CM ਮਾਨ ਨੇ ਨਵੇਂ ਸਥਾਪਤ ਕੀਤੇ ਫਾਇਰ ਸਟੇਸ਼ਨਾਂ ਲਈ 20 ਨਵੀਆਂ ਅੱਗ ਬੁਝਾਊ ਗੱਡੀਆਂ ਨੂੰ ਦਿਖਾਈ ਹਰੀ ਝੰਡੀ

Friday, Apr 29, 2022 - 11:07 PM (IST)

CM ਮਾਨ ਨੇ ਨਵੇਂ ਸਥਾਪਤ ਕੀਤੇ ਫਾਇਰ ਸਟੇਸ਼ਨਾਂ ਲਈ 20 ਨਵੀਆਂ ਅੱਗ ਬੁਝਾਊ ਗੱਡੀਆਂ ਨੂੰ ਦਿਖਾਈ ਹਰੀ ਝੰਡੀ

ਚੰਡੀਗੜ੍ਹ : ਸੂਬੇ 'ਚ ਅੱਗ ਲੱਗਣ ਦੀ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਅੱਗ ਸੁਰੱਖਿਆ ਦੇ ਬੁਨਿਆਦੀ ਢਾਂਚੇ ਨੂੰ ਹੋਰ ਵੱਧ ਮਜ਼ਬੂਤ ਬਣਾਉਣ ਲਈ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਨਵੇਂ ਸਥਾਪਤ ਕੀਤੇ 20 ਫਾਇਰ ਸਟੇਸ਼ਨਾਂ ਨੂੰ ਅੱਗ ਬੁਝਾਉਣ ਵਾਲੇ ਨਵੇਂ ਮਲਟੀਪਰਪਜ਼ ਫਾਇਰ ਅਤੇ ਮਿੰਨੀ ਫਾਇਰ ਟੈਂਡਰ ਸਮਰਪਿਤ ਕੀਤੇ। ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਨਾਗਰਿਕ ਕੇਂਦਰਿਤ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਹ ਅੱਗ ਬੁਝਾਊ ਗੱਡੀਆਂ ਅੱਗ ਲੱਗਣ ਦੀਆਂ ਅਕਸਰ ਵਾਪਰਨ ਵਾਲੀਆਂ ਘਟਨਾਵਾਂ ਤੋਂ ਲੋਕਾਂ ਦੇ ਜਾਨ-ਮਾਲ ਦੀ ਰਾਖੀ ਲਈ ਸਹਾਈ ਸਿੱਧ ਹੋਣਗੀਆਂ। ਉਨ੍ਹਾਂ ਆਸ ਪ੍ਰਗਟਾਈ ਕਿ ਇਨ੍ਹਾਂ ਨਵੇਂ ਮਲਟੀਪਰਪਜ਼ ਅਤੇ ਮਿੰਨੀ ਫਾਇਰ ਟੈਂਡਰਾਂ ਨਾਲ ਉਦਯੋਗਿਕ ਇਕਾਈਆਂ ਤੋਂ ਇਲਾਵਾ ਵਾਢੀ ਦੇ ਸੀਜ਼ਨ ਦੌਰਾਨ ਖੜ੍ਹੀਆਂ ਫਸਲਾਂ ਨੂੰ ਅੱਗ ਲੱਗਣ ਦੀਆਂ ਵਾਪਰਦੀਆਂ ਘਟਨਾਵਾਂ ਨੂੰ ਕਾਫੀ ਹੱਦ ਤੱਕ ਰੋਕਿਆ ਜਾ ਸਕੇਗਾ।

ਇਹ ਵੀ ਪੜ੍ਹੋ : ਵਿੱਤ ਮੰਤਰੀ ਵੱਲੋਂ ਖੇਤੀਬਾੜੀ ਵਿਕਾਸ ਬੈਂਕ ਦੇ ਪੈਨਸ਼ਨਰਾਂ ਨੂੰ 62.68 ਕਰੋੜ ਦੀ ਰਾਸ਼ੀ ਜਾਰੀ ਕਰਨ ਦੇ ਹੁਕਮ

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਅੱਜ ਦੁਪਹਿਰ ਇੱਥੇ ਮਿਊਂਸੀਪਲ ਭਵਨ ਤੋਂ ਇਨ੍ਹਾਂ ਫਾਇਰ ਟੈਂਡਰਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੌਰਾਨ ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਵਿਵੇਕ ਪ੍ਰਤਾਪ ਸਿੰਘ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇਹ ਫਾਇਰ ਟੈਂਡਰ 13 ਜ਼ਿਲ੍ਹਿਆਂ ਵਿੱਚ ਨਵੇਂ ਸਥਾਪਤ ਕੀਤੇ ਗਏ 20 ਫਾਇਰ ਸਟੇਸ਼ਨਾਂ ਲਈ ਭੇਜੇ ਗਏ ਹਨ। ਇਨ੍ਹਾਂ ਜ਼ਿਲ੍ਹਿਆਂ 'ਚ ਅੰਮ੍ਰਿਤਸਰ, ਤਰਨਤਾਰਨ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਮੋਗਾ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਰੋਪੜ, ਬਰਨਾਲਾ ਅਤੇ ਸੰਗਰੂਰ ਸ਼ਾਮਲ ਹਨ। ਇਸ ਤੋਂ ਇਲਾਵਾ ਵਿਭਾਗ ਨੂੰ ਜਲਦ ਹੀ ਫੌਰੀ ਕਾਰਵਾਈ ਕਰਨ ਵਾਲੇ ਵਾਹਨ (ਕੁਇਕ ਰਿਸਪਾਂਸ ਵ੍ਹੀਕਲ) ਪ੍ਰਾਪਤ ਹੋਣਗੇ, ਜੋ ਕਿ ਇਨ੍ਹਾਂ ਫਾਇਰ ਸਟੇਸ਼ਨਾਂ ਨੂੰ ਮੁਹੱਈਆ ਕਰਵਾਏ ਜਾਣਗੇ।

ਇਹ ਵੀ ਪੜ੍ਹੋ : ਬਿਜਲੀ ਸੰਕਟ : ਪੰਜਾਬ 'ਚ ਸ਼ਨੀਵਾਰ ਨੂੰ ਬੰਦ ਰਹਿਣਗੇ ਇਹ ਉਦਯੋਗ

ਜ਼ਿਕਰਯੋਗ ਹੈ ਕਿ ਇਸ ਸਮੇਂ ਪੰਜਾਬ ਵਿੱਚ ਵੱਖ-ਵੱਖ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਅਧੀਨ ਕੁੱਲ 49 ਫਾਇਰ ਸਟੇਸ਼ਨ ਕੰਮ ਕਰ ਰਹੇ ਹਨ, ਜਿਨ੍ਹਾਂ ਵਿੱਚ 207 ਫਾਇਰ ਟੈਂਡਰ ਕੰਮ ਕਰ ਰਹੇ ਹਨ। ਫਿਲਹਾਲ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਨ ਦੀ ਸੂਰਤ 'ਚ ਇਨ੍ਹਾਂ ਫਾਇਰ ਟੈਂਡਰਾਂ ਨੂੰ 50 ਤੋਂ 60 ਕਿਲੋਮੀਟਰ ਦੀ ਦੂਰੀ ਤੈਅ ਕਰਨੀ ਪੈਂਦੀ ਹੈ। ਲੋਕਾਂ ਨੂੰ ਤੇਜ਼ ਅਤੇ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਤੇ ਤੁਰੰਤ ਸੇਵਾਵਾਂ ਦੇਣ ਦੇ ਸਮੇਂ ਨੂੰ ਘਟਾਉਣ ਲਈ ਸੂਬਾ ਸਰਕਾਰ ਨੇ 20 ਨਵੇਂ ਫਾਇਰ ਸਟੇਸ਼ਨ ਸਥਾਪਤ ਕੀਤੇ ਹਨ। ਇਸ ਨਾਲ ਇਨ੍ਹਾਂ ਫਾਇਰ ਸਟੇਸ਼ਨਾਂ ਦੀ ਗਿਣਤੀ 69 ਹੋ ਜਾਵੇਗੀ ਅਤੇ ਕੰਮ ਕਰਨ ਦਾ ਖੇਤਰ 50-60 ਕਿਲੋਮੀਟਰ ਤੋਂ ਘਟ ਕੇ 25-30 ਕਿਲੋਮੀਟਰ ਤੱਕ ਹੋ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਣੂ ਪ੍ਰਸਾਦ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਵੀ ਭਗਤ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਪੁਨੀਤ ਗੋਇਲ ਹਾਜ਼ਰ ਸਨ।

ਇਹ ਵੀ ਪੜ੍ਹੋ : ਬਿਜਲੀ ਮੰਤਰੀ ਹਰਭਜਨ ਸਿੰਘ ਨੇ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਦੇ ਚਾਰੋਂ ਯੂਨਿਟ ਚਲਾਉਣ ਦੇ ਦਿੱਤੇ ਆਦੇਸ਼

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News