ਕਿਸ਼ਤੀ 'ਚ ਬੈਠ CM ਮਾਨ ਨੇ ਹੁਸ਼ਿਆਰਪੁਰ ਤੇ ਟਾਂਡਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ

Thursday, Aug 17, 2023 - 06:08 PM (IST)

ਹੁਸ਼ਿਆਰਪੁਰ/ਟਾਂਡਾ (ਪਰਮਜੀਤ ਸਿੰਘ ਮੋਮੀ,ਘੁੰਮਣ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਪਹੁੰਚੇ ਸਨ। ਟਾਂਡਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰੀ ਕਾਲਜ ਟਾਂਡਾ ਵਿਖੇ ਗਿਆਨੀ ਕਰਤਾਰ ਸਿੰਘ ਜੀ ਦੀ ਯਾਦਗਾਰ 'ਤੇ ਫੁੱਲ ਮਿਲਾਵਾਂ ਭੇਂਟ ਕਰਕੇ ਨਮਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਗਿਆਨੀ ਕਰਤਾਰ ਸਿੰਘ ਵਰਗੇ ਦਰਵੇਸ਼ ਸਿਆਸਤਦਾਨ ਦੀ  ਸਮੁੱਚੇ ਦੇਸ਼ ਭਾਰਤ ਨੂੰ ਬਹੁਤ ਲੋੜ ਹੈ। ਇਸ ਦੌਰਾਨ ਭਗਵੰਤ ਮਾਨ ਦਾ ਸਰਰਕਾਰੀ ਕਾਲਜ ਟਾਂਡਾ ਪਹੁੰਚਣ 'ਤੇ ਮੰਤਰੀ ਬ੍ਰਹਮ ਸ਼ੰਕਰ ਜਿਪਾ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਮੈਡਮ ਕੋਮਲ ਮਿੱਤਲ, ਐੱਸ. ਐੱਸ. ਪੀ. ਸਰਤਾਜ ਸਿੰਘ ਚਾਹਲ, ਚੈਅਰਮੈਨ ਹਰਮੀਤ ਸਿੰਘ ਔਲਖ, ਮੀਡੀਆ ਇੰਚਾਰਜ ਸੁਖਵਿੰਦਰ ਸਿੰਘ ਅਰੋੜਾ, ਪ੍ਰਿੰਸੀਪਲ ਡਾ. ਸ਼ਸ਼ੀ ਬਾਲਾ, ਨੰਬਰਦਾਰ ਜਗਜੀਵਨ ਜੱਗੀ ਵੱਲੋਂ ਸੁਆਗਤ ਕੀਤਾ। 

PunjabKesari

ਇਹ ਵੀ ਪੜ੍ਹੋ- ਰੋਪੜ ਤੋਂ ਵੱਡੀ ਖ਼ਬਰ, ਮਠਿਆਈ ਦੀ ਦੁਕਾਨ ਦਾ ਸ਼ਟਰ ਚੁੱਕਦਿਆਂ ਹੀ ਹੋਇਆ ਵੱਡਾ ਧਮਾਕਾ, ਦੋ ਲੋਕਾਂ ਦੀ ਦਰਦਨਾਕ ਮੌਤ

PunjabKesari
ਗਿਆਨੀ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਉਪਰੰਤ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸ਼ਤੀ ਵਿਚ ਸਵਾਰ ਹੋ ਕੇ ਟਾਂਡਾ ਦੇ ਰੜਾ ਮੰਡ, ਫੱਤਾਕੁੱਲਾ, ਅਬਦੁਲਪੁਰਾ, ਮਿਆਣੀ ਆਦਿ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਸਮੇਤ ਵਿਧਾਇਕ ਜਸਵੀਰ ਰਾਜਾ, ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਵੀ ਮੌਜੂਦ ਰਹੇ। ਇਸ ਮੌਕੇ ਉਨ੍ਹਾਂ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਗਿਆ।  ਐੱਨ. ਡੀ. ਆਰ. ਐੱਫ਼. ਦੇ ਜਵਾਨਾਂ ਨਾਲ ਕਿਸ਼ਤੀ ਵਿਚ ਸਵਾਰ ਹੋ ਕੇ ਮੁੱਖ ਮੰਤਰੀ ਪਿੰਡ ਰੜਾ ਅਤੇ ਫੱਤਾ ਕੁੱਲਾ ਗਏ ਅਤੇ ਉਸ ਤੋਂ ਬਾਅਦ ਪਿੰਡ ਹਲੇੜ ਜਨਾਰਦਨ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਥਾਵਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਉਤੇ ਲਿਜਾਏ ਜਾਣ ਨੂੰ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ। ਭਗਵੰਤ ਮਾਨ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਸੂਬਾ ਸਰਕਾਰ ਲਈ ਹਰੇਕ ਨਾਗਰਿਕ ਦੀ ਜ਼ਿੰਦਗੀ ਬਹੁਤ ਅਨਮੋਲ ਹੈ ਅਤੇ ਲੋਕਾਂ ਨੂੰ ਇਸ ਔਖੀ ਘੜੀ ਵਿੱਚੋਂ ਕੱਢਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
PunjabKesari

ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੇ ਹੈਲੀਕਾਪਟਰ ਸਮੇਤ ਸਮੁੱਚੀ ਮਸ਼ੀਨਰੀ ਲੋਕਾਂ ਦੀ ਮਦਦ ਵਿਚ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸੂਬੇ ਵਿਚ ਮੀਂਹ ਨਹੀਂ ਪਿਆ ਪਰ ਪਹਾੜੀ ਸੂਬਿਆਂ ਵਿਚ ਭਾਰੀ ਮੀਂਹ ਪੈਣ ਕਾਰਨ ਪੰਜਾਬ ਦੇ ਇਨ੍ਹਾਂ ਇਲਾਕਿਆਂ ਵਿਚ ਹੜ੍ਹ ਆਏ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਤਾਜ਼ਾ ਸਥਿਤੀ ਦਾ ਪਤਾ ਲਾਉਣ ਲਈ ਉਹ ਹਿਮਾਚਲ ਪ੍ਰਦੇਸ਼ ਸਰਕਾਰ ਅਤੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਨਾਲ ਲਗਾਤਾਰ ਰਾਬਤਾ ਰੱਖ ਰਹੇ ਹਨ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੌਂਗ ਡੈਮ ਤੋਂ ਵਾਧੂ ਪਾਣੀ ਛੱਡਣ ਕਾਰਨ ਇਹ ਜ਼ਿਲ੍ਹਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਪੌਂਗ ਡੈਮ ਖ਼ਤਰੇ ਦੇ ਨਿਸ਼ਾਨ ਤੋਂ ਛੇ ਫੁੱਟ ਉੱਪਰ ਹੈ ਪਰ ਫਿਰ ਵੀ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ ਕਿਉਂਕਿ ਪਹਿਲਾਂ ਇਹ ਖ਼ਤਰੇ ਦੇ ਪੱਧਰ ਤੋਂ 10 ਫੁੱਟ ਤੋਂ ਉੱਪਰ ਸੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਲਈ ਡੈਮ ਤੋਂ ਕੰਟਰੋਲ ਢੰਗ ਨਾਲ ਪਾਣੀ ਛੱਡਿਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਭਾਖੜਾ ਡੈਮ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ। ਉਨ੍ਹਾਂ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਲੋਕਾਂ ਨੂੰ ਰਾਹਤ ਦੇਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਭਗਵੰਤ ਸਿੰਘ ਮਾਨ ਨੇ ਇਹ ਵੀ ਕਿਹਾ ਕਿ ਸੂਬੇ ਦੇ ਲੋਕਾਂ ਵਿੱਚ ਸੰਕਟ ਸਮੇਂ ਦਾ ਟਾਕਰਾ ਕਰਨ ਦਾ ਅਦੁੱਤੀ ਜਜ਼ਬਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕ ਇਸ ਮੁਸ਼ਕਲ ਘੜੀ ਵਿੱਚ ਇੱਕ ਦੂਜੇ ਨਾਲ ਪਿਆਰ ਅਤੇ ਮੇਲ-ਮਿਲਾਪ ਦੀ ਵਿਲੱਖਣ ਭਾਵਨਾ ਦਾ ਪ੍ਰਗਟਾਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਮਿਸ਼ਨਰੀ ਭਾਵਨਾ ਨਾਲ ਇਕ-ਦੂਜੇ ਦੀ ਮਦਦ ਕਰ ਰਹੇ ਹਨ ਜਿਸ ਨਾਲ ਭਾਈਚਾਰਕ ਸਾਂਝ ਦੀਆਂ ਤੰਦਾਂ ਹੋਰ ਮਜ਼ਬੂਤ ਹੋ ਰਹੀਆਂ ਹਨ। ਭਗਵੰਤ ਸਿੰਘ ਮਾਨ ਨੇ ਇਸ ਨੇਕ ਉਪਰਾਲੇ ਲਈ ਲੋਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨੇ ਸਾਬਤ ਕਰ ਦਿੱਤਾ ਹੈ ਕਿ ਲੋਕ ਮਹਾਨ ਗੁਰੂਆਂ, ਸੰਤਾਂ-ਮਹਾਤਮਾ ਅਤੇ ਪੀਰ-ਪੈਗੰਬਰਾਂ ਵੱਲੋਂ ਦਿਖਾਏ ਮਾਰਗ ਚਲਦਿਆਂ ਦੁਖੀ ਲੋਕਾਂ ਦੀ ਸੇਵਾ ਕਰਦੇ ਹਨ। ਮੁੱਖ ਮੰਤਰੀ ਨੇ ਉਨ੍ਹਾਂ ਪਰਉਪਕਾਰੀ ਲੋਕਾਂ ਦੀ ਵੀ ਸ਼ਲਾਘਾ ਕੀਤੀ ਜੋ ‘ਮੁੱਖ ਮੰਤਰੀ ਰਾਹਤ ਫੰਡ’ ਵਿੱਚ ਖੁੱਲ੍ਹੇ ਦਿਲ ਨਾਲ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਪ੍ਰਸ਼ਾਸਨ ਦੇ ਨਾਲ-ਨਾਲ ਕਈ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਵੀ ਲੋਕਾਂ ਦੀ ਮਦਦ ਲਈ ਅੱਗੇ ਆ ਰਹੀਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਿੱਥੇ ਹਰ ਪਾਸਿਓਂ ਮਦਦ ਮਿਲ ਰਹੀ ਹੈ, ਉੱਥੇ ਹੀ ਸੂਬਾ ਸਰਕਾਰ ਲੋਕਾਂ ਦੀ ਭਲਾਈ ਲਈ ਇਨ੍ਹਾਂ ਫੰਡਾਂ ਦੀ ਸੁਚੱਜੀ ਵਰਤੋਂ ਕਰਨ ਲਈ ਵਚਨਬੱਧ ਹੈ।
 

PunjabKesariਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਹੜ੍ਹਾਂ ਕਾਰਨ ਲੋਕਾਂ ਦੇ ਹੋਏ ਨੁਕਸਾਨ ਦਾ ਪਤਾ ਲਾਉਣ ਲਈ ਪਹਿਲਾਂ ਹੀ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਵਿਸ਼ੇਸ਼ ਗਿਰਦਾਵਰੀ ਨਿਰਪੱਖ ਢੰਗ ਨਾਲ ਕੀਤੀ ਜਾਵੇ ਤਾਂ ਜੋ ਪੀੜਤ ਲੋਕਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ। ਭਗਵੰਤ ਮਾਨ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਲੋਕਾਂ ਨੂੰ ਮੁਆਵਜ਼ਾ ਜ਼ਰੂਰ ਦੇਵੇਗੀ ਭਾਵੇਂ ਉਨ੍ਹਾਂ ਦੀ ਮੁਰਗੀ ਜਾਂ ਬੱਕਰੀ ਦਾ ਨੁਕਸਾਨ ਹੋਇਆ ਹੋਵੇ।
PunjabKesari

ਮੁੱਖ ਮੰਤਰੀ ਨੇ ਕਿਹਾ ਕਿ ਫਸਲਾਂ, ਪਸ਼ੂਆਂ, ਮਕਾਨ ਜਾਂ ਕਿਸੇ ਵੀ ਚੀਜ਼ ਦੇ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇਗੀ ਤਾਂ ਜੋ ਇਸ ਨੁਕਸਾਨ ਦਾ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਨੀਵੇਂ ਇਲਾਕਿਆਂ ਵਿੱਚ ਜਿੱਥੇ ਪਾਣੀ ਨੇ ਤਬਾਹੀ ਮਚਾਈ ਹੈ, ਉਸ ਦੇ ਨੁਕਸਾਨ ਦਾ ਵੀ ਪਤਾ ਲਾਇਆ ਜਾਵੇਗਾ ਅਤੇ ਲੋਕਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ। ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਹੜ੍ਹਾਂ ਦੌਰਾਨ ਲੋਕਾਂ ਦੇ ਹੋਏ ਇੱਕ-ਇੱਕ ਪੈਸੇ ਦੇ ਨੁਕਸਾਨ ਦਾ ਮੁਆਵਜ਼ਾ ਦੇਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਸੂਬਾ ਸਰਕਾਰ ਲੋਕਾਂ ਨੂੰ ਰਾਹਤ ਦੇਣ ਲਈ ਜੰਗੀ ਪੱਧਰ ਉਤੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਪਾਣੀ ਦੇ ਪੱਧਰ ਸਬੰਧੀ ਜਾਣਕਾਰੀ ਲੋਕਾਂ ਨਾਲ ਨਿਰੰਤਰ ਤੌਰ 'ਤੇ ਸਾਂਝੀ ਕਰਨ ਤਾਂ ਜੋ ਕਿਸੇ ਵੀ ਭੰਬਲਭੂਸੇ ਤੋਂ ਬਚਿਆ ਜਾ ਸਕੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕਾਂ ਨੂੰ ਓਦੋਂ ਤੱਕ ਹੜ੍ਹਾਂ ਬਾਰੇ ਜਾਂ ਡੈਮਾਂ ਦੇ ਫਲੱਡ ਗੇਟ ਖੋਲ੍ਹਣ ਬਾਰੇ ਫੈਲਾਈਆਂ ਜਾਂਦੀਆਂ ਅਫਵਾਹਾਂ ਉਤੇ ਯਕੀਨ ਨਾ ਕਰਨ ਲਈ ਕਿਹਾ, ਜਦੋਂ ਤੱਕ ਅਧਿਕਾਰੀਆਂ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ। ਉਨ੍ਹਾਂ ਨੇ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਉਹ ਹੜ੍ਹਾਂ ਬਾਰੇ ਗਲਤ ਖ਼ਬਰਾਂ ਨੂੰ ਸਨਸਨੀਖੇਜ ਢੰਗ ਨਾਲ ਪੇਸ਼ ਨਾ ਕਰਨ ਅਤੇ ਇਸ ਔਖੇ ਸਮੇਂ ਵਿੱਚ ਸਕਾਰਾਤਮਕ ਭੂਮਿਕਾ ਨਿਭਾਉਣ।

PunjabKesari

ਇਸ ਮੌਕੇ ਮੁੱਖ ਮੰਤਰੀ ਦੇ ਨਾਲ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ, ਵਿਧਾਇਕ ਜਸਬੀਰ ਸਿੰਘ ਰਾਜਾ ਗਿੱਲ, ਕਰਮਬੀਰ ਸਿੰਘ ਘੁੰਮਣ, ਡਾ. ਰਵਜੋਤ ਸਿੰਘ ਅਤੇ ਅਮਰਪਾਲ ਸਿੰਘ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ, ਐੱਸ. ਐੱਸ. ਪੀ. ਸਰਤਾਜ ਸਿੰਘ ਚਾਹਲ, ਜ਼ਿਲ੍ਹਾ ਦਿਹਾਤੀ ਪ੍ਰਧਾਨ ਗੁਰਵਿੰਦਰ ਸਿੰਘ ਪਾਬਲਾ, ਚੇਅਰਮੈਨ ਨਗਰ ਸੁਧਾਰ ਟਰੱਸਟ ਹਰਮੀਤ ਸਿੰਘ ਔਲਖ, ਚੇਅਰਮੈਨ ਹੁਸ਼ਿਆਰਪੁਰ ਕੋਆਪਰੇਟਿਵ ਬੈਂਕ ਵਿਕਰਮ ਸ਼ਰਮਾ, ਲੋਕ ਸਭਾ ਇੰਚਾਰਜ ਹਰਵਿੰਦਰ ਸਿੰਘ ਬਖ਼ਸ਼ੀ ਅਤੇ ਹੋਰ ਹਾਜ਼ਰ ਸਨ।

PunjabKesari

PunjabKesari

ਇਹ ਵੀ ਪੜ੍ਹੋ- ਫਾਜ਼ਿਲਕਾ 'ਚ ਵੱਡਾ ਹਾਦਸਾ: AC ਲਾ ਕੇ ਸੁੱਤੇ ਪੂਰੇ ਟੱਬਰ 'ਤੇ ਡਿੱਗੀ ਕਮਰੇ ਦੀ ਛੱਤ, ਦਾਦੀ-ਪੋਤੇ ਦੀ ਦਰਦਨਾਕ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News