ਮੁੱਖ ਮੰਤਰੀ ਨੇ ਟੀਕਾਕਰਣ ਤੇ ਫ਼ਤਹਿ ਕਿੱਟ ਸਬੰਧੀ ਘੋਟਾਲੇ ਦੇ ਦੋਸ਼ ਨੂੰ ਕੀਤਾ ਖਾਰਜ

06/16/2021 1:49:59 PM

ਚੰਡੀਗੜ੍ਹ  (ਅਸ਼ਵਨੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧੀ ਪਾਰਟੀਆਂ ਵਲੋਂ ਕੁਝ ਪ੍ਰਾਈਵੇਟ ਹਸਪਤਾਲਾਂ ਨੂੰ ਵੈਕਸੀਨ ਸਪਲਾਈ ਕਰਨ ਅਤੇ ਫ਼ਤਹਿ ਕਿੱਟਾਂ ਦੀ ਖਰੀਦ ਕਰਨ ਦੇ ਸਬੰਧੀ ਵਿਚ ਲਾਏ ਗਏ ਦੋਸ਼ਾਂ ਨੂੰ ਸਿਆਸੀ ਤੌਰ ’ਤੇ ਪ੍ਰੇਰਿਤ ਦੱਸਦਿਆਂ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਮਹਾਮਾਰੀ ਤੋਂ ਮੁਨਾਫ਼ਾ ਕਮਾਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਜਦਕਿ ਸਰਕਾਰ ਤਾਂ ਲੋਕਾਂ ਦੀਆਂ ਕੀਮਤੀ ਜ਼ਿੰਦਗੀਆਂ ਬਚਾਉਣ ਲਈ ਸਖ਼ਤ ਲੜਾਈ ਲੜ ਰਹੀ ਹੈ। ਸਿਆਸੀ ਖਾਹਿਸ਼ਾਂ ਦੀ ਪੂਰਤੀ ਕਰਨ ਅਤੇ ਗੈਰ-ਮੁੱਦੇ ਚੁੱਕ ਕੇ ਕੋਵਿਡ ਵਿਰੁੱਧ ਸੂਬਾ ਸਰਕਾਰ ਦੀ ਜੰਗ ਨੂੰ ਕਮਜ਼ੋਰ ਕਰਨ ਲਈ ਅਕਾਲੀਆਂ ਅਤੇ ਆਮ ਆਦਮੀ ਪਾਰਟੀ ’ਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੋਵਾਂ ਪਾਰਟੀਆਂ ਦੀ ਨਜ਼ਰ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ’ਤੇ ਹੈ, ਜਿਸ ਕਰਕੇ ਇਨ੍ਹਾਂ ਵਲੋਂ ਆਪਣੇ ਚੋਣ ਏਜੰਡੇ ਨੂੰ ਅੱਗੇ ਵਧਾਉਣ ਲਈ ਬੇਵਜ੍ਹਾ ਹੋ-ਹੱਲਾ ਮਚਾਇਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਗਲਤ ਕੰਮ ਵਿਚ ਸੂਬਾ ਸਰਕਾਰ ਦੀ ਸ਼ਮੂਲੀਅਤ ਨਹੀ ਹੈ ਅਤੇ ਜੰਗ ਵਰਗੀ ਹੰਗਾਮੀ ਸਥਿਤੀ ਮੌਕੇ ਫੌਰੀ ਅਤੇ ਅਸਧਾਰਨ ਫੈਸਲੇ ਲੈਣੇ ਹੁੰਦੇ ਹਨ।

ਇਹ ਵੀ ਪੜ੍ਹੋ : ਬਾਜਵਾ ਨੇ ਫਿਰ ਕੈਪਟਨ ਨੂੰ ਪਾਇਆ ਘੇਰਾ, ਹੁਣ ਰੱਖੀ ਵੱਡੀ ਮੰਗ

ਵਿਰੋਧੀ ਦਲ ਭੀੜ ਇਕੱਠੀ ਕਰ ਕੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਕਰ ਰਹੇ ਖਿਲਵਾੜ
ਮੁੱਖ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਵਲੋਂ ਕੋਵਿਡ ਦੇ ਸੁਰੱਖਿਆ ਉਪਾਵਾਂ ਅਤੇ ਪਾਬੰਦੀਆਂ ਦੀ ਉਲੰਘਣਾ ਕਰਕੇ ਸੂਬਾ ਸਰਕਾਰ ਵਿਰੁੱਧ ਵੱਡੇ ਪੱਧਰ ’ਤੇ ਕੀਤੇ ਜਾ ਰਹੇ ਇਕੱਠਾਂ ਦਾ ਗੰਭੀਰ ਨੋਟਿਸ ਲਿਆ। ਉਨ੍ਹਾਂ ਕਿਹਾ ਕਿ ਸੱਤਾ ਲਈ ਬੁਖਲਾਹਟ ’ਚ ਆ ਕੇ ਸੁਖਬੀਰ ਬਾਦਲ ਅਤੇ ਉਸ ਦੀ ਪਾਰਟੀ ਦੇ ਵਰਕਰ ਅਜਿਹ ਇਕੱਠਾਂ ਰਾਹੀਂ ਲੋਕਾਂ ਦੀਆਂ ਜ਼ਿੰਦਗੀਆਂ ਖਤਰੇ ਵਿਚ ਪਾ ਰਹੇ ਹਨ।

ਇਹ ਵੀ ਪੜ੍ਹੋ : ਅਕਾਲੀ ਦਲ-ਬਸਪਾ ਵਲੋਂ ਕੈਪਟਨ ਦੇ ਸਿਸਵਾਂ ਫਾਰਮ ਦਾ ਘਿਰਾਓ, ਸੁਖਬੀਰ ਬਾਦਲ ਸਣੇ ਕਈ ਆਗੂ ਲਏ ਹਿਰਾਸਤ ’ਚ   

ਨਿਜੀ ਹਸਪਤਾਲਾਂ ਨੂੰ ਟੀਕੇ ਦਾ ਫੈਸਲਾ ਵਾਪਸ ਲਿਆ ਪਰ ਬੇਨਿਯਮੀਆਂ ਦਾ ਸਵਾਲ ਹੀ ਨਹੀਂ
ਕੈਪਟਨ ਅਮਰਿੰਦਰ ਨੇ ਕਿਹਾ ਕਿ ਕੁਝ ਨਿੱਜੀ ਹਸਪਤਾਲਾਂ ਨੂੰ 40,000 ਵਾਧੂ ਖੁਰਾਕਾਂ ਮੁਹੱਈਆ ਕਰਵਾਉਣਾ ਇੱਕ-ਸਮੇਂ ਦਾ ਉਪਾਅ ਸੀ। ਸਰਕਾਰ ਦੇ ਫੈਸਲੇ ਨੂੰ ਸਹੀ ਭਾਵਨਾ ਨਾਲ ਨਹੀਂ ਵੇਖਿਆ ਜਾ ਰਿਹਾ ਸੀ, ਇਸ ਲਈ ਇਸਨੂੰ ਵਾਪਸ ਲੈ ਲਿਆ ਗਿਆ। ਇਸ ਵਿਚ ਕਿਸੇ ਵੀ ਬੇਨਿਯਮੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਸਾਰਾ ਪੈਸਾ ਸਿਹਤ ਵਿਭਾਗ ਦੇ ਟੀਕਾਕਰਨ ਫੰਡ ਵਿਚ ਗਿਆ ਅਤੇ ਸਰਕਾਰ ਵੱਲੋਂ ਮੁਫ਼ਤ ਲਗਾਏ ਜਾਣ ਵਾਲੇ ਟੀਕਿਆਂ ਦੀ ਖ਼ਰੀਦ ਲਈ ਵਰਤਿਆ ਜਾਣਾ ਸੀ। ਉਥੇ ਹੀ ਫਤਹਿ ਕਿੱਟਾਂ ਦੇ ਮੁੱਦੇ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਅਸਲ ਵਿਚ ਪੰਜਾਬ ਹੋਰਨਾਂ ਸੂਬਿਆਂ ਨਾਲੋਂ ਘੱਟ -ਮੁੱਲ ’ਤੇ ਇਸਨੂੰ ਖਰੀਦਣ ਵਿਚ ਕਾਮਯਾਬ ਰਿਹਾ। ਸੂਬਾ ਸਰਕਾਰ ਨੇ ਇਸ ਵੇਲੇ 7475 ਫ਼ਤਹਿ ਕਿੱਟਾਂ ਵੰਡੀਆਂ ਹਨ, ਜਿਸ ਵਿਚ ਮੌਜੂਦਾ ਸਮੇਂ ਘਰੇਲੂ ਇਕਾਂਤਵਾਸ ਅਧੀਨ ਸਰਗਰਮ ਕੇਸਾਂ ਵਿਚੋਂ 80.92 ਫੀਸਦੀ ਨੂੰ ਕਵਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਹਲਕਾ ਉੜਮੁੜ ਟਾਂਡਾ ’ਚ ਸ਼੍ਰੋਅਦ ਬਾਦਲ ਨੂੰ ਝਟਕਾ, ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸ਼੍ਰੋਅਦ ਢੀਂਡਸਾ ਗਰੁੱਪ ’ਚ ਸ਼ਾਮਲ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 


Anuradha

Content Editor

Related News