CM ਮਾਨ ਨੇ ਇਨ੍ਹਾਂ ਮੈਡੀਕਲ ਕਾਲਜਾਂ ਵਾਲੀਆਂ ਥਾਵਾਂ ਦਾ ਨਿਰੀਖਣ ਕਰਦਿਆਂ ਦਿੱਤਾ ਇਹ ਬਿਆਨ

Monday, Nov 28, 2022 - 02:50 AM (IST)

CM ਮਾਨ ਨੇ ਇਨ੍ਹਾਂ ਮੈਡੀਕਲ ਕਾਲਜਾਂ ਵਾਲੀਆਂ ਥਾਵਾਂ ਦਾ ਨਿਰੀਖਣ ਕਰਦਿਆਂ ਦਿੱਤਾ ਇਹ ਬਿਆਨ

ਕਪੂਰਥਲਾ/ਹੁਸ਼ਿਆਰਪੁਰ (ਬਿਊਰੋ) : ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਸੂਬੇ ਨੂੰ ਦੁਨੀਆ ਭਰ 'ਚ 'ਮੈਡੀਕਲ ਸਿੱਖਿਆ' ਦੇ ਧੁਰੇ ਵਜੋਂ ਉਭਾਰਨ ਲਈ ਆਪਣੀ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਨੂੰ ਦੁਹਰਾਇਆ। ਕਪੂਰਥਲਾ 'ਚ ਬਣਨ ਵਾਲੇ ਮੈਡੀਕਲ ਕਾਲਜ ਦੀ ਥਾਂ ਦਾ ਨਿਰੀਖਣ ਕਰਨ ਆਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਮੈਡੀਕਲ ਕਾਲਜ ਦਾ ਨਾਂ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ’ਤੇ ਰੱਖਿਆ ਜਾਵੇਗਾ। ਇਸ ਕਾਲਜ ਦੀ ਜਗ੍ਹਾ ਅਤੇ ਰੂਪ-ਰੇਖਾ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ ਤੇ ਇਸ ਵੱਕਾਰੀ ਪ੍ਰੋਜੈਕਟ 'ਤੇ ਛੇਤੀ ਹੀ ਕੰਮ ਸ਼ੁਰੂ ਹੋ ਜਾਵੇਗਾ। ਮਾਨ ਨੇ ਦੱਸਿਆ ਕਿ ਮੈਡੀਕਲ ਕਾਲਜ 20 ਏਕੜ ਰਕਬੇ ਵਿੱਚ ਬਣੇਗਾ ਅਤੇ ਇਸ ਪ੍ਰਾਜੈਕਟ ਉੱਤੇ ਕੁਲ 428.69 ਕਰੋੜ ਰੁਪਏ ਦੀ ਲਾਗਤ ਆਵੇਗੀ।

ਇਹ ਵੀ ਪੜ੍ਹੋ : ਜਰਮਨੀ ਨੇ ਕਲਾ ਖੇਤਰ ਨੂੰ ਹੁਲਾਰਾ ਦੇਣ ਲਈ 18 ਸਾਲਾ ਨੌਜਵਾਨਾਂ ਨੂੰ ਕੀਤੀ ਖ਼ਾਸ ਪੇਸ਼ਕਸ਼

ਮੁੱਖ ਮੰਤਰੀ ਨੇ ਉਮੀਦ ਜ਼ਾਹਿਰ ਕੀਤੀ ਕਿ ਨਵਾਂ ਮੈਡੀਕਲ ਕਾਲਜ ਇਲਾਜ ਅਤੇ ਜਾਂਚ ਸਹੂਲਤਾਂ ਨੂੰ ਵੱਡਾ ਹੁਲਾਰਾ ਦੇਵੇਗਾ। ਇਸ ਕਾਲਜ ਵਿੱਚ ਹੋਰਨਾਂ ਸੂਬਿਆਂ ਤੋਂ ਵੀ ਵੱਡੀ ਗਿਣਤੀ 'ਚ ਵਿਦਿਆਰਥੀ ਆਉਣਗੇ, ਇਸ ਲਈ 300 ਬਿਸਤਰਿਆਂ ਵਾਲੇ ਅਤਿ-ਆਧੁਨਿਕ ਸਿਵਲ ਹਸਪਤਾਲ ਤੋਂ ਇਲਾਵਾ ਕਾਲਜ ਦੇ ਨਾਲ 10-12 ਮੰਜ਼ਿਲਾਂ ਵਾਲੇ ਅਤਿ-ਆਧੁਨਿਕ ਹੋਸਟਲ ਦੀ ਵੀ ਉਸਾਰੀ ਕੀਤੀ ਜਾਵੇਗੀ। ਇਹ ਕਾਲਜ ਸਥਾਨਕ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ।

ਇਹ ਵੀ ਪੜ੍ਹੋ : ਮੰਤਰੀ ਧਾਲੀਵਾਲ ਨੇ ਦਿੱਤਾ ਭਰੋਸਾ, 'ਪੰਜਾਬ ਸਰਕਾਰ ਆਮ ਲੋਕਾਂ ਤੇ ਕਿਸਾਨਾਂ ਦੇ ਹਿੱਤ 'ਚ ਕਰੇਗੀ ਸਾਰੇ ਫ਼ੈਸਲੇ'

PunjabKesari

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਮੈਡੀਕਲ ਸਿੱਖਿਆ ਦੇ ਪਾਸਾਰ ਲਈ ਸੂਬਾ ਸਰਕਾਰ ਨੇ ਆਉਣ ਵਾਲੇ 5 ਸਾਲਾਂ ਵਿੱਚ 16 ਨਵੇਂ ਮੈਡੀਕਲ ਕਾਲਜ ਬਣਾਉਣ ਦਾ ਫੈਸਲਾ ਕੀਤਾ ਹੈ, ਜਿਨ੍ਹਾਂ ਨਾਲ ਸੂਬੇ ਵਿੱਚ ਮੈਡੀਕਲ ਕਾਲਜਾਂ ਦੀ ਕੁਲ ਗਿਣਤੀ 25 ਹੋ ਜਾਵੇਗੀ। ਇਸ ਨਾਲ ਇਹ ਯਕੀਨੀ ਬਣਾਇਆ ਜਾਵੇਗਾ ਕਿ ਸੂਬੇ ਦੇ ਹਰੇਕ ਜ਼ਿਲ੍ਹੇ ਵਿਚ ਇਕ ਮੈਡੀਕਲ ਕਾਲਜ ਸਥਾਪਤ ਹੋਵੇ। ਸੰਗਰੂਰ ਦੇ ਮਸਤੂਆਣਾ ਸਾਹਿਬ ਵਿਖੇ ਸੰਤ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦਾ ਨੀਂਹ ਪੱਥਰ ਉਨ੍ਹਾਂ ਵੱਲੋਂ ਪਹਿਲਾਂ ਹੀ ਰੱਖਿਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕਪੂਰਥਲਾ ਅਤੇ ਹੁਸ਼ਿਆਰਪੁਰ ਵਿਖੇ 2 ਹੋਰ ਮੈਡੀਕਲ ਕਾਲਜਾਂ ਦਾ ਕੰਮ ਵੀ ਛੇਤੀ ਹੀ ਸ਼ੁਰੂ ਹੋ ਜਾਵੇਗਾ।

ਇਹ ਵੀ ਪੜ੍ਹੋ : ‘ਆਪ’ ਸਰਕਾਰ ਵੱਲੋਂ ਕਿਸਾਨਾਂ ਦੇ ਹੱਕ ’ਚ ਅਹਿਮ ਫ਼ੈਸਲਾ, ਗੰਨਾ ਮਿੱਲ ਫਗਵਾੜਾ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ

ਮੁੱਖ ਮੰਤਰੀ ਨੇ ਉਮੀਦ ਜ਼ਾਹਿਰ ਕੀਤੀ ਕਿ ਮੈਡੀਕਲ ਸਿੱਖਿਆ ਹਾਸਲ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਹੁਣ ਯੂਕ੍ਰੇਨ ਵਰਗੇ ਦੇਸ਼ਾਂ ਵਿੱਚ ਨਹੀਂ ਜਾਣਾ ਪਵੇਗਾ ਕਿਉਂਕਿ ਇਨ੍ਹਾਂ ਮੈਡੀਕਲ ਕਾਲਜਾਂ ਵਿੱਚ ਉਨ੍ਹਾਂ ਨੂੰ ਮਿਆਰੀ ਡਾਕਟਰੀ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ। ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਪਰ ਉਨ੍ਹਾਂ ਦੀ ਸਰਕਾਰ ਇਸ ਪਾਸੇ ਵਿਸ਼ੇਸ਼ ਤੌਰ 'ਤੇ ਧਿਆਨ ਦੇ ਰਹੀ ਹੈ। ਸਿਹਤ, ਸਿੱਖਿਆ, ਬਿਜਲੀ ਅਤੇ ਸਾਫ਼ ਪਾਣੀ ਉਨ੍ਹਾਂ ਦੀ ਸਰਕਾਰ ਦੇ ਪ੍ਰਮੁੱਖ ਤਰਜੀਹੀ ਖੇਤਰ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਖੋਲ੍ਹੇ ਗਏ ਆਮ ਆਦਮੀ ਕਲੀਨਿਕਾਂ ਨੂੰ ਵੀ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਕਲੀਨਿਕ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸਹਾਈ ਸਿੱਧ ਹੋ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਕਲੀਨਿਕ ਖੋਲ੍ਹੇ ਜਾਣਗੇ।

PunjabKesari

ਇਹ ਵੀ ਪੜ੍ਹੋ : ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਵੱਡੀ ਕਾਰਵਾਈ, ਮੋਟਰ ਵ੍ਹੀਕਲ ਇੰਸਪੈਕਟਰ ਸਣੇ 3 ਭਗੌੜੇ ਏਜੰਟ ਗ੍ਰਿਫ਼ਤਾਰ

ਬਾਅਦ ਵਿੱਚ ਮੁੱਖ ਮੰਤਰੀ ਨੇ ਹੁਸ਼ਿਆਰਪੁਰ ਵਿਖੇ ਮਹਾਨ ਸ਼ਹੀਦ ਊਧਮ ਸਿੰਘ ਦੇ ਨਾਂ ’ਤੇ ਬਣਾਏ ਜਾਣ ਵਾਲੇ ਮੈਡੀਕਲ ਕਾਲਜ ਦੀ ਜਗ੍ਹਾ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਇਹ ਮੈਡੀਕਲ ਕਾਲਜ ਲਗਭਗ 23 ਏਕੜ ਰਕਬੇ ਵਿੱਚ ਬਣੇਗਾ ਅਤੇ ਇਸ ਪ੍ਰਾਜੈਕਟ ਦੀ ਕੁਲ ਲਾਗਤ 418.3 ਕਰੋੜ ਰੁਪਏ ਹੋਵੇਗੀ। ਇਸ ਮੌਕੇ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ ਵੇਨੂੰ ਪ੍ਰਸਾਦ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News