ਸ਼ਹੀਦ ਅਗਨੀਵੀਰ ਅੰਮ੍ਰਿਤਪਾਲ ਦੇ ਪਰਿਵਾਰ ਨੂੰ ਮਿਲੇ CM ਮਾਨ, ਸੌਂਪਿਆ 1 ਕਰੋੜ ਦਾ ਚੈੱਕ

Monday, Oct 16, 2023 - 06:32 PM (IST)

ਸ਼ਹੀਦ ਅਗਨੀਵੀਰ ਅੰਮ੍ਰਿਤਪਾਲ ਦੇ ਪਰਿਵਾਰ ਨੂੰ ਮਿਲੇ CM ਮਾਨ, ਸੌਂਪਿਆ 1 ਕਰੋੜ ਦਾ ਚੈੱਕ

ਚੰਡੀਗੜ੍ਹ/ਮਾਨਸਾ (ਰਮਨਦੀਪ ਸੋਢੀ, ਸੰਦੀਪ)- ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਾਨਸਾ ਦੇ ਪਿੰਡ ਕੋਟਲੀ ਕਲਾਂ ਦੇ ਸ਼ਹੀਦ ਹੋਏ ਅਗਨੀਵੀਰ ਅੰਮ੍ਰਿਤਪਾਲ ਸਿੰਘ ਦੇ ਘਰ ਪਰਿਵਾਰ ਨੂੰ ਮਿਲਣ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਅਗਨੀਵੀਰ ਦੇ ਪਰਿਵਾਰ ਨਾਲ ਦੁੱਖ ਵੰਡਾਇਆ ਅਤੇ 1 ਕਰੋੜ ਦੀ ਮਦਦ ਦਾ ਚੈੱਕ ਸੌਂਪਿਆ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇਗਾ ਅਤੇ ਕੇਂਦਰ ਵੱਲੋਂ ਵੀ ਅੰਮ੍ਰਿਤਪਾਲ ਨੂੰ ਸ਼ਹੀਦ ਦਾ ਦਰਜਾ ਦੇਣ ਦਾ ਮੁੱਦਾ ਡਿਫੈਂਸ, ਰੱਖਿਆ ਮੰਤਰੀ ਅਤੇ ਹੋਮ ਮਨਿਸਟਰੀ ਕੋਲ ਚੁੱਕਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਹ ਅਗਨੀਵੀਰ ਸਕੀਮ ਦਾ ਵਿਰੋਧ ਕਰਦੇ ਹਨ।

ਇਹ ਵੀ ਪੜ੍ਹੋ-  ਤਰਨਤਾਰਨ ਸ਼ਹਿਰ 'ਚ ਦੇਹ ਵਪਾਰ ਲਈ ਸੁਰੱਖਿਅਤ ਸਥਾਨ ਬਣੇ ਹੋਟਲ, ਰੋਜ਼ਾਨਾ ਲੱਖਾਂ ਰੁਪਏ ਦਾ ਖੇਡਿਆ ਜਾਂਦਾ ਜੂਆ

ਮੁੱਖ ਮੰਤਰੀ ਮਾਨ ਨੇ ਅੱਗੇ ਕਿਹਾ ਕਿ ਫੌਜ ਦਾ ਬਿਆਨ ਜ਼ਖ਼ਮਾਂ 'ਤੇ ਲੂਣ ਛਿੜਕਣ ਵਰਗਾ ਹੈ। ਫੌਜ 'ਚ ਜਾਣ ਵਾਲਾ ਕਦੇ ਖੁਦਕੁਸ਼ੀ ਨਹੀਂ ਕਰਦਾ ਅਤੇ ਅਗਨੀਵੀਰ ਅੰਮ੍ਰਿਤਪਾਲ ਨੂੰ ਸ਼ਹੀਦ ਕਿਹਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਦੇ ਪਿਤਾ ਨੂੰ ਇਹ ਵੀ ਨਹੀਂ ਪਤਾ ਸੀ ਕਿ ਅਗਨੀਵੀਰ ਕੀ ਹੁੰਦਾ ਹੈ, ਉਨ੍ਹਾਂ ਵੱਲੋਂ ਉਨ੍ਹਾਂ ਦਾ ਪੁੱਤ ਫੌਜ 'ਚ ਭਰਤੀ ਹੋਇਆ ਸੀ। ਫੌਜ ਨੇ ਉਸ ਨੂੰ ਉਹੀ ਵਰਦੀ ਤੇ ਉਹੀ ਹਥਿਆਰ ਦਿੱਤੇ ਹਨ ਜੋ ਬਾਕੀ ਫੌਜੀਆਂ ਨੂੰ ਦਿੱਤੇ ਜਾਂਦੇ ਹਨ, ਫਿਰ ਸ਼ਹੀਦੀ ਸਮੇਂ ਫ਼ਰਕ ਕਿਉਂ ਪਾ ਲੈਂਦੇ ਹਨ।

ਮੁੱਖ ਮੰਤਰੀ ਮਾਨ ਕਿਹਾ ਕਿ ਅਸੀਂ ਪੁਲਸ ਨੂੰ ਹੁਕਮ ਦਿੱਤੇ ਸੀ ਕਿ ਅੰਮ੍ਰਿਤਪਾਲ ਸਿੰਘ ਨੂੰ ਗਾਰਡ ਆਫ਼ ਆਨਰ ਦੇਣਾ ਹੈ ਅਤੇ ਪੁਲਸ ਨੇ ਸਲਾਮੀ ਵੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਨੇ ਦੱਸਿਆ ਕਿ ਸਾਡਾ ਮੁੰਡਾ ਬਹੁਤ ਹੌਂਸਲੇ ਵਾਲਾ ਸੀ, ਜਿਸ ਨੇ ਪਰਿਵਾਰ ਦਾ ਭਾਰ ਮੋਢਿਆਂ 'ਤੇ ਚੁੱਕਿਆ ਸੀ। ਉਨ੍ਹਾਂ ਕਿਹਾ ਮੈਂ ਅਗਨੀਵੀਰ ਜਵਾਨਾਂ ਅਤੇ ਨੌਜਵਾਨਾਂ ਨੂੰ ਹੌਂਸਲਾ ਰੱਖਣ ਲਈ ਕਹਾਂਗਾ।

ਇਹ ਵੀ ਪੜ੍ਹੋ- ਭਿਆਨਕ ਹਾਦਸੇ 'ਚ ਮਾਂ ਦੀ ਮੌਤ, ਸੜਕ ਕਿਨਾਰੇ ਵਿਲਕਦੇ ਰਹੇ ਬੱਚੇ

ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਪਰਵਿੰਦਰ ਸਿੰਘ ਦੇ ਘਰ ਸੰਗਰੂਰ ਪਹੁੰਚੇ ਅਤੇ ਪਰਿਵਾਰ ਨਾਲ ਮੁਲਾਕਾਤ ਕਰ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਇਹ ਦੁੱਖ ਦੀ ਘੜੀ ਹੈ। ਸਰਕਾਰ ਸ਼ਹੀਦ ਜਵਾਨ ਦੇ ਪਰਿਵਾਰ ਨਾਲ ਖੜ੍ਹੀ ਹੈ। ਇਸ ਦੌਰਾਨ ਉਨ੍ਹਾਂ ਪਰਿਵਾਰ ਨੂੰ 1 ਕਰੋੜ ਰੁਪਏ ਦਾ ਚੈੱਕ ਸੌਂਪਦਿਆਂ ਐਲਾਨ ਕੀਤਾ ਕਿ ਉਹ ਸ਼ਹੀਦ ਪਰਵਿੰਦਰ ਸਿੰਘ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣਗੇ ਅਤੇ ਪਿੰਡ ਛਾਜਲੀ ਵਿੱਚ ਪਰਵਿੰਦਰ ਸਿੰਘ ਦਾ ਬੁੱਤ ਵੀ ਲਗਾਇਆ ਜਾਵੇਗਾ। ਦੱਸ ਦੇਈਏ ਕਿ ਹਾਲ ਹੀ ਵਿੱਚ ਪਰਵਿੰਦਰ ਸਿੰਘ ਨੇ ਇੱਕ ਟ੍ਰੇਨਿੰਗ ਹਾਦਸੇ ਵਿੱਚ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। 

ਇਹ ਵੀ ਪੜ੍ਹੋ-  ਸਾਬਕਾ ਵਿਧਾਇਕ ਸੇਖੜੀ ਨੇ ਮੁੰਡੇ ਨਾਲ ਰਲ਼ ਕੁੱਟਿਆ ਆਪਣਾ ਭਰਾ, ਵੇਖੋ ਵੀਡੀਓ

ਜਾਣਕਾਰੀ ਅਨੁਸਾਰ ਸ਼ਹੀਦ ਦੀ ਪਤਨੀ ਨੇ ਬੀ.ਐੱਡ. ਕੀਤੀ ਹੋਈ ਹੈ। ਸ਼ਹੀਦ ਪਰਵਿੰਦਰ ਸਿੰਘ ਦੇ ਵਿਆਹ ਨੂੰ ਅਜੇ ਇੱਕ ਸਾਲ ਹੀ ਹੋਇਆ ਹੈ। ਉਸ ਦਾ ਵਿਆਹ ਪਿਛਲੇ ਸਾਲ 2 ਅਕਤੂਬਰ ਨੂੰ ਹੋਇਆ ਸੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਹ ਪੂਰੇ ਪਰਿਵਾਰ ਨਾਲ ਖੜ੍ਹੇ ਹਨ। ਪੂਰਾ ਪਰਿਵਾਰ ਮਿਲਟਰੀ 'ਚ ਨੌਕਰੀ ਕਰ ਰਿਹਾ ਹੈ। ਸ਼ਹੀਦ ਦੇ ਪਰਿਵਾਰ ਦੀ ਦੇਖਭਾਲ ਕਰਨਾ ਸਮਾਜ ਅਤੇ ਸਰਕਾਰ ਦਾ ਫਰਜ਼ ਹੈ। ਸ਼ਹੀਦ ਸਿਰਫ਼ ਪਰਿਵਾਰ ਦਾ ਹੀ ਨਹੀਂ ਸਗੋਂ ਪੂਰੇ ਦੇਸ਼ ਦਾ ਹੁੰਦਾ ਹੈ। ਉਨ੍ਹਾਂ ਮਿਸਾਲ ਪੇਸ਼ ਕਰਦਿਆਂ ਕਿਹਾ ਕਿ ਜੇਕਰ ਸ਼ਹੀਦ ਦਾ ਪਰਿਵਾਰ ਰੁਲ ਗਿਆ ਤਾਂ  ਪਿੰਡਾਂ ਦੇ ਨੌਜਵਾਨ ਫ਼ੌਜ 'ਚ ਭਰਤੀ ਹੋਣ ਲਈ ਤਿਆਰ ਨਹੀਂ ਹੋਣਗੇ। ਉਹ ਕਹਿਣਗੇ ਕਿ ਜੇਕਰ ਸ਼ਹੀਦ ਦੇ ਪਰਿਵਾਰ ਦੀ ਹਾਲਤ ਇਹੋ ਜਿਹੀ ਹੈ ਤਾਂ ਉਸ ਦੇ ਪਰਿਵਾਰ ਦੀ ਹਾਲਤ ਵੀ ਅਜਿਹੀ ਹੀ ਹੋਵੇਗੀ।

ਇਹ ਵੀ ਪੜ੍ਹੋ- ਤਰਨਤਾਰਨ 'ਚ ਗੁੰਡਾਗਰਦੀ ਦਾ ਨੰਗਾ ਨਾਚ, ਮਾਮੂਲੀ ਗੱਲ ਨੂੰ ਲੈ ਕੇ ਚੱਲੀਆਂ ਗੋਲੀਆਂ, ਜਾਣੋ ਪੂਰਾ ਮਾਮਲਾ

ਇਸ ਤੋਂ ਇਲਾਵਾ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਰਿਵਾਰ ਨੇ ਮੰਗ ਕੀਤੀ ਸੀ ਕਿ ਪਿੰਡ ਵਿੱਚ ਉਨ੍ਹਾਂ ਦੇ ਪੁੱਤਰ ਪਰਵਿੰਦਰ ਸਿੰਘ ਦਾ ਬੁੱਤ ਲਗਾਇਆ ਜਾਵੇ ਤਾਂ ਜੋ ਉਨ੍ਹਾਂ ਦੀ ਯਾਦ ਹਮੇਸ਼ਾ ਬਣੀ ਰਹੇ। ਉਨ੍ਹਾਂ ਕਿਹਾ ਕਿ ਜੇਕਰ ਫੌਜ ਨੌਕਰੀ ਦਿੰਦੀ ਹੈ ਤਾਂ ਠੀਕ ਹੈ, ਨਹੀਂ ਤਾਂ ਸਰਕਾਰ ਸ਼ਹੀਦ ਦੀ ਪਤਨੀ ਨੂੰ ਨੌਕਰੀ ਦੇਵੇਗੀ। 

ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਮਾਨਸਾ ਵਿਜੇ ਸਿੰਗਲਾ, ਵਿਧਾਇਕ ਬੁਢਲਾਡਾ ਪਿ੍ਰੰਸੀਪਲ ਬੁੱਧ ਰਾਮ, ਏ.ਡੀ.ਜੀ.ਪੀ ਸੁਰਿੰਦਰਪਾਲ ਸਿੰਘ, ਡਿਪਟੀ ਕਮਿਸ਼ਨਰ ਪਰਮਵੀਰ ਸਿੰਘ, ਜ਼ਿਲਾ ਪੁਲਸ ਮੁਖੀ ਡਾ. ਨਾਨਕ ਸਿੰਘ, ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ, ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ, ਆਪ ਆਗੂ ਮੱਦਨ ਸਿੰਘ ਦੂਲੋਵਾਲ, ਰਮੇਸ਼ ਖਿਆਲਾ, ਹਰਜੀਤ ਸਿੰਘ ਦੰਦੀਵਾਲ ਬਰਨਾਲਾ, ਚੇਅਰਮੈਨ ਰਣਜੀਤ ਸਿੰਘ ਬੌਹਾ, ਚੇਅਰਮੈਨ ਚਮਕੌਰ ਸਿੰਘ ਬਰੇਟਾ ਆਦਿ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News