ਮੁੱਖ ਮੰਤਰੀ ਨੇ ਹਥਿਆਰਬੰਦ ਫੌਜਾਂ ਨਾਲ ਜ਼ਮੀਨ ਐਕਵਾਇਰ ਕਰਨ ਸਬੰਧੀ ਵਿਵਾਦਾਂ ਨੂੰ ਹੱਲ ਕਰਨ ਲਈ ਉੱਚ ਪੱਧਰੀ ਕਮੇਟੀ ਬਣਾਈ

Thursday, Jan 25, 2018 - 06:50 AM (IST)

ਮੁੱਖ ਮੰਤਰੀ ਨੇ ਹਥਿਆਰਬੰਦ ਫੌਜਾਂ ਨਾਲ ਜ਼ਮੀਨ ਐਕਵਾਇਰ ਕਰਨ ਸਬੰਧੀ ਵਿਵਾਦਾਂ ਨੂੰ ਹੱਲ ਕਰਨ ਲਈ ਉੱਚ ਪੱਧਰੀ ਕਮੇਟੀ ਬਣਾਈ

ਜਲੰਧਰ (ਧਵਨ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਫੌਜ ਦੀਆਂ ਸਹੂਲਤਾਂ ਨੂੰ ਸਥਾਪਿਤ ਕਰਨ ਦੇ ਮਾਮਲੇ ਵਿਚ ਜ਼ਮੀਨ ਐਕਵਾਇਰ ਨੂੰ ਲੈ ਕੇ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਨਿਬੇੜਾ ਕਰਨ ਲਈ ਉੱਚ ਪੱਧਰੀ ਕਮੇਟੀ ਬਣਾਈ ਹੈ ਤੇ ਨਾਲ ਹੀ ਚੰਡੀਗੜ੍ਹ ਏਅਰਪੋਰਟ ਸਟੇਸ਼ਨ ਦੇ ਕੋਲ ਕੂੜੇ ਦੀ ਸਮੱਸਿਆ ਤੇ ਮੁੱਢਲਾ ਢਾਂਚਾ ਬਣਾਉਣ ਸਬੰਧੀ ਵੀ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਮੁੱਖ ਮੰਤਰੀ ਨੇ ਅੱਜ ਸਿਵਲ ਤੇ ਮਿਲਟਰੀ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਬੈਠਕ ਵਿਚ ਹਿੱਸਾ ਲਿਆ, ਜਿਸ ਵਿਚ ਸੂਬਾ ਸਰਕਾਰ ਤੇ ਫੌਜ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਬੈਠਕ ਵਿਚ ਫੈਸਲਾ ਲਿਆ ਗਿਆ ਕਿ ਕਮੇਟੀ ਸਮੇਂ-ਸਮੇਂ 'ਤੇ ਆਪਣੀਆਂ ਬੈਠਕਾਂ ਜਾਰੀ ਰੱਖੇਗੀ। ਚੰਡੀਗੜ੍ਹ ਏਅਰਪੋਰਟ ਦੀ ਸਮੱਸਿਆ ਦੇ ਹੱਲ ਲਈ ਵੀ ਕਮੇਟੀ ਆਪਣੇ ਸੁਝਾਅ ਦੇਵੇਗੀ ਤੇ ਇਸ ਵਿਚ ਏਅਰਪੋਰਟ ਅਧਿਕਾਰੀਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ।
ਹਥਿਆਰਬੰਦ ਫੌਜਾਂ ਨੂੰ ਜ਼ਮੀਨ ਐਕਵਾਇਰ ਕਰਨ ਸਬੰਧੀ  ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਬੇ ਵਿਚ ਮਹੱਤਵਪੂਰਨ ਜੰਗੀ ਸਥਾਨਾਂ 'ਤੇ ਸੜਕਾਂ ਬਣਾਉਣ ਤੇ ਰੇਲਵੇ ਕਰਾਸਿੰਗ ਨੂੰ ਲੈ ਕੇ ਵੀ ਸਮੱਸਿਆਵਾਂ ਆ ਰਹੀਆਂ ਹਨ। ਏਅਰਪੋਰਟ ਸਟੇਸ਼ਨ ਨਾਲ ਨਾਜਾਇਜ਼ ਤੌਰ 'ਤੇ ਮਾਈਨਿੰਗ ਨੂੰ ਲੈ ਕੇ ਵੀ ਕਈ ਸਮੱਸਿਆਵਾਂ ਉਭਰੀਆਂ ਹਨ। ਫੌਜ ਦੇ ਅਧਿਕਾਰੀਆਂ ਨੇ ਕਿਹਾ ਕਿ ਕੋਈ ਵੀ ਮੁੱਖ ਮੰਤਰੀ 12 ਸਾਲਾਂ ਬਾਅਦ ਅਜਿਹੀ ਬੈਠਕ ਵਿਚ ਹਿੱਸਾ ਲੈਣ ਲਈ ਆਇਆ ਹੈ, ਜਿਸ ਲਈ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਜਤਾਇਆ। ਬੈਠਕ ਵਿਚ ਫੌਜ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੇ ਬਾਰੂਦ ਡਿਪੂਆਂ ਦੀ ਸਥਾਪਨਾ ਕਾਫੀ ਸਾਲ ਪਹਿਲਾਂ ਕੀਤੀ ਗਈ ਸੀ ਪਰ ਹੁਣ ਇਨ੍ਹਾਂ ਦੇ ਆਲੇ-ਦੁਆਲੇ ਕਾਫੀ ਆਬਾਦੀ ਹੋ ਗਈ ਹੈ, ਇਸ ਲਈ ਇਨ੍ਹਾਂ ਡਿਪੂਆਂ 'ਤੇ ਦੁਬਾਰਾ ਵਿਚਾਰ ਕਰਨ ਦੀ ਲੋੜ ਹੈ। ਇਨ੍ਹਾਂ ਗੋਲਾ ਬਾਰੂਦ ਦੇ ਡਿਪੂਆਂ ਦੇ ਆਲੇ-ਦੁਆਲੇ ਲਗਾਤਾਰ ਉਸਾਰੀਆਂ ਚੱਲ ਰਹੀਆਂ ਹਨ। ਬੈਠਕ ਵਿਚ ਦਾਪਰ ਤੇ ਨੈਨਾਗੜ੍ਹ ਡਿਪੂਆਂ ਬਾਰੇ ਵੀ ਚਰਚਾ ਕੀਤੀ ਗਈ ਤੇ ਮੰਗ ਕੀਤੀ ਗਈ ਕਿ ਇਨ੍ਹਾਂ ਸਬੰਧੀ ਸੂਬਾ ਸਰਕਾਰ ਗਜ਼ਟ ਨੋਟੀਫਿਕੇਸ਼ਨ ਜਾਰੀ ਕਰੇ ਤਾਂ ਜੋ ਉਸਾਰੀਆਂ 'ਤੇ ਰੋਕ ਲੱਗ ਸਕੇ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜੀ. ਓ. ਸੀ. ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਾਂਝੀ ਕਮੇਟੀ ਬਣਾਉਣ ਦਾ ਫੈਸਲਾ ਲਿਆ ਹੈ। ਜ਼ਿਲਾ ਫਰੀਦਕੋਟ ਦੇ ਪਿੰਡ ਬੀਰ ਗੁਗਿਆਨਾ ਦੀ ਜ਼ਮੀਨ ਫੌਜ ਕੋਲ ਹੈ ਤੇ ਮੁੱਖ ਮੰਤਰੀ ਨੇ ਇਸ ਨੂੰ 10 ਸਾਲਾਂ ਲਈ ਹੋਰ ਫੌਜ ਕੋਲ ਰਹਿਣ ਲਈ ਨੋਟੀਫਿਕੇਸ਼ਨ ਜਾਰੀ ਕਰਨ ਦਾ ਵਾਅਦਾ ਕੀਤਾ, ਜਿੱਥੇ ਫੌਜ ਨੇ ਟ੍ਰੇਨਿੰਗ ਇੰਸਟੀਚਿਊਟ ਬਣਾਈ ਹੈ। ਬੈਠਕ ਵਿਚ ਕੰਬਾਲੀ ਪਿੰਡ ਨੇੜੇ ਕੂੜਾ ਕਰਕਟ ਨੂੰ ਡੰਪ ਕਰਨ ਦੀ ਸਮੱਸਿਆ ਦਾ ਹੱਲ ਕੱਢਣ ਲਈ ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਸਕੱਤਰ ਦੀ ਪ੍ਰਧਾਨਗੀ ਹੇਠ ਕਮੇਟੀ ਬਣਾਉਣ ਦਾ ਫੈਸਲਾ ਲਿਆ ਗਿਆ ਕਿਉਂਕਿ ਕੂੜਾ ਸੜਕਾਂ ਕੋਲ ਖਿੱਲਰਿਆ ਹੋਣ ਕਾਰਨ ਪੰਛੀ ਲਗਾਤਾਰ ਉਡਦੇ ਰਹਿੰਦੇ ਹਨ, ਜਿਸ ਨਾਲ ਚੰਡੀਗੜ੍ਹ ਏਅਰਪੋਰਟ ਤੋਂ ਉਡਾਣ ਭਰਨ ਵਾਲੇ ਜਹਾਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲਿਆਂ ਵਿਚ 15 ਇਨਫੈਂਟਰੀ ਡਵੀਜ਼ਨ ਦੇ ਖੇਤਰ ਨੂੰ ਧੁੱਸੀ ਬੰਨ੍ਹ ਕਾਰਨ ਪਹੁੰਚੇ ਨੁਕਸਾਨ ਨੂੰ ਵੇਖਦਿਆਂ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਧੁੱਸੀ ਬੰਨ੍ਹ ਦੇ ਕੋਲ ਰੇਤ ਮਾਈਨਿੰਗ ਨੂੰ ਰੋਕਿਆ ਜਾਵੇਗਾ। ਮੁੱਖ ਮੰਤਰੀ ਨੇ ਜੀ. ਓ. ਸੀ. ਨੂੰ ਭਰੋਸਾ ਦਿੱਤਾ ਕਿ 3 ਹਜ਼ਾਰ ਰਿਟਾਇਰ ਫੌਜੀਆਂ ਨੂੰ ਸਰਕਾਰ ਨੇ ਗਾਰਡੀਅਨ ਆਫ ਗਵਰਨੈਂਸ ਲਈ ਭਰਤੀ ਕੀਤਾ ਹੈ ਤੇ ਇਨ੍ਹਾਂ ਦੀ ਗਿਣਤੀ ਵਧਾ ਕੇ 13 ਹਜ਼ਾਰ ਕੀਤੀ ਜਾਵੇਗੀ।


Related News