਕ ਨੇੜਿਓਂ ਪੁਲਸ ਨੇ ਰਵੀਪਾਲ ਨਿਵਾਸੀ ਟਾਂਡਾ, ਰਾਜਿੰਦਰ ਕੁਮਾਰ ਨਿਵਾਸੀ ਗੋਪਾਲ ਨਗਰ, ਸੰਦੀਪ ਅਹੂਜਾ ਨਿਵਾਸੀ ਧਾਰੀਵਾਲ, ਜ਼ਿਲ੍ਹਾ ਹੁਸ਼ਿਆਰਪੁਰ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 6290 ਰੁਪਏ, ਇਕ ਲੈਪਟਾਪ, ਸੀ. ਪੀ. ਯੂ., ਕੀ-ਬੋਰਡ, ਪ੍ਰਿੰਟਰ, ਕੈਲਕੁਲੇਟਰ ਅਤੇ 4 ਮੋਬਾਇਲ ਫੋਨ ਬਰਾਮਦ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਦੂਜੇ ਪਾਸੇ ਥਾਣਾ ਨੰਬਰ 8 ਅਧੀਨ ਹਰਦਿਆਲ ਨਗਰ ਵਿਚ ਪੁਲਸ ਨੇ ਛਾਪੇਮਾਰੀ ਕਰ ਕੇ ਨਾਜਾਇਜ਼ ਤਰੀਕੇ ਨਾਲ ਲਾਟਰੀ ਸ਼ਾਪ ਚਲਾ ਰਹੇ ਦੁਕਾਨਦਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਚਰਨਜੀਤ ਸਿੰਘ ਪੁੱਤਰ ਸੋਹਣ ਸਿੰਘ ਨਿਵਾਸੀ ਬਸਤੀ ਸ਼ੇਖ ਵਜੋਂ ਹੋਈ ਹੈ। ਚਰਨਜੀਤ ਸਿੰਘ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 820 ਰੁਪਏ ਅਤੇ ਮੋਬਾਇਲ ਫੋਨ ਬਰਾਮਦ ਕੀਤਾ ਸੀ। ਮੋਬਾਇਲ ਵਿਚੋਂ ਕੁਝ ਪਰਚੀਆਂ ਵੀ ਮਿਲੀਆਂ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਗੈਂਬਲਿੰਗ ਐਕਟ ਸਮੇਤ ਧਾਰਾ 467, 465, 471, 420 ਆਈ. ਪੀ. ਸੀ. ਅਧੀਨ ਕੇਸ ਦਰਜ ਕਰ ਲਿਆ ਹੈ। ਦੂਜੇ ਪਾਸੇ ਥਾਣਾ ਇੰਚਾਰਜ ਇੰਸ. ਸੁਖਦੇਵ ਸਿੰਘ ਨੇ ਦੱਸਿਆ ਕਿ ਸੱਟੇਬਾਜ਼ਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਮੱਛੀ ਮਾਰਕੀਟ ਨਜ਼ਦੀਕ ਬਸਤੀ ਅੱਡਾ ਚੌਕ ਵਿਚ 2 ਦੁਕਾਨਾਂ ’ਤੇ ਛਾਪਾ ਮਾਰ ਕੇ ਐੱਸ. ਆਈ. ਜਸਪਾਲ ਸਿੰਘ, ਐੱਸ.ਆਈ. ਭਗਤਵੀਰ ਸਿੰਘ ਅਤੇ ਏ. ਐੱਸ. ਆਈ. ਗੁਰਜੀਤ ਸਿੰਘ ਦੀ ਅਗਵਾਈ ਵਿਚ 3 ਟੀਮਾਂ ਦਾ ਗਠਨ ਕੀਤਾ ਗਿਆ ਸੀ।
ਐੱਸ. ਆਈ. ਜਸਪਾਲ ਸਿੰਘ ਨੇ ਪੁਲਸ ਪਾਰਟੀ ਸਮੇਤ ਮੱਛੀ ਮਾਰਕੀਟ ਵਿਚ ਇਕ ਦੁਕਾਨ ’ਤੇ ਛਾਪਾ ਮਾਰ ਕੇ ਸੁਮਿਤ ਕੁਮਾਰ, ਨਿਤਿਨ ਕੁਮਾਰ, ਸੰਜੇ ਕੁਮਾਰ, ਵਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸੇ ਤਰ੍ਹਾਂ ਐੱਸ. ਆਈ. ਭਗਤਵੀਰ ਸਿੰਘ ਨੇ ਇਕ ਹੋਰ ਦੁਕਾਨ ’ਤੇ ਛਾਪਾ ਮਾਰ ਕੇ ਹਰਜੀਤ ਸਿੰਘ ਵਾਸੀ ਫਗਵਾੜਾ ਗੇਟ ਅਤੇ ਏ. ਐੱਸ. ਆਈ. ਗੁਰਜੀਤ ਸਿੰਘ ਨੇ ਇਕ ਦੁਕਾਨ ’ਤੇ ਛਾਪਾ ਮਾਰ ਕੇ ਰਾਜੇਸ਼ ਕੁਮਾਰ, ਮੋਹਨ ਲਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਰੇ ਮੁਲਜ਼ਮਾਂ ਕੋਲੋਂ 33,351 ਰੁਪਏ ਦੀ ਨਕਦੀ ਬਰਾਮਦ ਹੋਈ ਹੈ।
ਲੰਮਾ ਪਿੰਡ ਚੌਕ ਨੇੜੇ ‘ਕਾਲੂ’ ਦੀਆਂ 2 ਦੁਕਾਨਾਂ ਤੋਂ 6 ਮੁਲਜ਼ਮ ਗ੍ਰਿਫ਼ਤਾਰ, ਕਾਲੂ ਨਾਮਜ਼ਦ
ਪੰਜਾਬ ਸਟੇਟ ਲਾਟਰੀ ਦੀ ਆੜ ਵਿਚ ਧੜੱਲੇ ਨਾਲ ਚੱਲ ਰਹੇ ਸੱਟਾ ਮਾਫੀਆ ਖ਼ਿਲਾਫ਼ ਕਾਰਵਾਈ ਕਰਦਿਆਂ ਲੰਮਾ ਪਿੰਡ ਚੌਕ ਨੇੜੇ ਸਰਵਿਸ ਲੇਨ ’ਤੇ ਸਥਿਤ ਲਾਟਰੀ ਦੀ ਦੁਕਾਨ ਤੋਂ ਪੁਲਸ ਨੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਹੜੇ ਪੁਲਸ ਦੀ ਜਾਂਚ ਵਿਚ ਕਰਿੰਦੇ ਦੱਸੇ ਜਾ ਰਹੇ ਹਨ, ਜਦੋਂਕਿ ਅਸਲ ਮਾਲਕ ਇਸ ਸਮੇਂ ਫਰਾਰ ਦੱਸਿਆ ਜਾ ਰਿਹਾ ਹੈ। ਪੁਲਸ ਅਧਿਕਾਰੀਆਂ ਦੀ ਮੰਨੀਏ ਤਾਂ ਉਸ ਦੀਆਂ ਨਾਰਥ ਹਲਕੇ ਵਿਚ ਕੁੱਲ 150-200 ਦੁਕਾਨਾਂ ਹਨ, ਜਿਹੜੀਆਂ ਸਿਆਸੀ ਸਰਪ੍ਰਸਤੀ ਚੱਲ ਰਹੀਆਂ ਹਨ।
ਐੱਸ. ਐੱਚ. ਓ. ਸੁਲੱਖਣ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਤਫਤੀਸ਼ ਦੌਰਾਨ ਮੁਲਜ਼ਮ ‘ਕਾਲੂ’ ਨੂੰ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ। ਥਾਣੇ ਵਿਚ 2 ਪਰਚੇ ਹੋਏ ਹਨ, ਜਿਨ੍ਹਾਂ ਵਿਚੋਂ ਇਕ ਵਿਚ ਮੁਲਜ਼ਮ ਅਸ਼ਵਨੀ ਕੁਮਾਰ ਪੁੱਤਰ ਸੋਹਣ ਸਿੰਘ ਨਿਵਾਸੀ ਭਾਈ ਦਿੱਤ ਸਿੰਘ ਨਗਰ, ਭਗਤ ਸਿੰਘ ਕਾਲੋਨੀ ਦਾ ਰਹਿਣ ਵਾਲਾ ਵਿੰਨੀ ਪੁੱਤਰ ਯਸ਼ਪਾਲ ਅਤੇ ਸੰਤੋਖਪੁਰਾ ਦਾ ਰਹਿਣ ਵਾਲਾ ਰੋਹਿਤ ਸ਼ਰਮਾ ਹਨ। ਦੂਜੇ ਪਰਚੇ ਵਿਚ ਲੰਮਾ ਪਿੰਡ ਚੌਕ ਦੇ ਨੇੜੇ ਪ੍ਰਭਾਕਰ ਦਫ਼ਤਰ ਨਜ਼ਦੀਕ ਸਥਿਤ ਦੁਕਾਨ ਵਿਚੋਂ ਮੁਲਜ਼ਮ ਅਸ਼ੋਕ ਕੁਮਾਰ ਪੁੱਤਰ ਗੁਰਦੀਪ ਸਿੰਘ, ਮਨੋਜ ਕੁਮਾਰ ਪੁੱਤਰ ਰਾਏ ਬਹਾਦਰ ਨਿਵਾਸੀ ਵੱਲਾ ਗੇਟ ਮਕਸੂਦਾਂ ਅਤੇ ਅਵਤਾਰ ਕੁਮਾਰ ਪੁੱਤਰ ਸਤਪਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਇੰਚਾਰਜ ਮੁਤਾਬਕ ਲੰਮਾ ਪਿੰਡ ਚੌਕ ਵਿਚ ਸਥਿਤ ਦੋਵੇਂ ਦੁਕਾਨਾਂ ‘ਕਾਲੂ’ ਨਾਮੀ ਵਿਅਕਤੀਆਂ ਦੀਆਂ ਹਨ, ਹਾਲਾਂਕਿ ਉਸ ਦੀਆਂ ਨਾਰਥ ਸਮੇਤ ਸੈਂਟਰਲ ਹਲਕੇ ਵਿਚ ਕਾਫੀ ਲਾਟਰੀ ਦੀਆਂ ਦੁਕਾਨਾਂ ਹਨ। ਕਰੀਬ 150-200 ਦੁਕਾਨਾਂ ਹੋਣ ਕਾਰਣ ਉਸਨੂੰ ਕਾਫੀ ਵੱਡੇ ਪੱਧਰ ’ਤੇ ਸਿਆਸੀ ਸਰਪ੍ਰਸਤੀ ਹਾਸਲ ਹੈ, ਜਿਸ ਕਾਰਨ ਉਹ ਫ਼ਰਾਰ ਚੱਲ ਰਿਹਾ ਹੈ।
ਛਾਪੇਮਾਰੀ ਦਾ ਪਤਾ ਲੱਗਦੇ ਦੁਕਾਨਾਂ ਬੰਦ ਕਰ ਕੇ ਫ਼ਰਾਰ ਹੋਏ ਸੱਟੇਬਾਜ਼
ਦਿਨ ਚੜ੍ਹਦੇ ਸੱਟੇਬਾਜ਼ਾਂ ਖ਼ਿਲਾਫ਼ ਸ਼ਿਕੰਜਾ ਕੱਸਣ ਦੀ ਖ਼ਬਰ ਜੰਗਲ ਵਿਚ ਅੱਗ ਵਾਂਗ ਫੈਲ ਗਈ। ਪੁਲਸ ਵੱਲੋਂ ਕਈ ਸੱਟੇਬਾਜ਼ਾਂ ਦੀਆਂ ਦੁਕਾਨਾਂ ’ਤੇ ਛਾਪੇਮਾਰੀ ਦੌਰਾਨ ਦਰਜਨ ਦੇ ਕਰੀਬ ਸੱਟੇਬਾਜ਼ਾਂ ਦੇ ਫੜੇ ਜਾਣ ਤੋਂ ਬਾਅਦ ਸ਼ਹਿਰ ਵਿਚ ਕਈ ਥਾਵਾਂ ’ਤੇ ਸੱਟੇਬਾਜ਼ ਆਪਣੀਆਂ ਦੁਕਾਨਾਂ ਬੰਦ ਕਰ ਕੇ ਮੌਕੇ ਤੋਂ ਫ਼ਰਾਰ ਹੋ ਗਏ।
ਪੁਲਸ ਨੇ ਧੋਖਾਧੜੀ ਦੀ ਧਾਰਾ ਲਾਈ
ਆਮ ਤੌਰ ’ਤੇ ਸ਼ਹਿਰ ਵਿਚ ਲਾਟਰੀ ਸਟਾਲਾਂ ’ਤੇ ਛਾਪੇਮਾਰੀ ਦੌਰਾਨ ਕਮਿਸ਼ਨਰੇਟ ਪੁਲਸ ਸੱਟੇਬਾਜ਼ਾਂ ਨੂੰ ਕਾਬੂ ਕਰਨ ਤੋਂ ਬਾਅਦ ਗੈਂਬਲਿੰਗ ਐਕਟ ਤਹਿਤ ਮਾਮਲਾ ਦਰਜ ਕਰਦੀ ਹੈ। ਇਸ ਕਾਰਣ ਮਾਮਲਾ ਦਰਜ ਹੋਣ ਤੋਂ ਬਾਅਦ ਸੱਟੇਬਾਜ਼ ਥਾਣੇ ਤੋਂ ਜ਼ਮਾਨਤ ਲੈ ਕੇ ਛੁੱਟ ਜਾਂਦੇ ਸਨ ਪਰ ਅੱਜ ਦੀ ਕਾਰਵਾਈ ਦੌਰਾਨ ਕਮਿਸ਼ਨਰੇਟ ਪੁਲਸ ਨੇ ਕਾਬੂ ਸੱਟੇਬਾਜ਼ਾਂ ਖ਼ਿਲਾਫ਼ ਗੈਰ-ਜ਼ਮਾਨਤੀ ਧੋਖਾਧੜੀ ਦੀ ਧਾਰਾ 420 ਵੀ ਜੋੜੀ ਹੈ।
ਬੰਦ ਲਾਟਰੀ ’ਤੇ ਵੀ ਲੱਗ ਰਿਹਾ ਵੱਡਾ ਸੱਟਾ : ਡੀ. ਸੀ. ਪੀ.
ਡੀ. ਸੀ. ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਸੱਟੇਬਾਜ਼ਾਂ ਖ਼ਿਲਾਫ਼ ਚਲਾਈ ਮੁਹਿੰਮ ਵਿਚ ਚੰਡੀਗੜ੍ਹ ਤੋਂ ਵਿਸ਼ੇਸ਼ ਰੂਪ ਨਾਲ ਪੰਜਾਬ ਸਟੇਟ ਲਾਟਰੀ ਦੀ ਟੀਮ ਵੀ ਸ਼ਾਮਲ ਹੋਈ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਬੰਦ ਲਾਟਰੀ ’ਤੇ ਵੀ ਵੱਡਾ ਸੱਟਾ ਲੱਗ ਰਿਹਾ ਹੈ, ਇਸ ਕਾਰਣ ਸਪੈਸ਼ਲ ਬ੍ਰਾਂਚ ਅਤੇ ਸ਼ਹਿਰ ਦੇ ਵੱਖ-ਵੱਖ ਥਾਣਿਆਂ ਦੇ ਇੰਚਾਰਜਾਂ ਨੂੰ ਇਸ ਮੁਹਿੰਮ ਵਿਚ ਸ਼ਾਮਲ ਕਰ ਕੇ ਕਮਿਸ਼ਨਰੇਟ ਪੁਲਸ ਵੱਲੋਂ ਸਾਂਝਾ ਆਪ੍ਰੇਸ਼ਨ ਚਲਾਇਆ ਗਿਆ। ਕਮਿਸ਼ਨਰੇਟ ਪੁਲਸ ਨੇ ਕਰੀਬ 10 ਤੋਂ 15 ਥਾਵਾਂ ’ਤੇ ਛਾਪੇਮਾਰੀ ਕਰ ਕੇ ਕਰੀਬ 23 ਲੋਕਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਕਰੀਬ 58 ਹਜ਼ਾਰ ਦੀ ਨਕਦੀ, ਕੰਪਿਊਟਰ ਅਤੇ ਮੋਬਾਇਲ ਫੋਨ ਬਰਾਮਦ ਕੀਤੇ ਹਨ। ਪੁਲਸ ਸੱਟੇਬਾਜ਼ਾਂ ਕੋਲੋਂ ਬਰਾਮਦ ਮੋਬਾਇਲ ਫੋਨ ਅਤੇ ਦੁਕਾਨਾਂ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੇ ਰਿਕਾਰਡ ਦੀ ਜਾਂਚ ਕਰ ਕੇ ਇਨ੍ਹਾਂ ਦੇ ਨੈੱਟਵਰਕ ਨੂੰ ਬ੍ਰੇਕ ਕਰੇਗੀ।