ਨਵੇਂ ਸਾਲ ਮੌਕੇ ਪਰਿਵਾਰ ਸਮੇਤ ਪਿੰਡ ਸਤੌਜ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ, ਕੀਤੇ ਵੱਡੇ ਐਲਾਨ

Sunday, Jan 01, 2023 - 04:02 PM (IST)

ਨਵੇਂ ਸਾਲ ਮੌਕੇ ਪਰਿਵਾਰ ਸਮੇਤ ਪਿੰਡ ਸਤੌਜ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ, ਕੀਤੇ ਵੱਡੇ ਐਲਾਨ

ਭਵਾਨੀਗੜ੍ਹ (ਕਾਂਸਲ) : ਮੁੱਖ ਮੰਤਰੀ ਭਗਵੰਤ ਮਾਨ ਨਵੇਂ ਸਾਲ ਮੌਕੇ ਆਪਣੀ ਜਨਮ ਭੂਮੀ ਪਿੰਡ ਸਤੌਜ ਵਿਖੇ ਨਤਮਸਤਕ ਹੋਣ ਪਹੁੰਚੇ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ ਨੂੰ ਵਿਕਾਸ ਦੀ ਲੀਹ 'ਤੇ ਤੋਰਨ ਲਈ ਸਿਹਤ, ਸਿੱਖਿਆ ਤੇ ਰੁਜ਼ਗਾਰ ਨੂੰ ਪ੍ਰਮੁੱਖਤਾ ਦੇਣ ਲਈ ਵਿਸ਼ੇਸ਼ ਕਾਰਜ ਤੇ ਉਪਰਾਲੇ ਕੀਤੇ ਜਾ ਰਹੇ ਹਨ। ਜਲਦ ਹੀ ਸਰਕਾਰ ਵੱਲੋਂ ਆਪਣੀ ਇਕ ਸਾਲ ਦੀ ਕਾਰਗੁਜ਼ਾਰੀ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਸਮੁੱਚੇ ਪੰਜਾਬ ਵਾਸੀਆਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਜਲਦ ਹੀ ਸਿਹਤ ਸਹੂਲਤਾਂ ਲਈ ਪਿੰਡਾਂ ਤੇ ਸ਼ਹਿਰਾਂ ’ਚ ਹੋਰ ਨਵੇਂ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ। ਚੰਗੀ ਸਿੱਖਿਆ ਲਈ ਸੂਬੇ ਦੇ ਸਕੂਲਾਂ ਨੂੰ ਅਪਗ੍ਰੇਡ ਕਰਕੇ ਪ੍ਰਾਈਵੇਟ ਸਕੂਲਾਂ ਤੋਂ ਵੀ ਵਧੀਆ ਸਹੂਲਤਾਂ ਮਹੁੱਈਆ ਕਰਵਾਉਣ ਦੇ ਨਾਲ-ਨਾਲ ਬੱਚਿਆਂ ਦੇ ਸਕੂਲ ਆਉਣ ਜਾਣ ਲਈ ਵਾਹਨਾਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ। 

ਇਹ ਵੀ ਪੜ੍ਹੋ- ਵਿਦਿਆਰਥੀਆਂ ਲਈ ਬੇਹੱਦ ਖ਼ਾਸ ਹੋ ਸਕਦਾ ਹੈ 2023, ਹੋਵੇਗਾ ‘ਲੱਕੀ’

ਮਾਨ ਨੇ ਕਿਹਾ ਕਿ ਸੂਬੇ ਦੀ ਨੌਜਵਾਨ ਪੀੜੀ ਨੂੰ ਰੁਜ਼ਗਾਰ ਦੀ ਤਲਾਸ਼ ਲਈ ਵਿਦੇਸ਼ਾਂ ’ਚ ਜਾਣ ਤੋਂ ਰੋਕਣ ਲਈ ਅਸੀ ਵੱਖ-ਵੱਖ ਕੰਪਨੀਆਂ ਨੂੰ ਸੂਬੇ ਅੰਦਰ ਨਿਵੇਸ਼ ਕਰਨ ਦਾ ਸੱਦਾ ਦੇ ਕੇ ਇੱਥੇ ਹੀ ਰੁਜ਼ਗਾਰ ਦੇ ਸਾਧਨ ਪੈਦਾ ਕਰ ਰਹੇ ਹਾਂ। ਸਰਕਾਰ ਵੱਲੋਂ ਆਪਣੇ ਨਵੇਂ ਅਭਿਆਨ ਦੇ ਤਹਿਤ ਜਲਦ ਵੱਡਾ ਕਿਸਾਨ ਸੰਮੇਲਨ ਕਰਵਾਕੇ ਕਿਸਾਨਾਂ ਦੇ ਸੁਝਾਅ ਲੈ ਕੇ ਖੇਤੀ ਨਾਲ ਸਬੰਧਤ ਨਵੇਂ ਫ਼ੈਸਲੇ ਲਏ ਜਾਣਗੇ ਤੇ ਇਸੇ ਤਰ੍ਹਾਂ ਹੀ ਵਪਾਰੀਆਂ ਤੋਂ ਸੁਝਾਅ ਲੈ ਕੇ ਵਪਾਰ ਦੀ ਬਿਹਤਰੀ ਲਈ ਫ਼ੈਸਲੇ ਲਏ ਜਾਣਗੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮੈਂ ਕੋਈ ਵੀ ਅਜਿਹੀ ਫਾਈਲ ਜਾਂ ਫ਼ੈਸਲੇ 'ਤੇ ਸਾਈਨ ਨਹੀਂ ਕਰਾਂਗਾ, ਜਿਸ ਨਾਲ ਪੰਜਾਬੀਆਂ ਦਾ ਨੁਕਸਾਨ ਹੁੰਦਾ ਹੋਵੇ ਤੇ ਗਰੀਬਾਂ ਦਾ ਹੱਕ ਦੱਬਿਆ ਜਾਵੇ।

ਇਹ ਵੀ ਪੜ੍ਹੋ- ਫਿਰੋਜ਼ਪੁਰ ਜੇਲ੍ਹ ’ਚ ਜ਼ਬਰਦਸਤ ਗੈਂਗਵਾਰ, ਗੈਂਗਸਟਰਾਂ ਵਿਚਾਲੇ ਹੋਈ ਖ਼ੂਨੀ ਝੜਪ

ਮਾਨ ਨੇ ਕਿਹਾ ਕਿ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ ਤੇ ਸਾਡੇ ਇੱਥੇ ਵੀ ਕਈ ਗੈਰ ਸਮਾਜਿਕ ਤਾਕਤਾਂ ਸਾਡੀ ਨੌਜਵਾਨ ਪੀੜੀ ਨੂੰ ਭੜਕਾਉਣ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਹੁਣ ਨਿੰਦਿਆ ਚੁੰਗਲੀ ਕਰਨ ਵਾਲਿਆਂ ਨੂੰ ਕੋਈ ਵੀ ਨਹੀਂ ਪੁੱਛਦਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ’ਚ ਆਪਣਾ ਵਿਸ਼ਵਾਸ ਬਣਾ ਕੇ ਰੱਖਣ ਤੇ ਸਰਕਾਰ ਵੱਲੋਂ ਇਕ-ਇਕ ਵੋਟ ਦਾ ਪੂਰਾ ਮੁੱਲ ਮੋੜਿਆ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਮਾਤਾ ਹਰਪਾਲ ਕੌਰ, ਪਤਨੀ ਡਾਕਟਰ ਗੁਰਪ੍ਰੀਤ ਕੌਰ, ਨਰਿੰਦਰ ਕੌਰ ਭਰਾਜ ਹਲਕਾ ਵਿਧਾਇਕ ਸੰਗਰੂਰ, ਰਾਜਵੀਰ ਸਿੰਘ ਨਿੱਜੀ ਸਹਾਇਕ, ਗੁਰਮੇਲ ਸਿੰਘ ਸਰਪੰਚ ਘਰਾਚੋਂ ਜ਼ਿਲ੍ਹਾ ਪ੍ਰਧਾਨ,  ਮਨਦੀਪ ਲੱਖੇਵਾਲ ਸਮੇਤ ਵੱਡੀ ਗਿਣਤੀ ’ਚ 'ਆਪ' ਦੇ ਵਾਲੰਟੀਅਰ ਮੌਜੂਦ ਸਨ।  

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News