ਬਿਜਲੀ ਸੰਕਟ ਵੱਲ ਵਧ ਰਿਹੈ ਪੰਜਾਬ! ਗੋਇੰਦਵਾਲ ਸਾਹਿਬ ਸਥਿਤ ਥਰਮਲ ਪਲਾਂਟ ਹੋਇਆ ਬੰਦ
Tuesday, Apr 12, 2022 - 03:44 PM (IST)

ਪਟਿਆਲਾ (ਰਾਜੇਸ਼ ਪੰਜੌਲਾ) : ਪੰਜਾਬ ਵਿੱਚ ਬਿਜਲੀ ਦਾ ਸੰਕਟ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਪਿਛਲੇ ਕਾਫ਼ੀ ਸਮੇਂ ਤੋਂ ਕੋਲੇ ਦੀ ਘਾਟ ਨਾਲ ਜੂਝ ਰਹੇ ਜ਼ਿਲ੍ਹਾ ਤਰਨਤਾਰਨ ਦੇ ਗੋਇੰਦਵਾਲ ਸਾਹਿਬ ਸਥਿਤ ਜੀ. ਵੀ. ਕੇ. ਥਰਮਲ ਪਲਾਂਟ ਦਾ ਇਕੋ ਯੂਨਿਟ ਚੱਲ ਰਿਹਾ ਸੀ, ਜੋ ਅੱਜ ਤੜਕੇ ਬੰਦ ਹੋ ਗਿਆ। ਜੀ. ਵੀ. ਕੇ. ਥਰਮਲ ਪਲਾਂਟ 540 ਮੈਗਾਵਾਟ ਦਾ ਹੈ, ਜਿਸ ਦੇ ਬੰਦ ਹੋਣ ਨਾਲ ਸੂਬੇ ਭਰ ਵਿੱਚ ਮੁੜ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਏਗਾ। ਕੋਲੇ ਦੀ ਕਿੱਲਤ ਕਾਰਨ ਕਈ ਥਰਮਲ ਪਾਵਰ ਪਲਾਂਟ ਜਾਂ ਤਾਂ ਉਤਪਾਦਨ ਬੰਦ ਕਰਨ ਲਈ ਮਜਬੂਰ ਹੋ ਗਏ ਹਨ ਜਾਂ ਕੁਝ ਆਪਣੇ ਘਟਦੇ ਕੋਲੇ ਦੇ ਭੰਡਾਰਾਂ ਨੂੰ ਬਚਾਉਣ ਲਈ ਆਪਣੀ ਸਰਵੋਤਮ ਸਮਰੱਥਾ ਤੋਂ ਘੱਟ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ : 'ਲੋਕ ਨਾਇਕ' ਬ੍ਰਿਗੇਡੀਅਰ ਪ੍ਰੀਤਮ ਸਿੰਘ : ਕਦੋਂ ਮਿਲੇਗਾ ਸੂਰਬੀਰ ਨੂੰ ਸਨਮਾਨ?
ਇਸ ਤੋਂ ਇਲਾਵਾ ਤਲਵੰਡੀ ਸਾਬੋ ਥਰਮਲ ਪਲਾਂਟ ਦਾ 660 ਮੈਗਾਵਾਟ ਦਾ ਇਕ ਯੂਨਿਟ ਵੀ ਕਈ ਦਿਨਾਂ ਤੋਂ ਬੰਦ ਹੈ, ਜਿਸ ਦੇ ਆਉਂਦੇ ਮਹੀਨੇ ਤੱਕ ਚੱਲਣ ਦੀ ਉਮੀਦ ਦੱਸੀ ਜਾ ਰਹੀ ਹੈ। ਪੰਜਾਬ ਦੇ 2 ਨਿੱਜੀ ਥਰਮਲ ਪਲਾਂਟਾਂ ਦੇ 3 ਯੂਨਿਟ ਬੰਦ ਹਨ ਅਤੇ ਕੁੱਲ 1200 ਮੈਗਾਵਾਟ ਦੀ ਬਿਜਲੀ ਕਮੀ ਦਾ ਸਾਹਮਣਾ ਪਾਵਰਕਾਮ ਨੂੰ ਕਰਨਾ ਪੈ ਰਿਹਾ ਹੈ। ਗਰਮੀ ਦਾ ਮੌਸਮ ਅਤੇ ਝੋਨੇ ਦਾ ਸੀਜ਼ਨ ਹੋਣ ਕਾਰਨ ਬਿਜਲੀ ਦੀ ਮੰਗ ਕਾਫੀ ਵੱਧ ਜਾਂਦੀ ਹੈ, ਜਦਕਿ ਪੰਜਾਬ ਦੇ ਥਰਮਲ ਪਲਾਂਟਾਂ ਕੋਲ ਪਹਿਲਾਂ ਹੀ ਕੋਲੇ ਦੀ ਕਾਫੀ ਕਮੀ ਹੈ। ਇਹ ਪਹਿਲੀ ਵਾਰ ਨਹੀਂ ਹੋਇਆ, ਜਦੋਂ ਥਰਮਲ ਪਲਾਂਟ ਬੰਦ ਕੀਤੇ ਗਏ ਹੋਣ, ਇਸ ਤੋਂ ਪਹਿਲਾਂ ਵੀ ਬਠਿੰਡਾ ਸਥਿਤ ਥਰਮਲ ਪਲਾਂਟ ਬੰਦ ਕੀਤੇ ਗਏ ਸਨ। ਥਰਮਲ ਬੰਦ ਹੋਣ ਕਾਰਨ ਜਿੱਥੇ ਸੈਂਕੜੇ ਮੁਲਾਜ਼ਮਾਂ ਦੀ ਨੌਕਰੀ ਨੂੰ ਸੱਟ ਵੱਜੀ ਹੈ, ਉਥੇ ਹੀ ਥਰਮਲ ਨਾਲ ਜੁਡ਼ੇ ਛੋਟੇ-ਮੋਟੇ ਹਜ਼ਾਰਾਂ ਕਾਰੋਬਾਰ ਵੀ ਪ੍ਰਭਾਵਿਤ ਹੋ ਸਕਦੇ ਹਨ। ਬਿਜਲੀ ਦੇ ਕੱਟਾਂ ਨੇ ਲੋਕਾਂ ਦਾ ਜਿਊਣਾ ਵੀ ਮੁਹਾਲ ਕੀਤਾ ਹੋਇਆ ਹੈ।
ਇਹ ਵੀ ਪੜ੍ਹੋ : ਕਣਕ ਦੀ ਥਾਂ ਆਟਾ ਵੰਡਣ ਦੀ ਤਿਆਰੀ 'ਚ ਪੰਜਾਬ ਦੀ 'ਆਪ' ਸਰਕਾਰ!
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ