CM ਮਾਨ ਦਾ ਧਮਾਕੇਦਾਰ ਭਾਸ਼ਣ, ਚਾਰੋਂ ਖਾਨੇ ਚਿੱਤ ਕੀਤੇ ਵਿਰੋਧੀ, ਬੋਲੇ-ਅਸੀਂ ਪੱਕੇ ਪੈਰੀਂ ਚੱਲਦੇ ਹਾਂ

Wednesday, Sep 13, 2023 - 04:53 PM (IST)

CM ਮਾਨ ਦਾ ਧਮਾਕੇਦਾਰ ਭਾਸ਼ਣ, ਚਾਰੋਂ ਖਾਨੇ ਚਿੱਤ ਕੀਤੇ ਵਿਰੋਧੀ, ਬੋਲੇ-ਅਸੀਂ ਪੱਕੇ ਪੈਰੀਂ ਚੱਲਦੇ ਹਾਂ

ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਪੰਜਾਬ ਦਾ ਪਹਿਲਾ ਸਕੂਲ ਆਫ ਐਮੀਨੈਂਸ ਲੋਕ ਅਰਪਿਤ ਕੀਤਾ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਅਰਵਿੰਦ ਕੇਜਰੀਵਾਲ ਦਾ ਇਸ ਮੌਕੇ ਆਉਣ 'ਤੇ ਸੁਆਗਤ ਕੀਤਾ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ ਸੁਫ਼ਨਾ ਸੀ ਕਿ ਪੰਜਾਬ ਦਾ ਹਰ ਨੌਜਵਾਨ ਪੜ੍ਹ-ਲਿਖ ਕੇ ਤਰੱਕੀ ਕਰੇ, ਜੋ ਕਿ ਪੂਰਾ ਹੁੰਦਾ ਦਿਖ ਰਿਹਾ ਹੈ। ਉਨ੍ਹਾਂ ਕਿਹਾ ਕਿ ਸਕੂਲ ਤਾਂ ਪਹਿਲਾਂ ਵੀ ਸਨ, ਜਿਨ੍ਹਾਂ ਨੂੰ ਸਮਾਜ ਸਕੂਲ ਦਾ ਨਾਂ ਦਿੱਤਾ ਗਿਆ ਸੀ ਪਰ ਉੱਥੇ ਨਾ ਤਾਂ ਪੜ੍ਹਾਈ ਦਾ ਮਾਹੌਲ ਸੀ ਅਤੇ ਨਾ ਹੀ ਪੜ੍ਹਨ ਦਾ। ਸਕੂਲਾਂ 'ਚ ਨਾ ਫਰਨੀਚਰ ਸੀ, ਨਾ ਬਾਥਰੂਮ ਸੀ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਸਕੂਲਾਂ ਨੂੰ ਪੜ੍ਹਨ ਅਤੇ ਪੜ੍ਹਾਉਣ ਦੇ ਲਾਇਕ ਬਣਾਇਆ, ਵਧੀਆ ਕਲਾਸਰੂਮ ਬਣਾਏ, ਅਧਿਆਪਕਾਂ ਨਾਲ ਮੀਟਿੰਗਾਂ ਕੀਤੀਆਂ, ਪ੍ਰਿੰਸੀਪਲਾਂ ਨੂੰ ਸਿੰਗਾਪੁਰ ਟ੍ਰੇਨਿੰਗ ਲਈ ਭੇਜਿਆ ਗਿਆ।

ਇਹ ਵੀ ਪੜ੍ਹੋ : ਅਧਿਆਪਕਾਂ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ 'ਚ ਪੰਜਾਬ ਸਰਕਾਰ, ਜਾਰੀ ਕਰ ਦਿੱਤੇ ਸਖ਼ਤ ਹੁਕਮ

ਮੁੱਖ ਮੰਤਰੀ ਨੇ ਕਿਹਾ ਕਿ ਬਾਹਰੋਂ ਲਿਖਣ ਨਾਲ ਕੋਈ ਸਕੂਲ ਸਮਾਰਟ ਨਹੀਂ ਬਣਦਾ, ਸਗੋਂ ਮਾਹੌਲ ਚਾਹੀਦਾ ਹੈ। ਇਸੇ ਤਰ੍ਹਾਂ ਦਿੱਲੀ 'ਚ ਹੋਇਆ, ਜਿੱਥੇ ਸਰਕਾਰੀ ਸਕੂਲਾਂ ਦਾ ਬੇਹੱਦ ਬੁਰਾ ਹਾਲ ਸੀ ਪਰ ਹੁਣ ਲੋਕ ਬਾਹਰੋਂ ਦਿੱਲੀ ਦੇ ਸਰਕਾਰੀ ਸਕੂਲ ਦੇਖਣ ਲਈ ਆਉਂਦੇ ਹਨ। ਅਸੀਂ ਵੀ ਇਨ੍ਹਾਂ ਦੇ ਤਜੁਰਬੇ ਤੋਂ ਸਿੱਖਿਆ ਅਤੇ ਸਾਨੂੰ ਇਹ ਸਭ ਕਰਨ 'ਚ ਘੱਟ ਸਮਾਂ ਲੱਗਿਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਜੀ ਦਿੱਲੀ 'ਚ ਤਜੁਰਬੇ ਕਰਦੇ ਹਨ ਅਤੇ ਅਸੀਂ ਪੰਜਾਬ 'ਚ ਉਸ ਦਾ ਫ਼ਾਇਦਾ ਚੁੱਕ ਲੈਂਦੇ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ 'ਚ ਖੋਲ੍ਹੇ ਗਏ 'ਆਮ ਆਦਮੀ ਕਲੀਨਿਕਾਂ' 'ਚ 50 ਲੱਖ ਬੰਦਾ ਦਵਾਈ ਲੈ ਕੇ ਠੀਕ ਹੋ ਗਿਆ ਹੈ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡ ਰਹੀ ਹੈ ਅਤੇ ਹੁਣ ਤੱਕ 36 ਹਜ਼ਾਰ 97 ਨਿਯੁਕਤੀ ਪੱਤਰ ਹੁਣ ਤੱਕ ਵੰਡੇ ਜਾ ਚੁੱਕੇ ਹਨ। ਪਿੰਡਾਂ 'ਚ ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਕਿ ਸਾਡੇ ਪਿੰਡ ਦੇ ਮੁੰਡੇ-ਕੁੜੀਆਂ ਬਿਨਾਂ ਕਿਸੇ ਸਿਫਾਰਿਸ਼ ਤੋਂ ਸਰਕਾਰੀ ਨੌਕਰੀਆਂ ਲੈ ਰਹੇ ਹਨ, ਜਦੋਂ ਕਿ ਇਹ ਪਹਿਲਾ ਕਦੇ ਨਹੀਂ ਹੋਇਆ।

ਇਹ ਵੀ ਪੜ੍ਹੋ : ਸਹੁਰਿਆਂ ਤੋਂ ਤੰਗ ਆਈ ਨਵੀਂ ਵਿਆਹੀ ਵਕੀਲ ਨੂੰਹ ਨੇ ਲਿਆ ਫ਼ਾਹਾ, ਰੂਹ ਝੰਜੋੜ ਕੇ ਰੱਖ ਦੇਵੇਗੀ ਇਹ ਵੀਡੀਓ

ਉਨ੍ਹਾਂ ਕਿਹਾ ਕਿ ਅਸੀਂ ਅੰਮ੍ਰਿਤਸਰ ਵਿਖੇ ਸਕੂਲ ਆਫ ਐਮੀਨੈਂਸ ਖੋਲ੍ਹ ਰਹੇ ਹਾਂ, ਜਿੱਥੇ ਚਿੱਟੇ ਦਾ ਵਪਾਰ ਚੱਲ ਰਿਹਾ ਹੁੰਦਾ ਸੀ। ਇਸੇ ਰਣਜੀਤ ਐਵਿਨਿਊ 'ਚ ਵੱਡੇ-ਵੱਡੇ ਤਸਕਰਾਂ ਦੇ ਸਮਝੌਤੇ ਹੁੰਦੇ ਰਹੇ ਹਨ ਪਰ ਅਸੀਂ ਇੱਥੇ ਸਿੱਖਿਆ ਦੀ ਗੱਲ ਕਰਨ ਆਏ ਹਾਂ। ਉਨ੍ਹਾਂ ਕਿਹਾ ਕਿ ਵਿਰੋਧੀ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਕਈ ਤਜੁਰਬਾ ਨਹੀਂ, ਜੋ ਕਿ ਸਹੀਂ ਹੈ। ਇਹ ਗੱਲ ਸੱਚ ਹੈ ਕਿਉਂਕਿ ਅਸੀਂ ਕਿਸੇ ਰੇਤਾਂ, ਬੱਜਰੀ, ਖਾਨਾਂ, ਟਰਾਂਸਪੋਰਟ ਆਦਿ 'ਚ ਹਿੱਸਾ ਨਹੀਂ ਪਾਇਆ। ਸਾਨੂੰ ਸਕੂਲ ਆਫ ਐਮੀਨੈਂਸ ਬਣਾਉਣ ਦਾ ਤਜੁਰਬਾ ਹੈ। ਸਾਨੂੰ ਭ੍ਰਿਸ਼ਟਾਚੀਰਾਂ ਨੂੰ ਫੜ੍ਹ ਕੇ ਜੇਲ੍ਹਾਂ 'ਚ ਬਿਠਾਉਣ ਦਾ ਤਜੁਰਬਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਰੋਧੀਆਂ ਲਈ ਹੁਣ ਅਸੀਂ ਵੀ ਪੱਕੇ ਪੈਰੀਂ ਚੱਲਦੇ ਹਾਂ। ਵਿਰੋਧੀ ਧਿਰਾਂ ਨੇ ਪੰਜਾਬ ਨੂੰ ਲੁੱਟ ਕੇ ਖਾਧਾ ਹੈ ਅਤੇ ਅਸੀਂ ਉਨ੍ਹਾਂ ਨੂੰ ਬਖ਼ਸ਼ਾਂਗੇ ਨਹੀਂ। ਉਨ੍ਹਾਂ ਕਿਹਾ ਕਿ ਮੈਨੂੰ ਇਕ ਅਧਿਆਪਕ ਨੇ ਕਿਹਾ ਕਿ ਇਹੀ ਸਕੂਲ ਜੇਕਰ 10 ਸਾਲ ਪਹਿਲਾਂ ਬਣਿਆ ਹੁੰਦਾ ਤਾਂ ਉਹ ਆਪਣੇ ਬੱਚੇ ਨੂੰ ਇਸੇ ਸਕੂਲ 'ਚ ਪੜ੍ਹਾਉਂਦੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਖਜ਼ਾਨੇ ਦਾ ਇਕ ਵੀ ਰੁਪਿਆ ਜੇਕਰ ਕੋਈ ਖਾਊਗਾ ਤਾਂ ਉਹਦਾ ਇਹ ਪੈਸਾ ਵਿਆਜ ਸਮੇਤ ਖਜ਼ਾਨੇ 'ਚ ਵਾਪਸ ਜਾਵੇਗਾ। ਅਸੀਂ ਖਜ਼ਾਨੇ ਦੀ ਰਾਖੀ ਲਈ ਬੈਠੇ ਹਾਂ ਅਤੇ ਪੰਜਾਬ ਦੇ ਲੋਕ ਬੇਫ਼ਿਕਰ ਹੋ ਜਾਣ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News