ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ 8 ਘੰਟੇ ਬਿਨਾਂ ਕੱਟ ਬਿਜਲੀ ਮੁਹੱਈਆ ਕਰਵਾਉਣ ਦੇ ਹੁਕਮ

Friday, Jun 25, 2021 - 10:05 PM (IST)

ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ 8 ਘੰਟੇ ਬਿਨਾਂ ਕੱਟ ਬਿਜਲੀ ਮੁਹੱਈਆ ਕਰਵਾਉਣ ਦੇ ਹੁਕਮ

ਚੰਡੀਗੜ੍ਹ/ਜਲੰਧਰ (ਅਸ਼ਵਨੀ, ਧਵਨ)- ਮੁੱਖ ਮੰਤਰੀ ਨੇ ਕਿਸਾਨਾਂ ਨੂੰ 8 ਘੰਟੇ ਬਿਨਾਂ ਕੱਟ ਬਿਜਲੀ ਮੁਹੱਈਆ ਕਰਵਾਉਣ ਲਈ ਪੀ. ਐੱਸ. ਪੀ. ਸੀ. ਐੱਲ. ਨੂੰ 500 ਕਰੋੜ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ ਹੈ। ਦਿੱਲੀ ਤੋਂ ਪਰਤਣ ਤੋਂ ਬਾਅਦ ਮੁੱਖ ਮੰਤਰੀ ਦਾ ਇਹ ਲਗਾਤਾਰ ਦੂਜਾ ਵੱਡਾ ਐਲਾਨ ਹੈ। ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਹਾਈਕਮਾਨ ਦੇ ਸੁਝਾਏ ਨੁਕਤਿਆਂ ਨੂੰ ਲੈ ਕੇ ਕਾਫ਼ੀ ਹਰਕੱਤ ਵਿਚ ਹਨ। ਅਜਿਹਾ ਇਸ ਲਈ ਹੈ ਕਿ ਕਾਂਗਰਸ ਹਾਈਕਮਾਨ ਨੇ ਮੁੱਖ ਮੰਤਰੀ ਨੂੰ ਜੋ ਨੁਕਤੇ ਦਿੱਤੇ ਹਨ, ਉਨ੍ਹਾਂ ਵਿਚ ਬਿਜਲੀ ਨਾਲ ਜੁੜਿਆ ਨੁਕਤਾ ਵੀ ਸ਼ਾਮਲ ਹੈ।

ਇਹ ਖ਼ਬਰ ਪੜ੍ਹੋ- ਹੋਟਲ ਕਾਰੋਬਾਰੀ ਰਾਣਾ ਨਾਲ ਖੜ੍ਹੀ ਹੋਈ ਜਾਗੋ


ਇਸ ਐਲਾਨ ਤੋਂ ਪਹਿਲਾਂ ਤੱਕ ਦੀ ਸਥਿਤੀ ਇਹ ਹੈ ਕਿ ਪੰਜਾਬ ਵਿਚ ਬਿਜਲੀ ਕੱਟ ਨਾਲ ਹਾਹਾਕਾਰ ਮੱਚਿਆ ਹੋਇਆ ਹੈ। ਪਟਿਆਲਾ, ਮੋਗਾ, ਬਠਿੰਡਾ, ਫਤਹਿਗੜ੍ਹ ਸਾਹਿਬ, ਜਲੰਧਰ, ਬਰਨਾਲਾ ਸਮੇਤ ਸੂਬੇ ਦੇ ਕਈ ਹਿੱਸਿਆਂ ਵਿਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਸ਼ੁੱਕਰਵਾਰ ਨੂੰ ਮੁੱਖ ਮੰਤਰੀ ਨੇ ਬਿਜਲੀ ਸਪਲਾਈ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਉੱਚ ਪੱਧਰੀ ਬੈਠਕ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਸਪਲਾਈ ਜਾਰੀ ਰੱਖਣ ਪ੍ਰਤੀ ਵਚਨਬੱਧ ਹੈ। ਮੁੱਖ ਮੰਤਰੀ ਨੇ ਪੀ. ਐੱਸ. ਪੀ. ਸੀ. ਐੱਲ. ਨੂੰ ਬਿਜਲੀ ਦੀ ਕਮੀ ਪੂਰੀ ਕਰਨ ਲਈ ਜ਼ਰੂਰਤ ਪੈਣ ’ਤੇ ਰਾਜ ਦੇ ਬਾਹਰ ਤੋਂ ਕਿਸੇ ਵੀ ਕੀਮਤ ’ਤੇ ਬਿਜਲੀ ਖਰੀਦਣ ਦੇ ਵੀ ਆਦੇਸ਼ ਦਿੱਤੇ ਹਨ, ਜਿਸ ਨਾਲ ਸਰਕਾਰ ਕਿਸਾਨਾਂ ਨਾਲ ਕੀਤੀ ਗਈ ਵਚਨਬੱਧਤਾ ਨਿਭਾਅ ਸਕੇ।

ਇਹ ਖ਼ਬਰ ਪੜ੍ਹੋ- ਮੁਲਤਾਨ ਨੇ ਪੇਸ਼ਾਵਰ ਨੂੰ 47 ਦੌੜਾਂ ਨਾਲ ਹਰਾਇਆ, ਪਹਿਲੀ ਵਾਰ ਜਿੱਤਿਆ PSL ਦਾ ਖਿਤਾਬ


ਬੈਠਕ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਵਿਭਾਗ ਬਿਨਾਂ ਕਿਸੇ ਦੇਰੀ ਦੇ 500 ਕਰੋੜ ਰੁਪਏ ਦਾ ਫੰਡ ਜਾਰੀ ਕਰੇਗਾ। ਪੀ. ਐੱਸ. ਪੀ. ਸੀ. ਐੱਲ. ਦੇ ਅਧਿਕਾਰੀਆਂ ਨੇ ਬੈਠਕ ਵਿਚ ਜਾਣਕਾਰੀ ਦਿੱਤੀ ਕਿ ਕੋਵਿਡ ਮਹਾਮਾਰੀ ਦੇ ਸੰਕਟ ਦੌਰਾਨ ਬੀਤੇ ਇਕ ਸਾਲ ਵਿਚ ਉਪਭੋਗ ਅਤੇ ਮਾਲੀਆ ਵਸੂਲੀ ਵਿਚ ਕਮੀ ਆਉਣ ਕਾਰਣ ਕਈ ਵਿੱਤੀ ਸੰਕਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਹੁਣ ਫੰਡ ਜਾਰੀ ਹੋਣ ਨਾਲ ਰਾਹਤ ਮਿਲੇਗੀ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News