ਮੁੱਖ ਮੰਤਰੀ ਨੇ ਕੋਵਿਡ ਦੇ ਵਾਧੇ ਨਾਲ ਨਿਪਟਣ ਲਈ ਨਰਸਾਂ ਅਤੇ ਟੈਕਨੀਸ਼ੀਅਨਾਂ ਦੀ ਭਰਤੀ ਕਰਨ ਦੇ ਦਿੱਤੇ ਹੁਕਮ

Friday, Apr 23, 2021 - 07:32 PM (IST)

ਮੁੱਖ ਮੰਤਰੀ ਨੇ ਕੋਵਿਡ ਦੇ ਵਾਧੇ ਨਾਲ ਨਿਪਟਣ ਲਈ ਨਰਸਾਂ ਅਤੇ ਟੈਕਨੀਸ਼ੀਅਨਾਂ ਦੀ ਭਰਤੀ ਕਰਨ ਦੇ ਦਿੱਤੇ ਹੁਕਮ

ਚੰਡੀਗੜ੍ਹ : ਕੋਵਿਡ ਵਿਚ ਵਾਧੇ ਦੇ ਮੱਦੇਨਜ਼ਰ ਸੂਬੇ ਦੀਆਂ ਸਿਹਤ ਸਮਰੱਥਾਵਾਂ ਮਜ਼ਬੂਤ ਕਰਨ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਮੈਡੀਕਲ ਕਾਲਜਾਂ ਵਿਚ 400 ਨਰਸਾਂ ਅਤੇ 140 ਟੈਕਨੀਸ਼ੀਅਨਾਂ ਦੀ ਫੌਰੀ ਭਰਤੀ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸੂਬੇ ਵਿਚ ਮੈਡੀਕਲ ਕਾਲਜਾਂ ਦੇ ਪ੍ਰਵਾਨਿਤ/ਪ੍ਰਗਤੀ ਅਧੀਨ ਪ੍ਰਾਜੈਕਟਾਂ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਤਾਂ ਕਿ ਮੈਡੀਕਲ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿਚ ਪੰਜਾਬ ਪਿੱਛੇ ਨਾ ਰਹੇ। ਮੁੱਖ ਮੰਤਰੀ, ਜਿਨ੍ਹਾਂ ਨੇ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀਡੀਓ ਕਾਨਫਰੰਸਿੰਗ ਮੀਟਿੰਗ ਦੌਰਾਨ ਮੁੱਦੇ ਨੂੰ ਉਠਾਇਆ ਸੀ, ਨੇ ਕਿਹਾ ਕਿ ਉਹ ਜਲਦੀ ਹੀ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਪੰਜਾਬ ਵਿਚ ਨਾਗਰਿਕਾਂ ਨੂੰ ਕੋਵਿਡ ਬੈੱਡ ਮੁਹੱਈਆ ਕਰਵਾਉਣ ਲਈ ਮਿਲਟਰੀ ਹਸਪਤਾਲਾਂ ਅਤੇ ਪੀ.ਜੀ.ਆਈ. ਸੈਟੇਲਾਈਟਾਂ ਸੈਂਟਰਾਂ ਨੂੰ ਹਦਾਇਤਾਂ ਦੇਣ ਦੀ ਮੰਗ ਕਰਨਗੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਉਦੇਸ਼ ਲਈ ਆਰਜੀ ਢਾਂਚੇ ਦੀ ਵਰਤੋਂ ਕੀਤੀ ਜਾ ਸਕਦੀ ਹੈ।  ਮੈਡੀਕਲ ਸਿੱਖਿਆ ਅਤੇ ਖੋਜ ਮਹਿਕਮੇ ਦੇ ਕੰਮਕਾਜ ਖ਼ਾਸ ਕਰਕੇ ਕੋਵਿਡ ਦੇ ਸੰਕਟ ਦੇ ਸਬੰਧ ਵਿਚ ਇਸ ਦਾ ਵਰਚੂਅਲ ਤੌਰ ਉਤੇ ਲੈਂਦਿਆਂ ਜਾਇਜਾ ਮੁੱਖ ਮੰਤਰੀ ਨੇ ਕਿਹਾ ਕਿ ਮਹਿਕਮੇ ਦੇ ਫੈਕਲਟੀ ਮੈਂਬਰਾਂ ਨੂੰ ਮੁੜ ਮਨੋਨੀਤ ਕਰਨ ਲਈ ਸਮਾਂਬੱਧ ਢੰਗ ਨਾਲ ਨਿਯਮਾਂ ਵਿਚ ਸੋਧ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਕਿ ਉਨ੍ਹਾਂ ਨੂੰ ਇਸ ਸਬੰਧ ਵਿਚ ਆਪਣੇ ਦੂਜੇ ਫੈਕਲਟੀ ਮੈਂਬਰਾਂ ਦੇ ਬਰਾਬਰ ਲਿਆਂਦਾ ਜਾ ਸਕੇ। ਭਰਤੀ ਮੁਹਿੰਮ ਦੇ ਸਬੰਧ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਮਹਿਕਮੇ ਦੇ ਪੁਨਰਗਠਨ ਤੋਂ ਬਾਅਦ ਪ੍ਰਵਾਨਿਤ 900 ਅਸਾਮੀਆਂ ਵਿਚੋਂ  ਪਹਿਲੇ ਪੜਾਅ ਵਿਚ ਨਰਸਾਂ ਦੀਆਂ ਸੇਵਾਵਾਂ ਹਾਸਲ ਕਰਨ ਲਈ 400 ਅਸਾਮੀਆਂ ਤੁਰੰਤ ਭਰੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਟੈਕਨੀਸ਼ੀਅਨਾਂ ਦੀਆਂ ਸੇਵਾਵਾਂ ਲਈ ਉਨ੍ਹਾਂ ਨੂੰ ਬਣਦੀ ਮਹੱਤਤਾ ਦੇਣੀ ਚਾਹੀਦੀ ਹੈ ਜੋ ਪਹਿਲਾਂ ਹੀ ਪੰਜਾਬ ਸਰਕਾਰ ਕੋਲ ਠੇਕੇ ਦੇ ਆਧਾਰ ਉਤੇ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ :  ਡੀ. ਸੀ. ਦੀ ਹਸਪਤਾਲਾਂ ਦੇ ਪ੍ਰਬੰਧਕਾਂ ਨੂੰ ਭਾਵੁਕ ਅਪੀਲ, ਹਰ ਜਾਨ ਕੀਮਤੀ, ਦੁੱਗਣੀ ਕਰੋ ਬੈੱਡਾਂ ਦੀ ਗਿਣਤੀ

ਮੈਡੀਕਲ ਸਿੱਖਿਆ ਮੰਤਰੀ ਓ. ਪੀ. ਸੋਨੀ ਨੇ ਮੋਹਾਲੀ, ਹੁਸ਼ਿਆਰਪੁਰ ਅਤੇ ਕਪੂਰਥਲਾ ਵਿਚ ਬਣਨ ਵਾਲੇ ਵੱਖ-ਵੱਖ ਹਸਪਤਾਲ ਅਤੇ ਮੈਡੀਕਲ ਕਾਲਜਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰੀ ਦੀ ਪ੍ਰਵਾਨਗੀ ਨਾਲ ਮਲੇਰਕੋਟਲਾ ਅਤੇ ਗੁਰਦਾਸਪੁਰ ਵਿਖੇ ਮੈਡੀਕਲ ਕਾਲਜ ਸਥਾਪਤ ਕਰਨ ਲਈ ਵੀ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸੰਗਰੂਰ ਵਿਖੇ ਪੀ. ਜੀ. ਆਈ. ਸੈਟੇਲਾਈਟ ਸੈਂਟਰ ਵੀ ਸ਼ੁਰੂ ਹੋ ਜਾਵੇਗਾ ਜਦਕਿ ਫਿਰੋਜ਼ਪੁਰ ਵਿਖੇ ਪੀ. ਜੀ. ਆਈ. ਦੇ ਸੈਟੇਲਾਈਟ ਸੈਂਟਰ ਦੀ ਉਸਾਰੀ ਸ਼ੁਰੂ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮੋਹਾਲੀ ਵਿਖੇ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੌਜੀ ਦੀ ਸਥਾਪਨਾ ਕਰਨ ਲਈ ਆਈ. ਸੀ. ਐੱਮ. ਆਰ., ਨਵੀਂ ਦਿੱਲੀ ਪਾਸੋਂ ਹਾਲ ਹੀ ਵਿਚ ਮਨਜੂਰੀ ਪ੍ਰਾਪਤ ਹੋਈ ਹੈ। ਇਸ ਵੇਲੇ ਸੂਬੇ ਵਿਚ 2 ਯਨੀਵਰਸਿਟੀਆਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਫਰੀਦਕੋਟ ਅਤੇ ਗੁਰੂ ਰਵਿਦਾਸ ਆਯੂਰਵੇਦਾ ਯੂਨੀਵਰਸਿਟੀ, ਹੁਸ਼ਿਆਰਪੁਰ ਹਨ। ਇਸ ਤੋਂ ਇਲਾਵਾ ਤਿੰਨ ਸਰਕਾਰੀ ਮੈਡੀਕਲ ਕਾਲਜ, ਦੋ ਸਰਕਾਰੀ ਡੈਂਟਲ ਕਾਲਜ ਅਤੇ ਇਕ ਸਰਕਾਰੀ ਆਯੂਵੇਦਿਕ ਕਾਲਜ ਅਤੇ 12 ਨਰਸਿੰਗ ਸਕੂਲ/ਕਾਲਜ ਹਨ। ਇਸੇ ਤਰ੍ਹਾਂ ਵੱਖ-ਵੱਖ ਡਾਕਟਰਾਂ, ਫਾਰਮਾਸਿਸਟਾਂ ਅਤੇ ਨਰਸਾਂ ਦੀ ਰਜਿਸਟ੍ਰੇਸ਼ਨ ਲਈ ਛੇ ਕੌਂਸਲਾਂ ਹਨ। ਮੰਤਰੀ ਨੇ ਦੱਸਿਆ ਕਿ ਨੈਸ਼ਨਲ ਮੈਡੀਕਲ ਕਮਿਸ਼ਨ, ਡੈਂਟਲ ਕੌਂਸਲ ਆਫ਼ ਇੰਡੀਆ ਅਤੇ ਸੈਂਟਰਲ ਮੈਡੀਕਲ ਕੌਂਸਲ ਆਫ਼ ਇੰਡੀਅਨ ਮੈਡੀਸਨ ਦੇ ਨਵੇਂ ਨਿਯਮਾਂ ਦੇ ਮੱਦੇਨਜ਼ਰ ਵਿਭਾਗ ਦਾ ਪਹਿਲਾਂ ਹੀ ਪੁਨਰਗਠਨ ਕੀਤਾ ਗਿਆ ਹੈ। ਉਹਨਾਂ ਅੱਗੇ ਕਿਹਾ ਕਿ 2020-21 ਵਿੱਚ 550 ਕਰੋੜ ਰੁਪਏ ਦੇ ਬਜਟ ਨੂੰ ਵਧਾ ਕੇ ਮੌਜੂਦਾ ਵਿੱਤੀ ਵਰ੍ਹੇ ਲਈ 1008 ਕਰੋੜ ਰੁਪਏ ਕੀਤਾ ਗਿਆ ਹੈ। 

ਇਹ ਵੀ ਪੜ੍ਹੋ :  ਪੰਜਾਬ ਸਰਕਾਰ ਵਲੋਂ ਅਧਿਕਾਰੀਆਂ ਦੀ ਵਿਭਾਗੀ ਪ੍ਰੀਖਿਆ ਮੁਲਤਵੀ

ਪਿਛਲੇ ਇਕ ਸਾਲ ਦੌਰਾਨ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਮਹਿਕਮੇ ਵੱਲੋਂ ਕੀਤੀਆਂ ਪਹਿਲਕਦਮੀਆਂ ਬਾਰੇ ਗੱਲ ਕਰਦਿਆਂ ਮੰਤਰੀ ਨੇ ਕਿਹਾ ਕਿ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਵਿਚ 1498 ਆਈਸੋਲੇਸ਼ਨ ਬੈੱਡ ਮੁਹੱਈਆ ਕਰਵਾਏ ਗਏ ਜਿਨ੍ਹਾਂ ਵਿਚੋਂ 361 ਆਈ. ਸੀ. ਯੂ. ਬੈੱਡ ਹਨ। ਇਸ ਤੋਂ ਇਲਾਵਾ 7 ਵੀ. ਆਰ. ਡੀ.ਐੱਲ. ਲੈਬਜ਼ ਵਿੱਚ ਹੁਣ ਰੋਜ਼ਾਨਾ 35,000 ਆਰਟੀ-ਪੀਸੀਆਰ ਟੈਸਟ ਕੀਤੇ ਜਾ ਰਹੇ ਹਨ ਅਤੇ ਹੁਣ ਤੱਕ ਲਗਭਗ 54 ਲੱਖ ਟੈਸਟ ਕੀਤੇ ਜਾ ਚੁੱਕੇ ਹਨ। ਤਿੰਨ ਮੈਡੀਕਲ ਕਾਲਜਾਂ ਵਿੱਚ ਪਲਾਜ਼ਮਾ ਬੈਂਕ ਵੀ ਸਥਾਪਤ ਕੀਤੇ ਗਏ ਹਨ। ਸੋਨੀ ਨੇ ਦੱਸਿਆ ਕਿ ਹੁਣ ਤੱਕ ਸਰਕਾਰੀ ਮੈਡੀਕਲ ਕਾਲਜਾਂ ਵਿਚ 14,000 ਤੋਂ ਵੱਧ ਕੋਵਿਡ ਮਰੀਜ਼ਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ ਅਤੇ ਰਿਸ਼ਤੇਦਾਰਾਂ/ਵਾਰਸਾਂ ਨੂੰ ਸੂਚਿਤ ਕਰਨ ਲਈ ਅਟੈਡੈਂਟ ਮੈਨੇਜਮੈਂਟ ਸਿਸਟਮ ਲਾਗੂ ਕੀਤਾ ਗਿਆ ਹੈ। ਮਰੀਜ਼ਾਂ ਲਈ ਪੋਸਟ ਕੋਵਿਡ ਮਲਟੀਸਪੈਸ਼ਲਿਟੀ ਓ. ਪੀ. ਡੀ. ਸ਼ੁਰੂ ਕੀਤੀ ਗਈ ਅਤੇ ਕੋਵਿਡ ਮਹਾਂਮਾਰੀ ਦੌਰਾਨ ਡਾਇਲਸਿਸ ਮਰੀਜ਼ਾਂ ਅਤੇ ਗਰਭਵਤੀ ਮਹਿਲਾਵਾਂ ਦੀ ਦੇਖਭਾਲ ਲਈ ਪ੍ਰਬੰਧ ਕੀਤੇ ਗਏ ਹਨ। ਟੈਕਨੀਸ਼ੀਅਨ, ਨਰਸਾਂ ਅਤੇ ਐਮ.ਟੀ.ਡਬਲਿਊ ਸਮੇਤ ਕੁੱਲ 1095 ਵਾਧੂ ਸਟਾਫ਼ ਦੀਆਂ ਸੇਵਾਵਾਂ ਲਈਆਂ ਗਈਆਂ। ਮੰਤਰੀ ਨੇ ਦੱਸਿਆ ਕਿ ਆਕਸੀਜਨ ਦੀ ਸੁਚੱਜੀ ਵਰਤੋਂ ਲਈ 3 ਸਰਕਾਰੀ ਮੈਡੀਕਲ ਕਾਲਜਾਂ ਵਿੱਚ ਆਕਸੀਜਨ ਆਡਿਟ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਬਾਬਾ ਫ਼ਰੀਦ ਯੂਨੀਵਰਸਿਟੀ ਵੱਲੋਂ ਨਵੀਂ ਪਾਰਦਰਸ਼ੀ ਪ੍ਰੀਖਿਆ ਪ੍ਰਣਾਲੀ ਸ਼ੁਰੂ ਕੀਤੀ ਗਈ ਜਿਸ ਦੀ ਭਾਰਤ ਸਰਕਾਰ ਦੇ ਕੌਮੀ ਪ੍ਰੀਖਿਆ ਬੋਰਡ ਨੇ ਵੀ ਸ਼ਲਾਘਾ ਕੀਤੀ।

ਇਹ ਵੀ ਪੜ੍ਹੋ :  ਕੋਰੋਨਾ ਮਰੀਜ਼ਾਂ ਦੇ ਪਰਿਵਾਰਾਂ ਨੂੰ ਆਕਸੀਜਨ ਲਈ ਨਹੀਂ ਪਵੇਗਾ ਭਟਕਣਾ

ਇੱਕ ਪੇਸ਼ਕਾਰੀ ਦਿੰਦੇ ਹੋਏ ਮੈਡੀਕਲ ਸਿੱਖਿਆ ਦੇ ਸਕੱਤਰ ਨੇ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਵਿਖੇ 206.86 ਕਰੋੜ ਰੁਪਏ ਦੀ ਲਾਗਤ ਵਾਲੇ ਚੱਲ ਰਹੇ ਪ੍ਰੋਜੈਕਟ ਇਸ ਸਾਲ ਮੁਕੰਮਲ ਕੀਤੇ ਜਾਣਗੇ ਅਤੇ 134.64 ਕਰੋੜ ਰੁਪਏ ਦੇ ਨਵੇਂ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ। ਇਸੇ ਤਰ੍ਹਾਂ ਪਟਿਆਲਾ ਵਿਖੇ 97.73 ਕਰੋੜ ਰੁਪਏ ਦੀ ਲਾਗਤ ਵਾਲੇ ਚੱਲ ਰਹੇ ਪ੍ਰਾਜੈਕਟ ਮੁਕੰਮਲ ਕੀਤੇ ਜਾਣਗੇ ਅਤੇ 128.1 ਕਰੋੜ ਰੁਪਏ ਦੀ ਲਾਗਤ ਵਾਲੇ ਨਵੇਂ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਫ਼ਰੀਦਕੋਟ ਵਿਖੇ 75.4 ਕਰੋੜ ਰੁਪਏ ਦੀ ਲਾਗਤ ਵਾਲੇ ਚੱਲ ਰਹੇ ਪ੍ਰਾਜੈਕਟ ਮੁਕੰਮਲ ਹੋ ਜਾਣਗੇ ਅਤੇ 44.28 ਕਰੋੜ ਰੁਪਏ ਦੇ ਨਵੇਂ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ। ਸਾਲ 2017 ਤੋਂ ਮਹਿਕਮੇ ਵੱਲੋਂ ਕੁੱਲ 2254 ਫੈਕਲਟੀ ਮੈਂਬਰਾਂ ਅਤੇ ਹੋਰ ਕਰਮਚਾਰੀਆਂ ਦੀ ਭਰਤੀ ਕੀਤੀ ਗਈ ਅਤੇ ਸਾਲ 2020 ਵਿਚ ਵੱਧ ਤੋਂ ਵੱਧ 1237 ਭਰਤੀਆਂ ਕੀਤੀਆਂ ਗਈਆਂ। ਇਸ ਤੋਂ ਇਲਾਵਾ ਸਰਕਾਰੀ ਮੈਡੀਕਲ ਕਾਲਜਾਂ ਵਿਚ ਐਮ.ਬੀ.ਬੀ.ਐਸ. ਸੀਟਾਂ ਦੀ ਗਿਣਤੀ ਸਾਲ 2017 ਵਿੱਚ 500 ਦੇ ਮੁਕਾਬਲੇ ਸਾਲ 2021 ਵਿਚ ਵਧਾ ਕੇ 700 ਕੀਤੀ ਗਈ। ਇਸ ਤੋਂ ਇਲਾਵਾ ਐਮਡੀ/ਐਮਐਸ ਦੀਆਂ ਸੀਟਾਂ ਦੀ ਗਿਣਤੀ 2017 ਵਿਚ 242 ਤੋਂ ਵਧਾ ਕੇ 2021 ਵਿਚ 395 ਕੀਤੀ ਗਈ। ਸੁਪਰ ਸਪੈਸ਼ਲਿਟੀ ਕੋਰਸ ਲਈ 2 ਐਮਸੀਐਚ ਸੀਟਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। 20 ਸਾਲਾਂ ਦੇ ਅੰਤਰਾਲ ਤੋਂ ਬਾਅਦ ਸਰਕਾਰੀ ਆਯੁਰਵੈਦਿਕ ਕਾਲਜ, ਪਟਿਆਲਾ ਵਿਖੇ ਐਮ.ਡੀ. ਕੋਰਸ ਸ਼ੁਰੂ ਕੀਤੇ ਗਏ ਅਤੇ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ, ਹੁਸ਼ਿਆਰਪੁਰ ਵਿਖੇ ਪੀਐਚ.ਡੀ. ਕੋਰਸ ਸ਼ੁਰੂ ਕੀਤੇ ਗਏ। ਸਾਲ 2017 ਦੇ ਮੁਕਾਬਲੇ 2021 ਵਿਚ ਡਾਕਟਰਾਂ ਅਤੇ ਫਾਰਮਾਸਿਸਟਾਂ ਦੀ ਰਜਿਸਟ੍ਰੇਸ਼ਨ ਵਿਚ ਵੀ ਕਾਫ਼ੀ ਵਾਧਾ ਕੀਤਾ ਗਿਆ ਹੈ। ਘਰ-ਘਰ ਰੋਜ਼ਗਾਰ ਯੋਜਨਾ ਅਧੀਨ ਭਰਤੀ ਲਈ ਕੁੱਲ 726 ਅਸਾਮੀਆਂ ਮਨਜ਼ੂਰ ਕੀਤੀਆਂ ਗਈਆਂ। ਕਾਬਲੇਗੌਰ ਹੈ ਕਿ ਵਿਭਾਗ ਵੱਲੋਂ ਵੱਖ-ਵੱਖ ਸ਼੍ਰੇਣੀਆਂ ਅਧੀਨ ਸਾਲ 2017 ਵਿੱਚ 194 ਨਿਯੁਕਤੀਆਂ ਕੀਤੀਆਂ ਗਈਆਂ ਜਦਕਿ 2018 ਵਿਚ 217, 2019 ਵਿਚ 399 ਅਤੇ 2020 ਵਿਚ 1236 ਨਿਯੁਕਤੀਆਂ ਕੀਤੀਆਂ ਗਈਆਂ।

ਇਹ ਵੀ ਪੜ੍ਹੋ :   ਪੰਜਾਬ ’ਚ ਫਿਲਹਾਲ ਕੋਵਿਡ ਸਬੰਧੀ ਨਵੀਆਂ ਪਾਬੰਦੀਆਂ ਲਾਉਣ ਸਬੰਧੀ ਕੋਈ ਫੈਸਲਾ ਨਹੀਂ

ਨੋਟ: ਇਸ ਖਬਰ ਬਾਰੇ ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

Anuradha

Content Editor

Related News