ਮੁੱਖ ਮੰਤਰੀ ਮਾਨ ਨੇ ਡਿਊਟੀ ਦੌਰਾਨ ਸ਼ਹੀਦ ਹੋਏ ਪੁਲਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਸੌਂਪੇ 3 ਕਰੋੜ ਦੇ ਚੈੱਕ

Friday, Sep 22, 2023 - 09:32 PM (IST)

ਮੁੱਖ ਮੰਤਰੀ ਮਾਨ ਨੇ ਡਿਊਟੀ ਦੌਰਾਨ ਸ਼ਹੀਦ ਹੋਏ ਪੁਲਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਸੌਂਪੇ 3 ਕਰੋੜ ਦੇ ਚੈੱਕ

ਜਲੰਧਰ : ਮੁੱਖ ਮੰਤਰੀ ਭਗਵੰਤ ਮਾਨ ਨੇ ਡਿਊਟੀ ਦੌਰਾਨ ਸ਼ਹਾਦਤ ਪ੍ਰਾਪਤ ਕਰਨ ਵਾਲੇ/ਫੌਤ ਹੋਏ ਪੁਲਸ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੂੰ 3 ਕਰੋੜ ਰੁਪਏ ਦੀ ਰਾਸ਼ੀ ਦੇ ਚੈੱਕ ਸੌਂਪੇ। ਇੱਥੇ ਪੀ.ਏ.ਪੀ. ਗਰਾਊਂਡ 'ਚ ਪਾਸਿੰਗ ਆਊਟ ਪਰੇਡ ਦੌਰਾਨ ਮੁੱਖ ਮੰਤਰੀ ਨੇ ਸ਼ਹੀਦ ਏ.ਐੱਸ.ਆਈ. ਕੁਲਦੀਪ ਸਿੰਘ ਦੀਆਂ ਦੇਸ਼ ਪ੍ਰਤੀ ਸੇਵਾਵਾਂ ਬਦਲੇ ਸਤਿਕਾਰ ਵਜੋਂ ਉਸ ਦੇ ਪਰਿਵਾਰ ਨੂੰ ਸੂਬਾ ਸਰਕਾਰ ਵੱਲੋਂ ਇਕ ਕਰੋੜ ਰੁਪਏ ਦੀ ਐਕਸਗ੍ਰੇਸ਼ੀਆ ਅਤੇ ਐੱਚਡੀਐੱਫਸੀ ਬੈਂਕ ਵੱਲੋਂ 1 ਕਰੋੜ ਰੁਪਏ ਦੇ ਜੀਵਨ ਬੀਮਾ ਸਮੇਤ 2 ਕਰੋੜ ਰੁਪਏ ਦੇ ਚੈੱਕ ਸੌਂਪੇ। ਉਨ੍ਹਾਂ ਦੱਸਿਆ ਕਿ ਏ.ਐੱਸ.ਆਈ. ਕੁਲਦੀਪ ਸਿੰਘ ਨੇ 18 ਮਾਰਚ 2023 ਨੂੰ ਸ਼ਹੀਦ ਭਗਤ ਸਿੰਘ ਨਗਰ ਵਿਖੇ ਆਪਣੀ ਡਿਊਟੀ ਨਿਭਾਉਂਦਿਆਂ ਸ਼ਹੀਦੀ ਪ੍ਰਾਪਤ ਕੀਤੀ ਸੀ। ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦਾ ਇਹ ਨਿਮਾਣਾ ਜਿਹਾ ਉਪਰਾਲਾ ਸੂਬੇ ਦੀ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਏ.ਐੱਸ.ਆਈ. ਕੁਲਦੀਪ ਸਿੰਘ ਵੱਲੋਂ ਪਾਏ ਵੱਡਮੁੱਲੇ ਯੋਗਦਾਨ ਦੇ ਸਨਮਾਨ ਵਜੋਂ ਹੈ।

ਇਹ ਵੀ ਪੜ੍ਹੋ : ਰਾਜਪਾਲ ਪੁਰੋਹਿਤ ਨੇ CM ਮਾਨ ਨੂੰ ਲਿਖਿਆ ਪੱਤਰ, RDF ਮਾਮਲੇ ਨੂੰ ਲੈ ਕੇ ਪੰਜਾਬ ਦੇ ਲੋਕਾਂ ਬਾਰੇ ਕਹੀਆਂ ਇਹ ਗੱਲਾਂ

ਮਾਤ ਭੂਮੀ ਦੀ ਰਾਖੀ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਕਰਨ ਲਈ ਸੂਬਾ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਮੁੱਢਲਾ ਫਰਜ਼ ਹੈ। ਉਨ੍ਹਾਂ ਕਪੂਰਥਲਾ ਵਿਖੇ ਆਪਣੀ ਡਿਊਟੀ ਨਿਭਾਉਂਦਿਆਂ ਫੌਤ ਹੋਏ ਏ.ਐੱਸ.ਆਈ. ਮਲਕੀਤ ਸਿੰਘ ਦੇ ਪਰਿਵਾਰ ਨੂੰ ਐੱਚਡੀਐੱਫਸੀ ਬੈਂਕ ਵੱਲੋਂ 1 ਕਰੋੜ ਰੁਪਏ ਦੇ ਜੀਵਨ ਬੀਮਾ ਦਾ ਚੈੱਕ ਵੀ ਸੌਂਪਿਆ। ਸੀਐੱਮ ਨੇ ਕਿਹਾ ਕਿ ਇਹ ਉਪਰਾਲਾ ਦੇਸ਼ ਦੀ ਖਾਤਰ ਆਪਣੀ ਜਾਨ ਕੁਰਬਾਨ ਕਰਨ ਵਾਲੇ ਬਹਾਦਰਾਂ ਦੇ ਅਥਾਹ ਯੋਗਦਾਨ ਨੂੰ ਸਿਜਦਾ ਕਰਨ ਲਈ ਹੈ।

PunjabKesari

ਇਹ ਵੀ ਪੜ੍ਹੋ : ਸ਼ੈਲਰ ਮਾਲਕਾਂ ਨੇ 'ਸਰਕਾਰੀ ਐਪ' 'ਤੇ ਕੱਢਿਆ ਗੁੱਸਾ, ਮੁੱਖ ਮੰਤਰੀ ਦਫ਼ਤਰ 'ਚ ਮੰਗ-ਪੱਤਰ ਦਿੰਦਿਆਂ ਕਹੀਆਂ ਇਹ ਗੱਲਾਂ

ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਨਾਇਕਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਸੂਬਾ ਸਰਕਾਰ ਦੀ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਯਕੀਨੀ ਬਣਾਉਣ ਦੀ ਵਚਨਬੱਧਤਾ ਤਹਿਤ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਕੋਸ਼ਿਸ਼ ਇਕ ਪਾਸੇ ਪੀੜਤ ਪਰਿਵਾਰ ਦਾ ਦੁੱਖ ਵੰਡਾਉਣ ਅਤੇ ਦੂਜੇ ਪਾਸੇ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਵਿੱਚ ਮਦਦ ਕਰੇਗੀ। ਇਸੇ ਤਰ੍ਹਾਂ ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਇਸ ਨਾਲ ਨੌਜਵਾਨ ਹਥਿਆਰਬੰਦ ਬਲਾਂ ਅਤੇ ਪੰਜਾਬ ਪੁਲਸ ਵਿੱਚ ਭਰਤੀ ਹੋ ਕੇ ਆਪਣੀ ਮਾਤ ਭੂਮੀ ਦੀ ਸੇਵਾ ਕਰਨ ਲਈ ਪ੍ਰੇਰਿਤ ਹੋਣਗੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News