ਅਧਿਆਪਕਾਂ, ਮੁਲਾਜ਼ਮਾਂ ਤੇ ਸਕੂਲਾਂ-ਕਾਲਜਾਂ ਦੀਆਂ ਮੰਗਾਂ ਸਰਕਾਰ ਬਣਨ ’ਤੇ ਕੀਤੀਆਂ ਜਾਣਗੀਆਂ ਪੂਰੀਆਂ : ਸ਼ਰਮਾ
Sunday, Aug 29, 2021 - 10:44 PM (IST)
ਚੰਡੀਗੜ੍ਹ(ਸ਼ਰਮਾ)- ਭਾਰਤੀ ਜਨਤਾ ਪਾਰਟੀ, ਪੰਜਾਬ ਦੇ ਸੂਬਾਈ ਐਜੂਕੇਸ਼ਨ ਸੈੱਲ ਦੀ ਕਾਰਜਕਾਰਨੀ ਬੈਠਕ ਐਜੂਕੇਸ਼ਨ ਸੈੱਲ ਦੇ ਸੂਬਾਈ ਕਨਵੀਨਰ ਪੰਕਜ ਮਹਾਜਨ ਦੀ ਅਗਵਾਈ ਹੇਠ ਭਾਜਪਾ ਦੇ ਸੂਬਾਈ ਹੈੱਡਕੁਆਰਟਰ ਚੰਡੀਗੜ੍ਹ ਵਿਖੇ ਹੋਈ। ਇਸ ਬੈਠਕ ਵਿਚ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਬੈਠਕ ਵਿਚ ਪੁੱਜਣ ’ਤੇ ਐਜੂਕੇਸ਼ਨ ਸੈੱਲ ਦੇ ਸੂਬਾਈ ਅਧਿਕਾਰੀਆਂ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਮੀਟਿੰਗ ਵਿਚ ਸਮੁੱਚੇ ਪੰਜਾਬ ਤੋਂ ਪ੍ਰੋਫੈਸਰ, ਲੈਕਚਰਾਰ, ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਅਧਿਆਪਕ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਸੂਬਾ ਪ੍ਰਧਾਨ ਨੂੰ ਕਾਂਗਰਸ ਸਰਕਾਰ ਵਲੋਂ ਉਨ੍ਹਾਂ ਨਾਲ ਕੀਤੇ ਜਾ ਧੱਕੇ ਅਤੇ ਵਿਤਕਰੇ ਬਾਰੇ ਜਾਣਕਾਰੀ ਦਿੱਤੀ। ਅਸ਼ਵਨੀ ਸ਼ਰਮਾ ਵਲੋਂ ਇਸ ਬੈਠਕ ਦੌਰਾਨ ਪੰਜਾਬ ਦੇ ਨੌਜਵਾਨਾਂ ਲਈ ਕੈਰੀਅਰ ਗਾਈਡੈਂਸ ਹੈਲਪਲਾਈਨ ਵੀ ਲਾਂਚ ਕੀਤੀ ਗਈ।
ਇਹ ਵੀ ਪੜ੍ਹੋ- ਸੁਖਬੀਰ ਵੱਲੋਂ ਐਲਾਨੀ ਹਲਕਾ ਫੂਲ ਦੀ ਟਿਕਟ 'ਤੇ ਮਲੂਕਾ ਨੇ ਚੋਣ ਲੜਨ ਤੋਂ ਕੀਤਾ ਇਨਕਾਰ
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਵਿਚ ਭਾਜਪਾ ਸਰਕਾਰ ਬਣਨ ਤੇ ਅਧਿਆਪਕਾਂ, ਮੁਲਾਜ਼ਮਾਂ ਅਤੇ ਸਕੂਲ ਕਾਲਜਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਕੇ ਲਾਗੂ ਕਰਨ ਅਤੇ ਇਨ੍ਹਾਂ ਮੰਗਾਂ ਨੂੰ ਪ੍ਰਮੁੱਖ ਤੌਰ ’ਤੇ ਭਾਜਪਾ ਦੇ ਚੋਣ ਮਨੋਰਥ ਪੱਤਰ ਵਿਚ ਸ਼ਾਮਲ ਕਰਕੇ ਪੂਰਾ ਕਰਨ ਦਾ ਭਰੋਸਾ ਦਿੱਤਾ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸੂਬੇ ਵਿਚ ਭਾਜਪਾ ਸਰਕਾਰ ਬਣਨ ’ਤੇ ਕੱਚੇ ਅਧਿਆਪਕਾਂ ਅਤੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ, ਪੰਜਾਬ ਦੇ ਪ੍ਰਾਈਵੇਟ ਸਕੂਲਾਂ ਨੂੰ ਹਰਿਆਣਾ ਪੈਟਰਨ ਦੇ ਆਧਾਰ ’ਤੇ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਏਡਿਡ ਸਕੂਲਾਂ ਵਿਚ 8000 ਖਾਲੀ ਅਸਾਮੀਆਂ ਹਨ ਅਤੇ ਭਾਜਪਾ ਸਰਕਾਰ ਬਣਨ ’ਤੇ ਇਨ੍ਹਾਂ ਨੂੰ ਭਰਿਆ ਜਾਵੇਗਾ। ਭਾਜਪਾ ਸਰਕਾਰ ਬਣਨ ’ਤੇ ਸੂਬੇ ਦੇ ਅਧਿਆਪਕਾਂ ਅਤੇ ਮੁਲਾਜ਼ਮਾਂ ਲਈ ਪੇ-ਕਮਿਸ਼ਨ ਦੀਆਂ ਸਿਫਾਰਿਸ਼ਾਂ ਪੂਰੀ ਤਰ੍ਹਾਂ ਲਾਗੂ ਕੀਤੀਆਂ ਜਾਣਗੀਆਂ, ਪੰਜਾਬ ਵਿਚ ਨਵੀਂ ਐਜੂਕੇਸ਼ਨ ਪਾਲਿਸੀ (ਨਵੀਂ ਸਿੱਖਿਆ ਨੀਤੀ) ਨੂੰ ਵੀ ਲਾਗੂ ਕੀਤਾ ਜਾਵੇਗਾ, ਸਿੱਖਿਆ ਵਿਚ ਸੁਧਾਰ ਦੇ ਲਈ ਐਜੂਕੇਸ਼ਨ ਕਮਿਸ਼ਨ ਬਣਾਇਆ ਜਾਵੇਗਾ, ਤਾਂ ਜੋ ਸੂਬੇ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਹਾਸਲ ਹੋ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ 22 ਹਜ਼ਾਰ ਐਸੋਸੀਏਟ ਸਕੂਲਾਂ ਦੀਆਂ ਮੰਗਾਂ ਨੂੰ ਵੀ ਪੂਰਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ 'ਆਪ' ਦੇ ਮਹਿਲਾ ਵਿੰਗ 'ਤੇ ਪੁਲਸ ਵੱਲੋਂ ਕੀਤੀ ਗਈ ਕਾਰਵਾਈ ਨਿੰਦਣਯੋਗ, ਲਵਾਂਗੇ ਸਖਤ ਐਕਸ਼ਨ : ਗੁਲਾਟੀ
ਇਸ ਬੈਠਕ ਵਿਚ ਭਾਜਪਾ ਦੇ ਕੌਮੀ ਸਕੱਤਰ ਅਤੇ ਸੂਬਾ ਸਹਿ ਇੰਚਾਰਜ ਡਾ. ਨਰਿੰਦਰ ਸਿੰਘ ਰਾਣਾ, ਸੰਗਠਨ ਜਰਨਲ ਸਕੱਤਰ ਦਿਨੇਸ਼ ਕੁਮਾਰ, ਪੰਜਾਬ ਦੇ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ, ਰਾਜੇਸ਼ ਬਾਘਾ, ਸੂਬਾ ਭਾਜਪਾ ਕੋਆਰਡੀਨੇਟਰ (ਸੈੱਲ) ਜਤਿੰਦਰ ਕਾਲੜਾ ਅਤੇ ਸਹਿ ਕੋਆਰਡੀਨੇਟਰ ਰਾਕੇਸ਼ ਸ਼ਰਮਾ ਆਦਿ ਹਾਜ਼ਰ ਹਨ।