ਗੁਜਰਾਤ ਪੁੱਜੇ CM ਮਾਨ, ਕਿਸਾਨ ਮਹਾਂਪੰਚਾਇਤ ਨੂੰ ਕੀਤਾ ਸੰਬੋਧਨ
Friday, Oct 31, 2025 - 05:11 PM (IST)
ਗੁਜਰਾਤ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਗੁਜਰਾਤ ਦੌਰੇ ’ਤੇ ਹਨ। ਆਪਣੇ ਗੁਜਰਾਤ ਦੌਰੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨ ਮਹਾਂਪੰਚਾਇਤ ਵਿਚ ਸ਼ਿਰਕਤ ਕੀਤੀ ਅਤੇ ਭਾਜਪਾ ਦੀਆਂ ਨੀਤੀਆਂ ਖਿਲਾਫ ਰੈਲੀ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਜ਼ੁਰਮ ਖਿਲਾਫ ਤੁਹਾਡਾ ਇੰਨੀ ਵੱਡੀ ਗਿਣਤੀ 'ਚ ਇੱਕਠੇ ਹੋਣਾ ਇਸ ਗੱਲ ਦਾ ਸੰਕੇਤ ਹੈ ਕਿ ਤੁਸੀਂ ਆਪਣੇ ਹੱਕਾਂ ਲਈ ਲੜਨਾ ਜਾਣਦੇ ਹੋ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸਰਕਾਰ ਜੋ ਤੁਹਾਡੇ 'ਤੇ ਇੰਨੇ ਜ਼ੁਰਮ ਕਰ ਰਹੀ ਹੈ, ਉਨ੍ਹਾਂ ਨੂੰ ਇਕ-ਇਕ ਜ਼ੁਰਮ ਦਾ ਹਿਸਾਬ ਦੇਣਾ ਪਵੇਗਾ। ਭਾਜਪਾ ਸਰਕਾਰ ਕਿਸਾਨਾਂ 'ਤੇ ਪਰਚੇ ਕਰ ਰਹੀ ਹੈ, ਕਿਸਾਨਾਂ ਨੂੰ ਜੇਲ੍ਹ 'ਚ ਸੁੱਟ ਰਹੀ ਹੈ। ਇਨ੍ਹਾਂ ਦੇ ਪਰਚੇ ਖਤਮ ਹੋ ਜਾਣਗੇ ਪਰ ਬੰਦੇ ਖਤਮ ਨਹੀਂ ਹੋਣਗੇ।
ਉਨ੍ਹਾਂ ਕਿਹਾ ਕਿ ਮੈਂ ਕਿਸਾਨ ਦੀ ਧਰਤੀ ਪੰਜਾਬ ਤੋਂ ਆਇਆ ਹਾਂ। ਪੰਜਾਬ 180 ਲੱਖ ਮੀਟਰਿਕ ਟਨ ਤੋਂ ਜ਼ਿਆਦਾ ਚੋਲ ਦੇਸ਼ ਨੂੰ ਦਿੰਦਾ ਹੈ। 125 ਲੱਖ ਮੀਟਰਿਕ ਟਨ ਤੋਂ ਜ਼ਿਆਦਾ ਕਣਕ ਦਿੰਦਾ ਹੈ। ਪੰਜਾਬ ਹੋਰ ਵੀ ਬਹੁਤ ਸਾਰੀਆਂ ਫਸਲਾਂ ਦੇਸ਼ ਨੂੰ ਦਿੰਦਾ ਹੈ। ਅਸੀਂ ਦੇਸ਼ ਦਾ ਢਿੱਡ ਭਰਨ ਵਾਲੇ ਲੋਕ ਹਾਂ। ਜੇਕਰ ਕੋਈ ਸਾਡੇ ਨਾਲ ਧੱਕੇਸ਼ਾਹੀ ਕਰਦਾ ਹੈ ਤਾਂ ਅਸੀਂ ਇਹੋ ਜਿਹਾ ਸਬਕ ਸਿਖਾਉਂਦੇ ਹਾਂ ਕਿ ਉਹ ਖੁਦ ਧਰਤੀ 'ਤੇ ਆਉਂਦੇ ਹਨ ਕਿਉਂਕਿ ਕਿਸਾਨ ਧਰਤੀ ਨਾਲ ਜੁੜਿਆ ਹੁੰਦਾ ਹੈ, ਉਸਨੂੰ ਦੂਜਿਆਂ ਨੂੰ ਵੀ ਧਰਤੀ 'ਤੇ ਉਤਾਰਨਾ ਆਉਂਦਾ ਹੈ।
