ਚੋਣ ਜ਼ਾਬਤਾ : 50 ਹਜ਼ਾਰ ਤੋਂ ਵੱਧ ਕੈਸ਼ ਦਾ ਦੇਣਾ ਪਵੇਗਾ ਹਿਸਾਬ
Friday, Mar 15, 2019 - 11:17 AM (IST)
ਮੋਹਾਲੀ (ਕੁਲਦੀਪ) : ਲੋਕ ਸਭਾ ਚੋਣ 2019 ਸਬੰਧੀ ਚੋਣ ਕਮਿਸ਼ਨ ਵਲੋਂ ਲਾਇਆ ਗਿਆ ਚੋਣ ਜ਼ਾਬਤਾ ਜ਼ਿਲੇ ਵਿਚ ਪੂਰੀ ਤਰ੍ਹਾਂ ਲਾਗੂ ਹੈ। ਇਸ ਲਈ ਜੇਕਰ ਹੁਣ ਕੋਈ ਵੀ ਵਿਅਕਤੀ ਆਪਣੇ ਨਾਲ 50 ਹਜ਼ਾਰ ਰੁਪਏ ਤੋਂ ਜ਼ਿਆਦਾ ਨਕਦੀ ਲੈ ਕੇ ਚੱਲਦਾ ਹੈ ਤਾਂ ਉਸ ਨੂੰ ਉਸ ਪੈਸੇ ਦਾ ਹਿਸਾਬ ਅਤੇ ਉਸ ਪੈਸੇ ਸਬੰਧੀ ਸਬੂਤ ਆਦਿ ਆਪਣੇ ਨਾਲ ਰੱਖਣੇ ਪੈਣਗੇ। ਅਜਿਹਾ ਨਾ ਕਰਨ 'ਤੇ ਉਹ ਪੈਸਾ ਸਰਕਾਰੀ ਖਜ਼ਾਨਾ ਦਫਤਰਾਂ ਦੇ ਸਟਰਾਂਗ ਰੂਮ ਵਿਚ ਜਮ੍ਹਾ ਹੋ ਜਾਵੇਗਾ ਅਤੇ ਕੇਸ ਪ੍ਰਾਪਰਟੀ ਬਣ ਸਕਦਾ ਹੈ। ਉਕਤ ਜਾਣਕਾਰੀ ਅੱਜ ਇਥੇ ਐਡੀਸ਼ਨਲ ਡਿਪਟੀ ਕਮਿਸ਼ਨਰ (ਏ. ਡੀ. ਸੀ.) ਸਾਕਸ਼ੀ ਸਾਹਨੀ ਵਲੋਂ ਜ਼ਿਲੇ ਦੇ ਸਿਵਲ ਅਤੇ ਪੁਲਸ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਵਿਚ ਦਿੱਤੀ ਗਈ।
ਉਨ੍ਹਾਂ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਚੋਣ ਜ਼ਾਬਤੇ ਨੂੰ ਜ਼ਿਲੇ ਵਿਚ ਸਖਤੀ ਨਾਲ ਲਾਗੂ ਕਰਵਾਇਆ ਜਾਵੇ। ਉਨ੍ਹਾਂ ਨੇ ਪੁਲਸ ਅਤੇ ਸਿਵਲ ਪ੍ਰਸ਼ਾਸਨ 'ਤੇ ਆਧਾਰਿਤ ਬਣੀਆਂ ਫਲਾਇੰਗ ਟੀਮਾਂ ਨੂੰ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਤੋਂ 50 ਹਜ਼ਾਰ ਰੁਪਏ ਤੋਂ ਜ਼ਿਆਦਾ ਨਕਦੀ ਬਰਾਮਦ ਹੁੰਦੀ ਹੈ ਤਾਂ ਉਸ ਸਬੰਧੀ ਬਾਕਾਇਦਾ ਕਾਗਜ਼ਾਤ ਆਦਿ ਵੇਖੇ ਜਾਣ। ਜੇਕਰ ਕੋਈ ਵਿਅਕਤੀ ਉਸ ਪੈਸੇ ਦਾ ਹਿਸਾਬ ਪ੍ਰਸ਼ਾਸਨ ਨੂੰ ਦੇਣ ਵਿਚ ਨਾਕਾਮ ਰਹਿੰਦਾ ਹੈ ਤਾਂ ਉਹ ਪੈਸਾ ਸਟਰਾਂਗ ਰੂਮ ਵਿਚ ਭੇਜ ਦਿੱਤਾ ਜਾਵੇਗਾ। ਉਨ੍ਹਾਂ ਨੇ ਸਰਕਾਰੀ ਖਜ਼ਾਨਾ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਚੋਣ ਜ਼ਾਬਤੇ ਦੌਰਾਨ 24 ਘੰਟੇ ਤਿਆਰ ਰਹਿਣ ਲਈ ਕਿਹਾ ਤਾਂ ਕਿ ਕਿਸੇ ਵੀ ਸਮਾਂ ਫੜਿਆ ਗਿਆ ਪੈਸਾ ਆਦਿ ਤੁਰੰਤ ਸਟਰਾਂਗ ਰੂਮ ਵਿਚ ਭੇਜਣ ਦਾ ਪ੍ਰਬੰਧ ਕੀਤਾ ਜਾ ਸਕੇ। ਏ. ਡੀ. ਸੀ. ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਾਲ ਨਕਦੀ ਸਬੰਧੀ ਕਾਗਜ਼ਾਤ ਜ਼ਰੂਰ ਰੱਖਣ ਤਾਂ ਕਿ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਾ ਹੋ ਸਕੇ।