ਕਾਲਜ ਵਿਦਿਆਰਥੀਆਂ ਵਲੋਂ ਫੀਸਾਂ ਨੂੰ ਲੈ ਕੇ ਚੰਡੀਗੜ੍ਹ ਹਾਈਵੇਅ ਜਾਮ

Wednesday, Aug 01, 2018 - 03:58 PM (IST)

ਸਮਰਾਲਾ (ਸੰਜੇ ਗਰਗ) : ਸਥਾਨਕ ਮਾਲਵਾ ਕਾਲਜ 'ਚ ਪੜ੍ਹਦੇ ਐਸ. ਸੀ. ਸ਼੍ਰੇਣੀ ਦੇ ਵਿੱਦਿਆਰਥੀਆਂ ਨੇ ਫੀਸਾਂ ਦੇ ਰੇੜਕੇ ਨੂੰ ਲੈ ਕੇ ਕਾਲਜ ਪ੍ਰਬੰਧਕ ਕਮੇਟੀ ਖਿਲਾਫ਼ ਰੋਸ ਪ੍ਰਗਟ ਕਰਦੇ ਹੋਏ ਲੁਧਿਆਣਾ-ਚੰਡੀਗੜ੍ਹ•ਹਾਈਵੇਅ ਜਾਮ ਕਰ ਦਿੱਤਾ। ਇਸ ਦੌਰਾਨ ਭੜਕੇ ਹੋਏ ਵਿਦਿਆਰਥੀਆਂ ਨੇ ਉਨ੍ਹਾਂ ਦੀ ਸੁਣਵਾਈ ਨਾ ਕੀਤੇ ਜਾਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਕਾਲਜ ਕਮੇਟੀ ਸਰਕਾਰ ਦੀਆਂ ਹਦਾਇਤਾਂ ਤੋਂ ਉਲਟ ਉਨ੍ਹਾਂ ਪਾਸੋਂ ਜ਼ਬਰੀ ਇਸ ਹਲਫ਼ੀਆ ਬਿਆਨ ਦੀ ਮੰਗ ਕਰ ਰਹੀ ਹੈ ਕਿ ਜੇਕਰ ਉਨ੍ਹਾਂ ਨੇ ਸਮੇਂ 'ਤੇ ਕਾਲਜ ਫੀਸ ਅਦਾ ਨਾ ਕੀਤੀ ਤਾਂ ਕਾਲਜ ਉਨ੍ਹਾਂ ਨੂੰ ਪ੍ਰੀਖਿਆ ਦੇਣ ਤੋਂ ਅਯੋਗ ਕਰਾਰ ਦੇਣ ਤੋਂ ਇਲਾਵਾ ਵਿਦਿਆਰਥੀਆਂ 'ਤੇ ਕਾਨੂੰਨੀ ਕਾਰਵਾਈ ਵੀ ਕਰ ਸਕਦਾ ਹੈ।
ਜ਼ਿਕਰਯੋਗ ਹੈ ਕਿ ਹਾਲ 'ਚ ਹੀ ਪੰਜਾਬ ਸਰਕਾਰ ਨੇ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਵਿੱਚ ਪੜ੍ਹਦੇ ਐਸ. ਸੀ. ਸ਼੍ਰੇਣੀ ਦੇ ਵਿਦਿਆਰਥੀਆਂ ਦੀ ਕਾਲਜ ਫੀਸ ਜੋ ਕਿ ਪਹਿਲਾਂ ਕਾਲਜਾਂ ਨੂੰ ਅਦਾ ਕੀਤੀ ਜਾਂਦੀ ਸੀ, ਦੀ ਬਜਾਏ ਸਿੱਧੇ ਵਿਦਿਆਰਥੀਆਂ ਦੇ ਬੈਂਕ ਖਾਤਿਆਂ 'ਚ ਭੇਜਣ ਦਾ ਫੈਸਲਾ ਲਿਆ ਹੈ। ਇਸ ਫੈਸਲੇ ਤੋਂ ਪਿੱਛੋਂ ਕਾਲਜਾਂ ਨੇ ਐਸ. ਸੀ. ਸ਼੍ਰੇਣੀ ਦੇ ਵਿਦਿਆਰਥੀਆਂ ਤੋਂ ਆਪਣੀ ਫੀਸ ਵਸੂਲਣ ਲਈ ਅਜਿਹੇ ਹਲਫ਼ੀਆਂ ਬਿਆਨਾਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ 'ਚ ਵਿਦਿਆਰਥੀਆਂ ਪਾਸੋਂ ਇਹ ਲਿਖਿਆ ਗਿਆ ਹੈ ਕਿ ਕਾਲਜ ਫੀਸ ਸਮੇਂ 'ਤੇ ਜਮ੍ਹਾਂ ਨਾ ਹੋਣ ਦੀ ਸੂਰਤ 'ਚ ਸਾਰੀ ਜ਼ਿੰਮੇਵਾਰੀ ਵਿਦਿਆਰਥੀ ਦੀ ਹੋਵੇਗੀ ਅਤੇ ਉਸ ਨੂੰ ਪ੍ਰੀਖਿਆ ਤੋਂ ਅਯੋਗ ਕਰਾਰ ਦਿੱਤਾ ਜਾਵੇਗਾ, ਜਦੋਂ ਕਿ ਦੂਜੇ ਪਾਸੇ ਵਿਦਿਆਰਥੀ ਇਹ ਮੰਗ ਕਰ ਰਹੇ ਹਨ ਕਿ ਕਾਲਜ ਸਿਰਫ ਇਹ ਹਲਫ਼ੀਆ ਬਿਆਨ ਲੈਣ ਕਿ ਸਰਕਾਰ ਵੱਲੋਂ ਉਨ੍ਹਾਂ ਦੇ ਖਾਤਿਆਂ 'ਚ ਰਕਮ ਭੇਜਣ ਪਿੱਛੋਂ ਹੀ ਵਿੱਦਿਆਰਥੀ ਫੀਸ ਸਮੇਂ 'ਤੇ ਕਾਲਜ ਵਿੱਚ ਜਮ੍ਹਾਂ ਕਰਾਉਣ ਲਈ ਜ਼ਿਮੇਵਾਰ ਹੋਣਗੇ।

ਜੇਕਰ ਸਰਕਾਰ ਹੀ ਰਾਸ਼ੀ ਨਹੀਂ ਭੇਜਦੀ ਤਾਂ ਅਜਿਹੇ 'ਚ ਵਿਦਿਆਰਥੀ ਵਰਗ 'ਤੇ ਕਾਰਵਾਈ ਕਿਵੇ ਜਾਇਜ਼ ਹੋ ਸਕਦੀ ਹੈ। ਇਸ ਮੁੱਦੇ ਨੂੰ ਸੁਲਝਾਉਣ ਲਈ ਮੌਕੇ 'ਤੇ ਪੁੱਜੇ ਐਸ. ਐਚ. ਓ. ਭੁਪਿੰਦਰ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਕਾਲਜ ਕਮੇਟੀ ਦੇ ਡਾਇਰੈਕਟਰ ਅਤੇ ਵਿਦਿਆਰਥੀਆਂ ਨੂੰ ਸਮਝਾ-ਬੁਝਾ ਕੇ ਅਖੀਰ ਇਹ ਫੈਸਲਾ ਲਾਗੂ ਕਰਵਾ ਦਿੱਤਾ ਕਿ ਸਰਕਾਰ ਵੱਲੋਂ ਵਿਦਿਆਰਥੀਆਂ ਦੇ ਬੈਂਕ ਖਾਤਿਆਂ 'ਚ ਫੀਸ ਭੇਜਦੇ ਹੀ ਉਸ ਨੂੰ ਕਾਲਜ 'ਚ ਜਮਾਂ ਕਰਾਉਣ ਦੀ ਜ਼ਿੰਮੇਵਾਰੀ ਵਿਦਿਅਰਥੀਆਂ ਦੀ ਹੋਵੇਗੀ। ਜੇਕਰ ਸਰਕਾਰ ਹੀ ਰਾਸ਼ੀ ਨਹੀਂ ਭੇਜਦੀ ਤਾਂ ਅਜਿਹੀ ਸੂਰਤ 'ਚ ਕਿਸੇ ਵੀ ਵਿਦਿਆਰਥੀ ਨੂੰ ਕਾਲਜ ਅਯੋਗ ਕਰਾਰ ਦੇ ਕੇ ਉਸ ਨੂੰ ਪ੍ਰੀਖਿਆ ਦੇਣ ਤੋਂ ਰੋਕ ਨਹੀਂ ਸਕਦਾ।


Related News