ਠੰਡ ਦੀ ਪਿਕਚਰ ਅਜੇ ਬਾਕੀ ਹੈ, ਮੌਸਮ ਵਿਭਾਗ ਦੀ ਭਵਿੱਖਬਾਣੀ ਨੇ ਵਧਾਈ ਚਿੰਤਾ, ਪੰਜਾਬੀਆਂ ਨੂੰ ਫਿਰ ਛਿੜੇਗਾ ਕਾਂਬਾ

Monday, Jan 16, 2023 - 06:31 PM (IST)

ਠੰਡ ਦੀ ਪਿਕਚਰ ਅਜੇ ਬਾਕੀ ਹੈ, ਮੌਸਮ ਵਿਭਾਗ ਦੀ ਭਵਿੱਖਬਾਣੀ ਨੇ ਵਧਾਈ ਚਿੰਤਾ, ਪੰਜਾਬੀਆਂ ਨੂੰ ਫਿਰ ਛਿੜੇਗਾ ਕਾਂਬਾ

ਚੰਡੀਗੜ੍ਹ : ਹਿਮਾਚਲ ਪ੍ਰਦੇਸ਼ ਵਿਚ ਹੋਈ ਭਾਰੀ ਬਰਫ਼ਬਾਰੀ ਕਰਕੇ ਪੰਜਾਬ ਵਿਚ ਠੰਡ ਦਾ ਕਹਿਰ ਜਾਰੀ ਹੈ। ਲੰਘੀ ਰਾਤ ਤੋਂ ਚੱਲ ਰਹੀਆਂ ਹੱਡ ਚੀਰਵੀਆਂ ਸੀਤ ਹਵਾਵਾਂ ਨੇ ਲੋਕਾਂ ਨੂੰ ਦਿਨ ਵਿਚ ਕੰਬਣੀ ਛੇੜੀ ਰੱਖੀ। ਪੰਜਾਬ ਵਿਚ ਐਤਵਾਰ ਨੂੰ ਇਸ ਸੀਜ਼ਨ ਦੀ ਸਭ ਤੋਂ ਵੱਧ ਠੰਡ ਪਈ ਹੈ, ਜਦਕਿ ਫ਼ਰੀਦਕੋਟ ਵਿਚ ਘੱਟ ਤੋਂ ਘੱਟ ਤਾਪਮਾਨ ਮਾਈਨਸ ਇਕ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਹ ਆਮ ਨਾਲੋਂ 5.8 ਡਿਗਰੀ ਸੈਲਸੀਅਸ ਘੱਟ ਸੀ। ਇਸੇ ਤਰ੍ਹਾਂ ਪੰਜਾਬ ਦੇ ਅੱਧਾ ਦਰਜਨ ਤੋਂ ਵੱਧ ਜ਼ਿਲ੍ਹਿਆਂ ਵਿਚ ਘੱਟ ਤੋਂ ਘੱਟ ਤਾਪਮਾਨ 3 ਡਿਗਰੀ ਸੈਲਸੀਅਸ ਤੋਂ ਹੇਠਾਂ ਰਿਹਾ। ਉਂਝ ਸੂਬੇ ਦੇ ਜ਼ਿਆਦਾਤਰ ਖੇਤਰਾਂ ਵਿਚ ਤਿੱਖੀ ਧੁੱਪ ਨਿਕਲੀ ਪਰ ਸੀਤ ਹਵਾਵਾਂ ਚੱਲਣ ਕਰਕੇ ਲੋਕਾਂ ਨੂੰ ਠੰਡ ਤੋਂ ਰਾਹਤ ਨਾ ਮਿਲ ਸਕੀ। ਇਸੇ ਤਰ੍ਹਾਂ ਮਾਈਨਸ 4.7 ਡਿਗਰੀ ਨਾਲ ਸੀਕਰ ਜ਼ਿਲ੍ਹੇ ਦਾ ਫਤਿਹਪੁਰ ਰਾਜਸਥਾਨ ਦਾ ਸਭ ਤੋਂ ਠੰਡਾ ਇਲਾਕਾ ਰਿਹਾ। 

ਇਹ ਵੀ ਪੜ੍ਹੋ : ਕਬੱਡੀ ’ਚ ਵੱਡਾ ਨਾਮਣਾ ਖੱਟਣ ਵਾਲੇ ਚੋਟੀ ਦੇ ਰੇਡਰ ਅਮਰਪ੍ਰੀਤ ਅਮਰੀ ਦੀ ਕੈਨੇਡਾ ’ਚ ਮੌਤ

ਮੌਸਮ ਵਿਭਾਗ ਨੇ ਪੰਜਾਬ ਵਿਚ ਅਗਲੇ 4 ਦਿਨ ਸੰਘਣੀ ਧੁੰਦ ਅਤੇ ਸੀਤ ਲਹਿਰ ਚੱਲਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਨੇ 16 ਤੇ 17 ਜਨਵਰੀ ਨੂੰ ਔਰੇਂਜ ਅਲਰਟ ਅਤੇ 18 ਤੇ 19 ਜਨਵਰੀ ਨੂੰ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ’ਚ ਅਗਲੇ 48 ਘੰਟੇ ਘੱਟ ਤੋਂ ਘੱਟ ਤਾਪਮਾਨ ਵਿਚ 1 ਤੋਂ 2 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਜਾਵੇਗੀ, ਜਦੋਂ ਕਿ ਉਸ ਤੋਂ ਬਾਅਦ ਪੰਜਾਬ ਦੇ ਘੱਟ ਤੋਂ ਘੱਟ ਤਾਪਮਾਨ ਵਿਚ 3 ਤੋਂ 5 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਜਾਵੇਗਾ। ਪੰਜਾਬ ਦੇ ਬਠਿੰਡਾ ਵਿਚ ਘੱਟ ਤੋਂ ਘੱਟ ਤਾਪਮਾਨ ਇਕ ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਸੇ ਤਰ੍ਹਾਂ ਬਰਨਾਲਾ ਵਿਚ 1.9 ਡਿਗਰੀ ਸੈਲਸੀਅਸ, ਅੰਮ੍ਰਿਤਸਰ ’ਚ 1.6, ਜਲੰਧਰ ’ਚ 2, ਮੋਗਾ 0.5, ਮੁਕਤਸਰ 2.3, ਪਟਿਆਲਾ 3, ਗੁਰਦਾਸਪੁਰ 3.7, ਫਤਿਹਗੜ੍ਹ ਸਾਹਿਬ 5.8, ਲੁਧਿਆਣਾ 4.9, ਚੰਡੀਗੜ੍ਹ 6.3 ਅਤੇ ਨਵਾਂਸ਼ਹਿਰ ਵਿਚ 7.3 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਵਿਆਹ ਤੋਂ 7 ਸਾਲ ਬਾਅਦ ਵੀ ਨਾ ਹੋਇਆ ਬੱਚਾ, ਹੈਵਾਨ ਬਣੇ ਪਤੀ ਨੇ ਪਤਨੀ ਨੂੰ ਦਿੱਤੀ ਦਰਦਨਾਕ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News