ਪ੍ਰਾਈਵੇਟ ਥਰਮਲ ਪਲਾਂਟਾਂ ''ਚ ਕੋਲਾ ਮੁੱਕਣ ਦੀ ਕਗਾਰ ''ਤੇ, ਰਾਜਪੁਰਾ ਦਾ ਇਕ ਯੂਨਿਟ ਬੰਦ
Tuesday, Oct 20, 2020 - 09:55 PM (IST)
ਪਟਿਆਲਾ (ਪਰਮੀਤ, ਜੋਸਨ) : ਪੰਜਾਬ ਵਿਚ ਪ੍ਰਾਈਵੇਟ ਥਰਮਲ ਪਲਾਂਟਾਂ ਵਿਚ ਕੋਲਾ ਮੁੱਕਣ ਕੰਢੇ ਪੁੱਜਣ ਮਗਰੋਂ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਆਪਣੇ ਦੋਵੇਂ ਥਰਮਲ ਪਲਾਂਟ ਚਾਲੂ ਕਰ ਦਿੱਤੇ ਹਨ ਜਦਕਿ ਦੂਜੇ ਪਾਸੇ ਰਾਜਪੁਰਾ ਦਾ ਇਕ ਯੂਨਿਟ ਬੰਦ ਹੋ ਗਿਆ ਹੈ ਅਤੇ ਤਲਵੰਡੀ ਸਾਬੋ ਦਾ ਇਕਲੌਤਾ ਚਾਲੂ ਯੂਨਿਟ ਕਿਸੇ ਵੇਲੇ ਵੀ ਬੰਦ ਹੋ ਸਕਦਾ ਹੈ। ਪਾਵਰਕਾਮ ਨੇ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦਾ ਯੂਨਿਟ ਨੰਬਰ 6 ਅਤੇ ਲਹਿਰਾ ਮੁਹੱਬਤ ਸਥਿਤ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਦਾ ਯੂਨਿਟ ਨੰਬਰ 3 ਚਾਲੂ ਕਰ ਦਿੱਤਾ ਹੈ। ਰੋਪੜ ਪਲਾਂਟ ਵਿਚ 6.16 ਅਤੇ ਲਹਿਰਾ ਮੁਹਬੱਤ ਵਿਚ 4.22 ਦਿਨ ਦਾ ਕੋਲਾ ਪਿਆ ਹੈ। ਦੋਵੇਂ ਥਰਮਲ ਪਲਾਂਟ ਸਤੰਬਰ ਦੇ ਆਖਰੀ ਹਫਤੇ ਤੋਂ ਬੰਦ ਪਏ ਸਨ। ਦੂਜੇ ਪਾਸੇ ਪ੍ਰਾਈਵੇਟ ਥਰਮਲ ਪਲਾਂਟਾਂ ਵਿਚੋਂ ਤਲਵੰਡੀ ਸਾਬੋ ਵਿਚ 0.133 ਦਿਨ ਦਾ ਕੋਲਾ ਬਾਕੀ ਹੈ ਅਤੇ ਰਾਜਪੁਰਾ ਵਿਚ 0.38 ਦਿਨ ਦਾ ਕੋਲ ਬਾਕੀ ਹੈ। ਰਾਜਪੁਰਾ ਪਲਾਂਟ ਦਾ ਇਕ ਯੂਨਿਟ ਸੋਮਵਾਰ ਦੀ ਰਾਤ ਨੂੰ 12.00 ਵਜੇ ਬੰਦ ਹੋ ਗਿਆ। ਡਾਇਰੈਕਟਰ ਜਨਰੇਸ਼ਨ ਜਤਿੰਦਰ ਗੋਇਲ ਨੇ ਰੋਪੜ ਤੇ ਲਹਿਰਾ ਮੁਹੱਬਤ ਪਲਾਂਟ ਦਾ ਇਕ-ਇਕ ਯੂਨਿਟ ਚਲਾਉਣ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ : ਕੈਪਟਨ ਨੇ ਰਾਹ ਦਿਖਾਇਆ, ਗੇਂਦ ਹੁਣ ਆਮ ਆਦਮੀ ਪਾਰਟੀ ਦੇ ਪਾਲੇ 'ਚ : ਜਾਖੜ
ਕੇਂਦਰੀ ਬਿਜਲੀ ਅਥਾਰਟੀ ਦੇ ਨਿਯਮਾਂ ਦੀ ਪਾਲਣਾ ਨਾ ਹੋਣ ਕਾਰਣ ਪੈਦਾ ਹੋਇਆ ਕੋਲਾ ਸੰਕਟ?
ਪੰਜਾਬ ਵਿਚ ਸਰਕਾਰੀ ਅਤੇ ਪ੍ਰਾਈਵੇਟ ਦੋਵੇਂ ਥਰਮਲ ਪਲਾਂਟਾਂ ਵੱਲੋਂ ਕੇਂਦਰੀ ਬਿਜਲੀ ਅਥਾਰਟੀ (ਸੀ. ਈ. ਏ.) ਦੇ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਣ ਹੀ ਕੋਲਾ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ। ਬਿਜਲੀ ਖੇਤਰ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਨਿਯਮਾਂ ਦੀ ਪਾਲਣਾ ਕੀਤੀ ਹੁੰਦੀ ਤਾਂ ਫਿਰ ਇਹ ਦਿਨ ਨਾ ਵੇਖਣਾ ਪੈਂਦਾ। ਅਸਲ ਵਿਚ ਨਿਯਮ ਇਹ ਹੈ ਕਿ ਜੋ ਥਰਮਲ ਪਲਾਂਟ ਪਿਟ ਹੈਡ 'ਤੇ ਸਥਿਤ ਹਨ, ਉਨ੍ਹਾਂ ਲਈ 15 ਦਿਨ ਦਾ ਕੋਲਾ ਸਟਾਕ ਰੱਖਣਾ ਲਾਜ਼ਮੀ ਹੈ, ਜੋ ਕੋਲਾ ਖਾਨ ਤੋਂ 500 ਕਿਲੋਮੀਟਰ ਦੂਰ ਹਨ, ਉਨ੍ਹਾਂ ਲਈ 20, ਜੋ 1000 ਕਿਲੋਮੀਟਰ ਤੱਕ ਦੀ ਦੂਰੀ 'ਤੇ ਹਨ, ਉਨ੍ਹਾਂ ਲਈ 25 ਅਤੇ 1000 ਤੋਂ ਜ਼ਿਆਦਾ ਦੂਰੀ 'ਤੇ ਸਥਿਤ ਥਰਮਲ ਪਲਾਟਾਂ ਲਈ 30 ਦਿਨ ਦਾ ਕੋਲਾ ਰੱਖਣਾ ਲਾਜ਼ਮੀ ਹੈ। ਜਦੋਂ 27 ਸਤੰਬਰ ਨੂੰ ਕਿਸਾਨਾਂ ਨੇ ਰੇਲ ਲਾਈਨਾ ਰੋਕੀਆਂ ਤਾਂ ਉਸ ਵੇਲੇ ਨਾ ਤਾਂ ਸਰਕਾਰੀ ਅਤੇ ਨਾ ਹੀ ਪ੍ਰਾਈਵੇਟ ਥਰਮਲਾਂ ਵਿਚ 30-30 ਦਿਨ ਦਾ ਕੋਲਾ ਸੀ। ਸਰਕਾਰੀ ਖੇਤਰ ਦੇ ਰੋਪੜ ਪਲਾਂਟ ਵਿਚ 6.16 ਅਤੇ ਲਹਿਰਾ ਮੁਹੱਬਤ ਵਿਚ 4.22 ਜਦਕਿ ਪ੍ਰਾਈਵੇਟ ਸੈਕਟਰ ਦੇ ਰਾਜਪੁਰ ਪਲਾਂਟ ਵਿਚ 11.88, ਤਲਵੰਡੀ ਸਾਬੋ ਵਿਚ 4.18 ਅਤੇ ਗੋਇੰਦਵਾਲ ਸਾਹਿਬ ਪਲਾਂਟ ਵਿਚ 3.15 ਦਿਨ ਦਾ ਕੋਲਾ ਸੀ। ਜੇਕਰ ਨਿਯਮਾਂ ਮੁਤਾਬਕ ਪੂਰਾ ਸਟਾਕ ਰੱਖਿਆ ਹੁੰਦਾ ਤਾਂ ਸ਼ਾਇਦ ਕੋਲਾ ਸੰਕਟ ਦਾ ਸਾਹਮਣਾ ਨਾ ਕਰਨਾ ਪੈਂਦਾ। ਇਸ ਮਾਮਲੇ ਵਿਚ ਪੱਖ ਲੈਣ ਲਈ ਪਾਵਰਕਾਮ ਦੇ ਸੀ ਐਮ ਡੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।
ਇਹ ਵੀ ਪੜ੍ਹੋ : ਦਿੱਲੀ ਗੁਰਦੁਆਰਾ ਚੋਣਾਂ ਨਹੀਂ ਲੜਾਂਗੇ ਪਰ ਬਾਦਲ ਵਿਰੋਧੀ ਧੜੇ ਦੀ ਕਰਾਂਗੇ ਹਿਮਾਇਤ : ਸਰਨਾ