CM ਮਾਨ ਦਾ SSPs ਤੇ ਪੁਲਸ ਕਮਿਸ਼ਨਰਾਂ ਨੂੰ ਪੱਤਰ, ਕਿਹਾ-ਗੈਂਗਸਟਰਾਂ ਖ਼ਿਲਾਫ ਜੰਗ ’ਚ ਨਿਭਾਉਣ ਮੋਹਰੀ ਭੂਮਿਕਾ

04/07/2022 9:04:59 PM

ਚੰਡੀਗੜ੍ਹ (ਸਿੰਗਲਾ, ਬਿਊਰੋ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੁਲਸ ਕਮਿਸ਼ਨਰਾਂ (ਸੀ. ਪੀਜ਼) ਅਤੇ ਸੀਨੀਅਰ ਪੁਲਸ ਸੁਪਰਡੈਂਟਾਂ (ਐੱਸ.ਐੱਸ.ਪੀਜ਼) ਨੂੰ ਨਿੱਜੀ ਤੌਰ ’ਤੇ ਗੈਂਗਸਟਰਾਂ ਵਿਰੁੱਧ ਲੜਾਈ ’ਚ ਆਪ੍ਰੇਸ਼ਨਾਂ ਅਤੇ ਪੁੱਛਗਿੱਛ ’ਚ ਮੋਹਰੀ ਭੂਮਿਕਾ ਨਿਭਾਉਣ ਲਈ ਕਿਹਾ ਹੈ। ਸੂਬੇ ਦੇ ਸਾਰੇ ਸੀ. ਪੀਜ਼ ਅਤੇ ਐੱਸ. ਐੱਸ. ਪੀਜ਼ ਨੂੰ ਲਿਖੇ ਇਕ ਪੱਤਰ ’ਚ ਭਗਵੰਤ ਮਾਨ ਨੇ ਕਿਹਾ ਕਿ ਸਭ ਤੋਂ ਵਧੀਆ ਆਗੂ ਮੋਹਰੀ ਭੂਮਿਕਾ ਨਿਭਾ ਕੇ ਮਿਸਾਲ ਕਾਇਮ ਕਰਦੇ ਹਨ ਅਤੇ ਪੰਜਾਬ ਪੁਲਸ ਦੀ ਪੇਸ਼ੇਵਰ ਪਹੁੰਚ ਅਤੇ ਦੇਸ਼ ਪ੍ਰਤੀ ਸੇਵਾ ਪੁਰਾਣੀ ਮਹਾਨ ਪ੍ਰੰਪਰਾ ਹੈ। ਪੁਲਸ ਬਲ ’ਚ ਭਰੋਸਾ ਜ਼ਾਹਿਰ ਕਰਦਿਆਂ ਮਾਨ ਨੇ ਕਿਹਾ ਕਿ ਪੁਲਸ ਬਲ ਸੂਬੇ ’ਚੋਂ ਗੈਂਗਸਟਰਵਾਦ ਦੇ ਖਾਤਮੇ ਲਈ ਠੋਸ ਮੁਹਿੰਮ ਵਿੱਢੇਗਾ ਅਤੇ ਬਹਾਦਰ ਅਫ਼ਸਰ ਆਗੂ ਵਜੋਂ ਇਸ ’ਚ ਅਹਿਮ ਭੂਮਿਕਾ ਨਿਭਾਉਣਗੇ। ਇਸ ਪੱਤਰ ’ਚ 5 ਅਪ੍ਰੈਲ ਨੂੰ ਹੋਈ ਕਾਨੂੰਨ-ਵਿਵਸਥਾ ਦੀ ਸਮੀਖਿਆ ਮੀਟਿੰਗ ਦਾ ਹਵਾਲਾ ਦਿੰਦਿਆਂ ਭਗਵੰਤ ਮਾਨ ਨੇ ਸੂਬੇ ’ਚ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ, ਭ੍ਰਿਸ਼ਟਾਚਾਰ ਦੇ ਖਾਤਮੇ ਅਤੇ ਪੁਲਸ ਬਲਾਂ ਲਈ ਭਲਾਈ ਦੇ ਉਪਰਾਲਿਆਂ ਤੋਂ ਇਲਾਵਾ ਕਾਨੂੰਨ ਤੇ ਵਿਵਸਥਾ ਨੂੰ ਬਣਾਈ ਰੱਖਣ ਸਬੰਧੀ ਆਪਣੀ ਸਰਕਾਰ ਦੀ ਮੁੱਖ ਤਰਜੀਹ ਬਾਰੇ ਦੱਸਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸੂਬੇ ’ਚੋਂ ਗੈਂਗਸਟਰਵਾਦ ਦੇ ਖ਼ਾਤਮੇ ਲਈ ਗੈਂਗਸਟਰ ਵਿਰੋਧੀ ਟਾਸਕ ਫੋਰਸ (ਏ.ਜੀ.ਟੀ.ਐੱਫ.) ਦੇ ਗਠਨ ਦਾ ਵੀ ਐਲਾਨ ਕੀਤਾ।

ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ CM ਭਗਵੰਤ ਮਾਨ ਦੀ ਸ਼੍ਰੋਮਣੀ ਕਮੇਟੀ ਨੂੰ ਅਪੀਲ

ਭਗਵੰਤ ਮਾਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਏ.ਜੀ.ਟੀ.ਐੱਫ. ਦੇ ਗਠਨ ਨਾਲ ਕਿਸੇ ਵੀ ਤਰ੍ਹਾਂ ਪੁਲਸ ਕਮਿਸ਼ਨਰੇਟ ਅਤੇ ਜ਼ਿਲ੍ਹਿਆਂ ਦੇ ਪੁਲਸ ਮੁਖੀਆਂ ਦੀ ਜ਼ਿੰਮੇਵਾਰੀ ਅਤੇ ਭੂਮਿਕਾ ਨੂੰ ਘੱਟ ਨਹੀਂ ਹੋਵੇਗੀ ਕਿਉਂਕਿ ਦੋਵੇਂ ਹੀ ਆਪਣੇ ਅਧਿਕਾਰ ਖੇਤਰਾਂ ’ਚ ਅਪਰਾਧ ਨੂੰ ਕੰਟਰੋਲ ਕਰਨ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਜ਼ਿੰਮੇਵਾਰ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਹ ਆਪਣੇ ਅਧਿਕਾਰ ਖੇਤਰ ’ਚ ਕਾਨੂੰਨ ਅਤੇ ਵਿਵਸਥਾ ਦੀ ਕਿਸੇ ਵੀ ਉਲੰਘਣਾ ਲਈ ਨਿੱਜੀ ਤੌਰ ’ਤੇ ਜ਼ਿੰਮੇਵਾਰ ਹੋਣਗੇ ਕਿਉਂਕਿ ਉਹ ਕਾਨੂੰਨ ਅਧੀਨ ਜਵਾਬਦੇਹ ਹਨ, ਜਦਕਿ ਏ.ਜੀ.ਟੀ.ਐੱਫ. ਖੁਫੀਆ-ਆਧਾਰਿਤ ਕਾਰਵਾਈਆਂ ’ਤੇ ਧਿਆਨ ਕੇਂਦਰਿਤ ਕਰੇਗਾ ਅਤੇ ਤਾਲਮੇਲ ਵਾਲੀ ਭੂਮਿਕਾ ਨਿਭਾਏਗਾ, ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਪੁਲਸ ਕਮਿਸ਼ਨਰ ਅਤੇ ਐੱਸ.ਐੱਸ.ਪੀ.ਐੱਸ. ਆਪਣੇ ਅਧੀਨ ਪੁਲਸ ਅਧਿਕਾਰੀਆਂ ਨੂੰ ਸੰਖੇਪ ਜਾਣਕਾਰੀ ਦੇ ਕੇ, ਅਪਰਾਧ ਸਬੰਧੀ ਅੰਕੜਿਆਂ ਦਾ ਵਿਸ਼ਲੇਸ਼ਣ ਕਰਕੇ, ਭਗੌੜੇ ਗੈਂਗਸਟਰਾਂ ਦੀ ਪਛਾਣ ਕਰਕੇ ਅਤੇ ਗੈਂਗਸਟਰ ਵਿਰੋਧੀ ਕਾਰਵਾਈਆਂ ਕਰਕੇ ਇਨ੍ਹਾਂ ਵਿਰੁੱਧ ਵੱਡੀ ਜੰਗ ਵਿੱਢਣਗੇ।

ਕਾਨੂੰਨ ਤੇ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਕਈ ਪ੍ਰਸ਼ਾਸਕੀ, ਥੋੜ੍ਹੇ ਸਮੇਂ ਲਈ ਅਤੇ ਦੰਡਕਾਰੀ ਉਪਾਅ ਕੀਤੇ ਆਰੰਭ
ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਏ.ਡੀ.ਜੀ.ਪੀ. ਸਪੈਸ਼ਲ ਕ੍ਰਾਈਮ ਅਤੇ ਇਕਨਾਮਿਕ ਕ੍ਰਾਈਮ ਵਿੰਗ ਪ੍ਰਮੋਦ ਬਾਨ ਨੂੰ ਗੈਂਗਸਟਰ ਵਿਰੋਧੀ ਟਾਸਕ ਫੋਰਸ (ਏ.ਜੀ.ਟੀ.ਐੱਫ.) ਦੇ ਏ.ਡੀ.ਜੀ.ਪੀ., ਏ.ਆਈ.ਜੀ. ਸੰਗਠਿਤ ਅਪਰਾਧ ਕੰਟਰੋਲ ਯੂਨਿਟ (ਓਕੂੂ) ਗੁਰਮੀਤ ਸਿੰਘ ਚੌਹਾਨ ਨੂੰ ਏ.ਆਈ.ਜੀ. ਏ.ਜੀ.ਟੀ.ਐੱਫ. ਅਤੇ ਸੀ.ਪੀ. ਲੁਧਿਆਣਾ ਗੁਰਪ੍ਰੀਤ ਸਿੰਘ ਭੁੱਲਰ ਨੂੰ ਡੀ.ਆਈ.ਜੀ. ਏ.ਜੀ.ਟੀ.ਐੱਫ. ਤਾਇਨਾਤ ਕਰਕੇ ਅਤੇ ਡੀ.ਐੱਸ.ਪੀ. ਖਰੜ ਬਿਕਰਮਜੀਤ ਸਿੰਘ ਬਰਾੜ ਨੂੰ ਡੀ.ਐੱਸ.ਪੀ. ਏ.ਜੀ.ਟੀ.ਐੱਫ. ਦਾ ਵਾਧੂ ਚਾਰਜ ਦੇ ਕੇ ਸੂਬੇ ਭਰ ’ਚ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਪ੍ਰਸ਼ਾਸਨਿਕ ਕਦਮ ਚੁੱਕੇ ਗਏ ਹਨ।

ਇਸ ਤੋਂ ਇਲਾਵਾ ਏ.ਜੀ.ਟੀ.ਐੱਫ. ਦੇ ਕੰਮਕਾਜ ਲਈ ਸਟੈਂਡਿੰਗ ਆਰਡਰ (ਐੱਸ.ਓ.) ਥੋੜ੍ਹੇ ਸਮੇਂ ਦੇ ਉਪਾਵਾਂ ਵਜੋਂ ਇਸ ਦੀ ਭੂਮਿਕਾ, ਕਾਰਜਾਂ ਅਤੇ ਜ਼ਿੰਮੇਵਾਰੀਆਂ ਨੂੰ ਨਿਰਧਾਰਤ ਕਰਦਾ ਹੈ। ਦੰਡਕਾਰੀ ਉਪਾਵਾਂ ਸਬੰਧੀ, ਪੁਲਸ ਵਿਭਾਗ ਨੇ 18/19 ਕਤਲ ਵਾਰਦਾਤਾਂ ਦੇ ਤੁਰੰਤ ਜਾਂਚ ਦੀ ਮੰਗ ਕੀਤੀ ਹੈ ਜੋ ਹਾਲ ਹੀ ’ਚ ਹੋਈਆਂ ਹਨ। ਇਸ ਤੋਂ ਇਲਾਵਾ ਹਾਲ ਹੀ ’ਚ ਹੋਏ ਕਤਲਾਂ ਦੀ ਜਾਂਚ ’ਚ ਕੁਤਾਹੀ ਵਰਤਣ ਵਾਲੇ ਪੁਲਸ ਅਧਿਕਾਰੀਆਂ ਦੀ ਪਛਾਣ ਅਤੇ ਮੁਅੱਤਲ ਕਰਨ ਦਾ ਕੰਮ ਏ.ਜੀ.ਟੀ.ਐੱਫ. ਟੀਮ ਨੂੰ ਸੌਂਪਿਆ ਗਿਆ ਹੈ।


Manoj

Content Editor

Related News