ਕਾਲਜ ਪ੍ਰੋਫੈਸਰਾਂ ਡੀ. ਸੀ. ਦਫ਼ਤਰ ਅੱਗੇ ਕੀਤੀ ਨਾਅਰੇਬਾਜ਼ੀ
Wednesday, Jan 31, 2018 - 11:25 AM (IST)

ਸ੍ਰੀ ਮੁਕਤਸਰ ਸਾਹਿਬ (ਪਵਨ, ਦਰਦੀ) - ਪੰਜਾਬ ਅਤੇ ਚੰਡੀਗੜ੍ਹ ਕਾਲਜ ਯੂਨੀਅਨ ਦੇ ਸੱਦੇ 'ਤੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਅੰਬੇਡਕਰ ਪਾਰਕ ਵਿਖੇ ਚਾਰ ਜ਼ਿਲਿਆਂ ਫਾਜ਼ਿਲਕਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਮੋਗਾ ਦੇ ਪ੍ਰਾਈਵੇਟ ਕਾਲਜਾਂ ਦੇ ਪ੍ਰੋਫੈਸਰਾਂ ਵੱਲੋਂ ਕਾਰਜਕਾਰਨੀ ਮੈਂਬਰ ਡਾ. ਬ੍ਰਹਮਵੇਦ ਸ਼ਰਮਾ ਦੀ ਅਗਵਾਈ 'ਚ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਡਾ. ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਉੱਚ ਸਿੱਖਿਆ ਵਿਰੋਧੀ ਨੀਤੀਆਂ ਅਤੇ ਅੜੀਅਲ ਵਤੀਰੇ ਦੇ ਰੋਸ ਵਜੋਂ ਇਹ ਪ੍ਰਦਰਸ਼ਨ ਸੂਬਾ ਪੱਧਰ 'ਤੇ ਕੀਤਾ ਗਿਆ ਹੈ। ਉਨ੍ਹਾਂ ਨੇ ਅਧਿਆਪਕਾਂ ਨੂੰ ਭਵਿੱਖ 'ਚ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ। ਇਸੇ ਦੌਰਾਨ ਪ੍ਰੋ. ਪਰਵਿੰਦਰ ਕੰਬੋਜ ਨੇ ਐਜੂਕੇਸ਼ਨ ਕਾਲਜਾਂ ਦੇ ਅਧਿਆਪਕਾਂ ਨੂੰ ਆ ਰਹੀਆਂ ਸਮੱਸਿਆਵਾਂ 'ਤੇ ਬੋਲਦਿਆਂ ਮੰਗ ਕੀਤੀ ਕਿ ਉਨ੍ਹਾਂ ਦੇ ਮਸਲਿਆਂ ਦਾ ਤੁਰੰਤ ਹੱਲ ਕੀਤਾ ਜਾਵੇ, ਜਦਕਿ ਡਾ. ਸੁਰਿੰਦਰ ਸਿੰਘ ਸੰਧੂ ਅਤੇ ਫਾਜ਼ਿਲਕਾ ਦੇ ਜ਼ਿਲਾ ਪ੍ਰਧਾਨ ਪ੍ਰੋ. ਰਾਜੇਸ਼ ਖੱਤਰੀ ਨੇ ਸੱਤਵੇਂ ਪੇ-ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨ ਦੀ ਮੰਗ ਉਠਾਈ।
ਪ੍ਰੋ. ਭੁਪਿੰਦਰ ਸਿੰਘ ਜੱਸਲ ਨੇ ਸਮੂਹ ਪ੍ਰਿੰਸੀਪਲਾਂ ਅਤੇ ਮੈਨੇਜਮੈਂਟ ਕਮੇਟੀਆਂ ਨੂੰ ਇਸ ਸੰਘਰਸ਼ 'ਚ ਵਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਅੰਤ 'ਚ ਕਾਲਜ ਪ੍ਰੋਫੈਸਰਾਂ ਨੇ ਆਪਣੀਆਂ ਮੰਗਾਂ ਸਬੰਧੀ ਇਕ ਮੰਗ-ਪੱਤਰ ਏ. ਡੀ. ਸੀ. ਰਾਜਪਾਲ ਸਿੰਘ ਨੂੰ ਦਿੱਤਾ।