ਮੁੱਖ ਮੰਤਰੀ ਮਾਨ ਸਿਹਤ ਤੇ ਸਿੱਖਿਆ ਵਿਭਾਗ 'ਚ ਖਾਲੀ ਪਈਆਂ ਅਸਾਮੀਆਂ ਭਰਨ : ਅਕਾਲੀ ਦਲ
Thursday, Aug 04, 2022 - 10:59 PM (IST)
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਉਹ ਸਿਹਤ ਤੇ ਸਿੱਖਿਆ ਵਿਭਾਗ 'ਚ ਤਰਜੀਹ ਦੇ ਆਧਾਰ ’ਤੇ ਸਾਰੀਆਂ ਖਾਲੀ ਅਸਾਮੀਆਂ ਭਰਨ ਵਾਸਤੇ ਵੱਡੀ ਭਰਤੀ ਮੁਹਿੰਮ ਦਾ ਐਲਾਨ ਕਰਨ ਅਤੇ ਨਾਲ ਹੀ ਹੋਰ ਵਿਭਾਗਾਂ 'ਚ ਵੀ ਖਾਲੀ ਅਸਾਮੀਆਂ ਭਰੀਆਂ ਜਾਣ ਤਾਂ ਜੋ ਲੋਕਾਂ ਨੂੰ ਪ੍ਰਭਾਵਸ਼ਾਲੀ ਸੇਵਾਵਾਂ ਦੇਣਾ ਯਕੀਨੀ ਬਣਾਇਆ ਜਾ ਸਕੇ। ਪਾਰਟੀ ਨੇ ਇਹ ਵੀ ਕਿਹਾ ਕਿ ਨੌਜਵਾਨ ਵਰਗ ਸਰਕਾਰ ਦੇ ਵਾਅਦੇ ਮੁਤਾਬਕ ਨਵੀਆਂ ਸਰਕਾਰੀ ਨੌਕਰੀਆਂ ਦੀ ਸਿਰਜਣਾ ਵੱਲ ਵੇਖ ਰਿਹਾ ਹੈ ਪਰ 'ਆਪ' ਸਰਕਾਰ ਤਾਂ ਖਾਲੀ ਅਸਾਮੀਆਂ ਵੀ ਨਹੀਂ ਭਰ ਰਹੀ ਤੇ ਕੁਝ ਅਸਾਮੀਆਂ ਤਾਂ ਖਤਮ ਵੀ ਕਰ ਦਿੱਤੀਆਂ ਗਈਆਂ ਹਨ।
ਖ਼ਬਰ ਇਹ ਵੀ : ਜਲੰਧਰ 'ਚ ਬੰਦੂਕ ਦੀ ਨੋਕ ’ਤੇ ਲੁੱਟੀ ਬੈਂਕ, ਉਥੇ ਮਾਨ ਸਰਕਾਰ ਵੱਲੋਂ ਬਕਾਇਆ ਬਿਜਲੀ ਬਿੱਲ ਮੁਆਫ਼, ਪੜ੍ਹੋ TOP 10
ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਸਿਹਤ ਤੇ ਸਿੱਖਿਆ ਖੇਤਰ 'ਚ ਸੀਨੀਅਰ ਡਾਕਟਰਾਂ ਦੇ ਵੱਡੀ ਗਿਣਤੀ 'ਚ ਨੌਕਰੀ ਛੱਡ ਜਾਣ ਅਤੇ ਸਰਕਾਰੀ ਸਕੂਲਾਂ ਵਿੱਚ ਖਾਲੀ ਅਸਾਮੀਆਂ ਦੀ ਭਰਮਾਰ ਹੋਣ ਕਾਰਨ ਸਿਹਤ ਤੇ ਸਿੱਖਿਆ ਵਿਭਾਗਾਂ ਦੇ ਪ੍ਰਭਾਵਿਤ ਹੋਣ ’ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਸਬ-ਡਵੀਜ਼ਨਲ ਮੈਜਿਸਟ੍ਰੇਟ ਲਹਿਰਾਗਾਗਾ ਨੂੰ ਰੋਕੇ ਜਾਣ ਤੋਂ ਇਹ ਝਲਕਦਾ ਹੈ ਕਿ ਲੋਕਾਂ ਵਿੱਚ ਸਰਕਾਰੀ ਸਕੂਲ ਸਹੀ ਤਰੀਕੇ ਨਾ ਚਲਾ ਸਕਣ ’ਤੇ ਸਰਕਾਰ ਖ਼ਿਲਾਫ਼ ਕਿੰਨਾ ਗੁੱਸਾ ਹੈ। ਉਨ੍ਹਾਂ ਕਿਹਾ ਕਿ ਐੱਸ.ਡੀ.ਐੱਫ. ਦਫ਼ਤਰ ਦਾ ਰੋਹ ਰੋਕਣ ਤੋਂ ਪਹਿਲਾਂ 4 ਦਿਨ ਲੰਬਾ ਧਰਨਾ ਚੱਲਿਆ, ਜਿਸ ਵਿੱਚ ਮੰਗ ਕੀਤੀ ਗਈ ਕਿ ਇਕ ਅਧਿਆਪਕ ਦੀ ਬਦਲੀ ਪਿੰਡ ਦੇ ਸਕੂਲ ਵਾਸਤੇ ਕੀਤੀ ਜਾਵੇ ਪਰ ਇਹ ਮੰਗ ਬੋਲ਼ੇ ਕੰਨਾਂ ’ਤੇ ਪਈ ਤੇ ਕੋਈ ਅਸਰ ਨਾ ਹੋਇਆ, ਜਿਸ ਤੋਂ ਮਜਬੂਰ ਹੋ ਕੇ ਲੋਕਾਂ ਨੇ ਐੱਸ.ਡੀ.ਐੱਮ. ਦਫ਼ਤਰ ਦਾ ਘਿਰਾਓ ਕੀਤਾ।
ਇਹ ਵੀ ਪੜ੍ਹੋ : ਵੱਧ ਤੋਂ ਵੱਧ ਬੂਟੇ ਲਗਾਓ ਤੇ ਸਵੱਛ ਅਤੇ ਸਿਹਤਮੰਦ ਵਾਤਾਵਰਣ 'ਚ ਯੋਗਦਾਨ ਪਾਓ : ਏ. ਵੇਣੂ ਪ੍ਰਸਾਦ
ਡਾ. ਚੀਮਾ ਨੇ ਕਿਹਾ ਕਿ ਸਰਕਾਰ ਖਾਲੀ ਅਸਾਮੀਆਂ ਭਰਨ ਤੇ ਕੀਤੇ ਵਾਅਦੇ ਮੁਤਾਬਕ ਨੌਜਵਾਨਾਂ ਨੂੰ ਨੌਕਰੀਆਂ ਦੇਣ ਵਿੱਚ ਨਾਕਾਮ ਸਾਬਤ ਹੋਈ ਹੈ ਪਰ 'ਆਪ' ਦੇ ਮੰਤਰੀ ਤੇ ਵਿਧਾਇਕ ਹਸਪਤਾਲਾਂ ਅਤੇ ਸਕੂਲਾਂ ’ਤੇ ਛਾਪੇ ਮਾਰ ਕੇ ਸਸਤੀ ਸ਼ੌਹਰਤ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨਾਲ ਕਮਾਂਡ ਚੇਨ ਪ੍ਰਭਾਵਿਤ ਹੋਈ ਹੈ ਤੇ ਸਿਹਤ ਅਤੇ ਸਿੱਖਿਆ ਖੇਤਰ ਢਹਿ-ਢੇਰੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਦਰੁਸਤੀ ਵਾਲੇ ਕਦਮ ਚੁੱਕਣ 'ਚ ਵੀ ਨਾਕਾਮ ਰਹੇ ਹਨ। ਉਨ੍ਹਾਂ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਖ਼ਿਲਾਫ਼ ਵੀ ਕੋਈ ਕਾਰਵਾਈ ਨਹੀਂ ਕੀਤੀ, ਜਿਨ੍ਹਾਂ ਨੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨਾਲ ਬਦਸਲੂਕੀ ਕੀਤੀ ਸੀ। ਡਾ. ਚੀਮਾ ਨੇ ਮੁੱਖ ਮੰਤਰੀ ਵੱਲੋਂ ਹਾਲ ਹੀ 'ਚ ਵਿਧਾਇਕਾਂ ਨੂੰ ਸਰਕਾਰੀ ਅਫ਼ਸਰਾਂ ਨਾਲ ਟਕਰਾਅ ਨਾ ਕਰਨ ਦੀ ਦਿੱਤੀ ਨਸੀਹਤ ਲਈ ਵੀ ਝਾੜ ਪਾਉਂਦਿਆਂ ਕਿਹਾ ਕਿ ਇਸ ਦਾ ਉਦੋਂ ਤੱਕ ਕੋਈ ਅਸਰ ਨਹੀਂ ਹੋਵੇਗਾ, ਜਦੋਂ ਤੱਕ ਸਿਹਤ ਮੰਤਰੀ ਜੌੜਾਮਾਜਰਾ ਨੂੰ ਬਰਖ਼ਾਸਤ ਕਰਕੇ ਉਦਾਹਰਣ ਪੇਸ਼ ਨਹੀਂ ਕੀਤੀ ਜਾਂਦੀ।
ਇਹ ਵੀ ਪੜ੍ਹੋ : ਸਕਾਟਲੈਂਡ: ਗਲਾਸਗੋ 'ਚ ਗੱਡੀਆਂ ਪਾਰਕ ਕਰਨ ਲਈ ਡਰਾਈਵਰਾਂ ਨੇ ਖਰਚੇ 25 ਮਿਲੀਅਨ ਤੋਂ ਵੱਧ ਪੌਂਡ
ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਆਪਣੇ ਵੱਲੋਂ ਡਾਕਟਰਾਂ ਤੇ ਅਧਿਆਪਕਾਂ ਨੂੰ ਇਹ ਭਰੋਸਾ ਦੇਣ ਕਿ ਉਨ੍ਹਾਂ ਨੂੰ ਡਿਊਟੀ ਨਿਭਾਉਣ ਵੇਲੇ 'ਆਪ' ਵਿਧਾਇਕ ਤੰਗ-ਪ੍ਰੇਸ਼ਾਨ ਨਹੀਂ ਕਰਨਗੇ। ਉਨ੍ਹਾਂ ਮੁੱਖ ਮੰਤਰੀ ਨੂੰ ਇਹ ਵੀ ਕਿਹਾ ਕਿ ਸਿਹਤ ਤੇ ਸਿੱਖਿਆ ਵਿਭਾਗ ਲਈ ਤੁਰੰਤ ਢੁੱਕਵੇਂ ਫੰਡ ਜਾਰੀ ਕੀਤੇ ਜਾਣ। ਮਰੀਜ਼ ਸਰਕਾਰੀ ਹਸਪਤਾਲਾਂ 'ਚ ਦਵਾਈਆਂ ਤੇ ਮੈਡੀਕਲ ਟੈਸਟ ਨਾ ਹੋਣ ਦੀਆਂ ਸ਼ਿਕਾਇਤਾਂ ਕਰ ਰਹੇ ਹਨ ਤੇ ਨਾਲ ਹੀ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਤੇ ਕਿਤਾਬਾਂ ਨਾ ਮਿਲਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਇਹ ਕਹਿ ਕੇ ਸੱਤਾ ਵਿੱਚ ਆਈ ਸੀ ਕਿ ਉਹ ਸਿਹਤ ਤੇ ਸਿੱਖਿਆ ਖੇਤਰ 'ਚ ਲਾਮਿਸਾਲ ਸੁਧਾਰ ਕਰੇਗੀ ਪਰ ਉਹ ਕੱਖ ਨਹੀਂ ਕਰ ਸਕੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।