CM ਭਗਵੰਤ ਮਾਨ ਨੇ ਉਦਯੋਗਪਤੀਆਂ ਨਾਲ ਕੀਤਾ ਲੰਚ, ਜਲੰਧਰ ਦੇ ਵਿਕਾਸ ਬਾਰੇ ਵੀ ਕਹੀ ਵੱਡੀ ਗੱਲ
Friday, Jul 05, 2024 - 03:53 AM (IST)
ਜਲੰਧਰ (ਧਵਨ)- ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਜਲੰਧਰ ’ਚ ਵਪਾਰੀਆਂ ਨਾਲ ਮੀਟਿੰਗ ਕੀਤੀ ਤੇ ਸੰਬੋਧਨ ਕੀਤਾ। ਮੁੱਖ ਮੰਤਰੀ ਨੇ ਮੀਟਿੰਗ ’ਚ ਆਏ ਕਾਰੋਬਾਰੀਆਂ ਨਾਲ ਬੈਠ ਕੇ ਦੁਪਹਿਰ ਦਾ ਖਾਣਾ ਖਾਧਾ ਤੇ ਉਨ੍ਹਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਵਪਾਰੀਆਂ ਨਾਲ ਉਨ੍ਹਾਂ ਦੇ ਮੁੱਦਿਆਂ ਤੇ ਸਮੱਸਿਆਵਾਂ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਕਈ ਵਪਾਰੀਆਂ ਦੀਆਂ ਮੁਸ਼ਕਲਾਂ ਦਾ ਮੌਕੇ ’ਤੇ ਹੀ ਹੱਲ ਕੀਤਾ ਤੇ ਕੁਝ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ।
ਮੁੱਖ ਮੰਤਰੀ ਮਾਨ ਨੇ ਜਲੰਧਰ ਦੇ ਵਪਾਰੀਆਂ ਨੂੰ ਜ਼ਿਮਨੀ ਚੋਣਾਂ ’ਚ ‘ਆਪ’ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਮਹਿੰਦਰ ਭਗਤ ਨੂੰ ਵਿਧਾਇਕ ਬਣਾਉਣ ਲਈ ਕਿਹਾ ਤੇ ਉਹ ਉਸ ਨੂੰ ਮੰਤਰੀ ਬਣਾਉਣਗੇ ਤੇ ਫਿਰ ਮੈਂ ਮਹਿੰਦਰ ਭਗਤ ਨਾਲ ਮਿਲ ਕੇ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਾਂਗਾ।
ਭਾਸ਼ਣ ਦੌਰਾਨ ਮੁੱਖ ਮੰਤਰੀ ਨੇ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਚਾਣਕਿਆ ਨੇ ਲਿਖਿਆ ਹੈ ਕਿ ਜਿਸ ਦੇਸ਼ ’ਚ ਰਾਜਾ ਵਪਾਰੀ ਹੋਵੇ, ਉੱਥੇ ਜਨਤਾ ਭਿਖਾਰੀ ਹੁੰਦੀ ਹੈ ਪਰ ਬਦਕਿਸਮਤੀ ਨਾਲ ਪਿਛਲੀਆਂ ਸਰਕਾਰਾਂ 'ਚ ਬੈਠੇ ਕੁਝ ਲੋਕਾਂ ਨੇ ਖੁਦ ਬੱਸ, ਹੋਟਲ ਤੇ ਹੋਰ ਕਈ ਤਰ੍ਹਾਂ ਦੇ ਕਾਰੋਬਾਰ ਚਲਾਉਣੇ ਸ਼ੁਰੂ ਕਰ ਦਿੱਤੇ, ਜਿਸ ਨਾਲ ਸੂਬੇ ਦੀ ਆਰਥਿਕਤਾ ਨੂੰ ਭਾਰੀ ਨੁਕਸਾਨ ਪਹੁੰਚਿਆ ਤੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਇਆ ਗਿਆ।
ਇਹ ਵੀ ਪੜ੍ਹੋ- ਨਿਵੇਕਲੀ ਪਹਿਲ : ਹੁਣ ਸਰਕਾਰੀ ਸਕੂਲ ਖ਼ਰੀਦਣਗੇ ਜੇਲ੍ਹਾਂ 'ਚ ਬੰਦ ਕੈਦੀਆਂ ਵੱਲੋਂ ਬਣਾਇਆ ਗਿਆ ਫਰਨੀਚਰ
ਉਨ੍ਹਾਂ ਕਿਹਾ ਕਿ ਜਦੋਂ ਤੋਂ ਸੂਬੇ ’ਚ ‘ਆਪ’ ਦੀ ਸਰਕਾਰ ਬਣੀ ਹੈ, ਪੰਜਾਬ ਦੇ ਕਈ ਪ੍ਰਤਿਭਾਸ਼ਾਲੀ ਲੋਕ ਵਿਦੇਸ਼ਾਂ ਤੋਂ ਪਰਤੇ ਹਨ ਤੇ ਇੱਥੇ ਨਵੇਂ ਕਿਸਮ ਦੇ ਕਾਰੋਬਾਰ ਸ਼ੁਰੂ ਕੀਤੇ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ’ਚ ਕਾਰੋਬਾਰੀਆਂ ਤੋਂ ਹਿੱਸਾ ਮੰਗਿਆ ਜਾਂਦਾ ਸੀ, ਜਿਸ ਕਾਰਨ ਉਹ ਪੰਜਾਬ ਛੱਡ ਕੇ ਜਾਂ ਤਾਂ ਵਿਦੇਸ਼ ਜਾਂ ਦੂਜੇ ਸੂਬਿਆਂ ’ਚ ਚਲੇ ਜਾਂਦੇ ਸਨ।ਮੁੱਖ ਮੰਤਰੀ ਨੇ ਮਾਨਸਾ ਦੇ 3 ਨੌਜਵਾਨਾਂ ਦੀ ਉਦਾਹਰਣ ਦਿੱਤੀ ਜੋ ਬਠਿੰਡਾ ਨੇੜੇ ‘ਪੰਜੌਏ’ ਨਾਮ ਦਾ ਵਾਟਰ ਪਾਰਕ ਚਲਾ ਰਹੇ ਹਨ। ਉਨ੍ਹਾਂ ਸਵੈ-ਸਹਾਇਤਾ ਸਮੂਹਾਂ ਨੂੰ ਚਲਾਉਣ ਵਾਲੀ ਸੰਸਥਾ 'ਪਹਿਲ' ਦੀ ਉਦਾਹਰਣ ਵੀ ਦਿੱਤੀ। ਮਾਨ ਨੇ ਕਿਹਾ ਕਿ ਕਿਸੇ ਵੀ ਸੂਬੇ ਦੀ ਤਰੱਕੀ ’ਚ ਉਦਯੋਗ ਤੇ ਵਪਾਰ ਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ। ਉਦਯੋਗਾਂ ਦੇ ਵਿਕਾਸ ਨਾਲ ਹੀ ਬੇਰੋਜ਼ਗਾਰੀ ਦੀ ਸਮੱਸਿਆ ਨੂੰ ਖਤਮ ਕੀਤਾ ਜਾ ਸਕਦਾ ਹੈ। ਸੂਬੇ ਦਾ ਮਾਲੀਆ ਵੀ ਉਦਯੋਗ ਤੇ ਵਪਾਰ ਕਰ ਕੇ ਹੀ ਵਧ ਸਕਦਾ ਹੈ।
ਮੁੱਖ ਮੰਤਰੀ ਨੇ ਜਲੰਧਰ ਲਈ ਇਕ ਹੋਰ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਅਸੀਂ ਜਲੰਧਰ ਨੂੰ ਮਾਝਾ ਤੇ ਦੋਆਬਾ ਖੇਤਰ ਦੀ ਰਾਜਧਾਨੀ ਬਣਾਵਾਂਗੇ। ਹਰ ਹਫਤੇ ਮੈਂ ਖੁਦ ਅਧਿਕਾਰੀਆਂ ਨਾਲ 2 ਦਿਨ ਇੱਥੇ ਆਵਾਂਗਾ ਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ 'ਤੇ ਹੀ ਹੱਲ ਕਰਾਂਗਾ। ਮੀਟਿੰਗ ’ਚ ਸੰਸਦ ਮੈਂਬਰ ਅਸ਼ੋਕ ਮਿੱਤਲ, ਮਹਿੰਦਰ ਭਗਤ, ਰਮੇਸ਼ ਮਿੱਤਲ, ਸੁਦਰਸ਼ਨ ਸ਼ਰਮਾ ਤੇ ਐੱਚ. ਆਰ.ਇੰਟਰਨੈਸ਼ਨਲ ਦੇ ਨਰੇਸ਼ ਸ਼ਰਮਾ, ਐੱਚ. ਆਰ. ਇੰਡਸਟਰੀਜ਼ ਤੋਂ ਐਕਸਪੋਰਟਰ ਸੁਰੇਸ਼ ਸ਼ਰਮਾ, ਵਿਕਟਰ ਟੂਲਸ ਤੋਂ ਅਸ਼ਵਨੀ ਕੁਮਾਰ, ਕਾਰੋਬਾਰੀ ਆਗੂ ਗੁਰਸ਼ਰਨ ਸਿੰਘ, ਰਘੂ ਐਕਸਪੋਰਟ ਤੋਂ ਪ੍ਰਵੀਨ ਕੁਮਾਰ, ਹੋਟਲ ਇੰਡਸਟਰੀ ਤੋਂ ਗੌਤਮ ਕਪੂਰ, ਹਵੇਲੀ ਗਰੁੱਪ ਤੋਂ ਸਤੀਸ਼ ਜੈਨ, ਸੀ. ਏ. ਅਸ਼ਵਨੀ ਗੁਪਤਾ, ਰਿਸ਼ੀਰਾਜ ਸ਼ਰਮਾ ਤੇ ਹੋਰ ਕਈ ਉਦਯੋਗਪਤੀ ਵੀ ਮੌਜੂਦ ਸਨ।
ਇਹ ਵੀ ਪੜ੍ਹੋ- ਵਿਸ਼ਵ ਚੈਂਪੀਅਨ ਟੀਮ ਇੰਡੀਆ ਨੂੰ BCCI ਦਾ ਵੱਡਾ ਤੋਹਫ਼ਾ, 125 ਕਰੋੜ ਰੁਪਏ ਦਾ ਚੈੱਕ ਟੀਮ ਨੂੰ ਕੀਤਾ ਭੇਂਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e