ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣ ਮੌਕੇ ਬੋਲੇ ਮੁੱਖ ਮੰਤਰੀ ਮਾਨ, ਪੰਜਾਬ 'ਚ ਬੇਰੁਜ਼ਗਾਰੀ ਸਭ ਤੋਂ ਵੱਡੀ ਸਮੱਸਿਆ

Wednesday, May 11, 2022 - 12:56 PM (IST)

ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣ ਮੌਕੇ ਬੋਲੇ ਮੁੱਖ ਮੰਤਰੀ ਮਾਨ, ਪੰਜਾਬ 'ਚ ਬੇਰੁਜ਼ਗਾਰੀ ਸਭ ਤੋਂ ਵੱਡੀ ਸਮੱਸਿਆ

ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਨਿਯੁਕਤੀ ਪੱਤਰ ਦਿੱਤੇ ਗਏ। ਮੁੱਖ ਮੰਤਰੀ ਨੇ ਕਈ ਵਿਭਾਗਾਂ ਦੀਆਂ ਖ਼ਾਲੀ ਪਈਆਂ ਅਸਾਮੀਆਂ ਨੂੰ ਭਰਨ ਲਈ ਨੌਜਵਾਨਾਂ ਦੀ ਨਿਯੁਕਤੀ ਕਰਦੇ ਹੋਏ ਉਨ੍ਹਾਂ ਨੂੰ ਨਿਯੁਕਤੀ ਪੱਤਰ ਵੰਡੇ। ਮੁੱਖ ਮੰਤਰੀ ਨੇ ਸਿਹਤ, ਮੈਡੀਕਲ ਸਿੱਖਿਆ ਤੇ ਸਿੰਚਾਈ ਵਿਭਾਗ ਦੀਆਂ ਅਸਾਮੀਆਂ ਲਈ ਨਿਯੁਕਤੀ ਪੱਤਰ ਵੰਡੇ ਹਨ। ਉਨ੍ਹਾਂ ਨੇ ਕਿਹਾ ਕਿ ਜਲਦ ਬਾਕੀ ਰਹਿੰਦੇ ਉਮੀਦਵਾਰਾਂ ਨੂੰ ਵੀ ਨਿਯੁਕਤੀ ਪੱਤਰ ਵੰਡ ਦਿੱਤੇ ਜਾਣਗੇ। 

ਪੜ੍ਹੋ ਇਹ ਵੀ ਖ਼ਬਰ: ਨਸ਼ੇ ਦੀ ਓਵਰਡੋਜ਼ ਕਾਰਨ ਉੱਜੜੀ ਇਕ ਹੋਰ ਮਾਂ ਦੀ ਗੋਦ, ਧਾਹਾਂ ਮਾਰ-ਮਾਰ ਰੋਇਆ ਪਰਿਵਾਰ

ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ’ਚ ਬੇਰੁਜ਼ਗਾਰੀ ਸਭ ਤੋਂ ਵੱਡੀ ਸਮੱਸਿਆ ਹੈ, ਜਿਸ ਨੂੰ ਬਹੁਤ ਜਲਦੀ ਘੱਟ ਕਰ ਦਿੱਤਾ ਜਾਵੇਗਾ। ਅੱਜ ਦੇ ਸਮੇਂ ’ਚ ਜੇਕਰ ਨੌਜਵਾਨ ਪੀੜ੍ਹੀ ਨੂੰ ਰੁਜ਼ਗਾਰ ਨਹੀਂ ਮਿਲੇਗਾ ਤਾਂ ਉਹ ਡਿਪ੍ਰੈਸ਼ਨ ’ਚ ਜਾ ਸਕਦੇ ਹਨ, ਜਿਸ ਨਾਲ ਉਹ ਗੰਭੀਰ ਬੀਮਾਰੀ ਦਾ ਸ਼ਿਕਾਰ ਹੋ ਸਕਦੇ ਹਨ। ਵਿਹਲੇ ਬੈਠਣ ਨਾਲ ਨੌਜਵਾਨ ਪੀੜ੍ਹੀ ਦਾ ਧਿਆਨ ਮਾੜੇ ਕੰਮਾਂ ਵੱਲ ਜਾਂਦਾ ਹੈ। ਪਿਛਲੀਆਂ ਸਰਕਾਰਾਂ 'ਤੇ ਨਿਸ਼ਾਨਾ ਸਾਧਦਿਆਂ ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਆਪਣੇ ਕਾਰਜਕਾਲ ਦੇ ਆਖਰੀ ਦੋ ਮਹੀਨਿਆਂ ਵਿੱਚ ਜੋ ਕੁਝ ਕਰਦੀਆਂ ਰਹੀਆਂ ਹਨ, ਉਹੀ ਸਾਡੀ ਸਰਕਾਰ ਨੇ ਸ਼ੁਰੂਆਤੀ ਦੋ ਮਹੀਨਿਆਂ ਵਿੱਚ ਕੀਤਾ ਹੈ, ਜਿਸ ਨਾਲ ਉਮੀਦਵਾਰਾਂ ਨੂੰ ਨਿਰੋਲ ਮੈਰਿਟ ਅਤੇ ਉਨ੍ਹਾਂ ਦੀਆਂ ਵਿਦਿਅਕ ਯੋਗਤਾਵਾਂ ਦੇ ਅਧਾਰ 'ਤੇ ਨੌਕਰੀਆਂ ਦੇਣ ਸਬੰਧੀ ਸਾਡੀ ਸਰਕਾਰ ਦੇ ਇਰਾਦੇ ਸਪੱਸ਼ਟ ਹੋ ਜਾਂਦੇ ਹਨ।

ਪੜ੍ਹੋ ਇਹ ਵੀ ਖ਼ਬਰ:  ਬਟਾਲਾ ’ਚ ਵੱਡੀ ਵਾਰਦਾਤ: ਅਣਖ ਦੀ ਖਾਤਿਰ ਪਿਓ-ਦਾਦੇ ਨੇ ਤਲਾਕਸ਼ੁਦਾ ਧੀ ਦਾ ਸਿਰ ’ਚ ਇੱਟਾਂ ਮਾਰ ਕੀਤਾ ਕਤਲ

ਪਿਛਲੇ ਸਮੇਂ ਦੀ ਕਾਂਗਰਸ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਪਿਛਲੀਆਂ ਸਰਕਾਰਾਂ ਦੀ ਨੀਅਤ ਸਹੀ ਨਹੀਂ ਸੀ। ਇਸੇ ਕਰਕੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਨਹੀਂ ਦਿੱਤੇ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ, ਜੋ ਅੱਜ ਮੁੱਖ ਮੰਤਰੀ ਮਾਨ ਨੇ ਪੂਰਾ ਕਰ ਦਿੱਤਾ ਹੈ। ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੂੰ ਵਧਾਈ ਦਿੰਦਿਆਂ ਭਗਵੰਤ ਮਾਨ ਨੇ ਸਬੰਧਤ ਮੰਤਰੀਆਂ ਨੂੰ ਨਵ-ਨਿਯੁਕਤ ਨੌਜਵਾਨਾਂ ਨੂੰ ਉਨ੍ਹਾਂ ਦੇ ਨਿਵਾਸ ਸਥਾਨ ਨੇੜੇ ਤਾਇਨਾਤ ਕਰਨ ਲਈ ਕਿਹਾ ਤਾਂ ਜੋ ਉਹ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਨਿਭਾ ਸਕਣ। ਇਸ ਦੇ ਉਲਟ ਪਿਛਲੀਆਂ ਸਰਕਾਰਾਂ ਵੱਲੋਂ ਜਾਣਬੁੱਝ ਕੇ ਸਰਕਾਰੀ ਮੁਲਾਜ਼ਮਾਂ ਨੂੰ ਤੰਗ-ਪ੍ਰੇਸ਼ਾਨ ਕਰਨ ਲਈ ਦੂਰ-ਦੁਰਾਡੇ ਦੀਆਂ ਥਾਵਾਂ 'ਤੇ ਤਾਇਨਾਤ ਕੀਤਾ ਜਾਂਦਾ ਸੀ।

ਪੜ੍ਹੋ ਇਹ ਵੀ ਖ਼ਬਰ:   ਬਜ਼ੁਰਗ ਜੋੜੇ ਦੇ ਕਤਲ ਦਾ ਮਾਮਲਾ: ਲਾਸ਼ਾਂ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਰਿਪੋਰਟ ’ਚ ਹੋਇਆ ਇਹ ਖ਼ੁਲਾਸਾ

ਹਾਲਾਂਕਿ, ਉਨ੍ਹਾਂ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਦੂਰ-ਦੁਰਾਡੇ ਵਾਲੀਆਂ ਥਾਵਾਂ 'ਤੇ ਤਾਇਨਾਤੀ ਤੋਂ ਵੀ ਸੰਕੋਚ ਨਾ ਕਰਨ ਕਿਉਂਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਚੋਟੀ ਦੇ ਫਿਲਮੀ ਸਿਤਾਰੇ ਅਮਿਤਾਭ ਬੱਚਨ ਅਤੇ ਸ਼ਾਹਰੁਖ ਖਾਨ ਵਰਗੀਆਂ ਮਹਾਨ ਹਸਤੀਆਂ ਨੇ ਆਪਣੇ ਕੈਰੀਅਰ ਵਿੱਚ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਪਣੇ ਘਰ-ਬਾਰ ਛੱਡੇ ਸਨ। ਦੱਸਣਯੋਗ ਹੈ ਕਿ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗਾਂ ਵਿੱਚ ਕਮਿਊਨਿਟੀ ਹੈਲਥ ਅਫਸਰਾਂ, ਸਟਾਫ ਨਰਸਾਂ, ਵਾਰਡ ਅਟੈਂਡੈਂਟਾਂ ਆਦਿ ਤੋਂ ਇਲਾਵਾ ਜਲ ਸਰੋਤ ਵਿਭਾਗ ਵਿੱਚ ਐਸ.ਡੀ.ਈਜ਼. ਅਤੇ ਪੰਪ ਆਪਰੇਟਰਾਂ ਦੀਆਂ ਅਸਾਮੀਆਂ ਲਈ 2373 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ।

ਨੋਟ - ਇਸ ਖ਼ਬਰ ਦੇ ਸਬੰਧ ’ਚ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

rajwinder kaur

Content Editor

Related News