ਬੱਦਲਾਂ ਨੇ ਵਧਾਈ ਕਿਸਾਨਾਂ ਦੀ ਚਿੰਤਾ, ਇੰਦਰ ਦੇਵਤਾ ਅੱਗੇ ਹੋਣ ਲੱਗੀਆਂ ਅਰਦਾਸਾਂ
Tuesday, Apr 20, 2021 - 02:30 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ) : ਮੌਸਮ ਵਿਭਾਗ ਦੇ ਅਨੁਮਾਨ ਤਹਿਤ ਖੇਤਰ ਅੰਦਰ ਬੱਦਲਾਂ ਦੀ ਆਮਦ ਹੋ ਗਈ ਹੈ ਤੇ ਕਦੇ ਵੀ ਬਾਰਿਸ਼ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਅਜਿਹੇ ਵਿਚ ਕਣਕ ਦੀ ਕਟਾਈ ਦਾ ਸੀਜ਼ਨ ਤਾਂ ਪ੍ਰਭਾਵਿਤ ਹੋਵੇਗਾ ਹੀ, ਨਾਲ ਹੀ ਮੰਡੀਆਂ ’ਚ ਖੁੱਲ੍ਹੇ ਅਸਮਾਨ ਹੇਠਾਂ ਪਈਆਂ ਕਣਕ ਢੇਰੀਆਂ ਨੂੰ ਲੈ ਕੇ ਵੀ ਕਿਸਾਨ ਚਿੰਤਾ ’ਚ ਡੁੱਬੇ ਹੋਏ ਹਨ। ਕਿਸਾਨ ਅਸਮਾਨ ਵੱਲ ਤੱਕਦੇ ਹੀ ਇੰਦਰ ਦੇਵਤਾ ਅੱਗੇ ਅਰਦਾਸਾਂ ਕਰ ਰਹੇ ਹਨ ਕਿਉਂਕਿ ਜੇਕਰ ਬਾਰਿਸ਼ ਹੁੰਦੀ ਹੈ ਤਾਂ ਇਸ ਦਾ ਸਭ ਤੋਂ ਵੱਡਾ ਨੁਕਸਾਨ ਕਿਸਾਨਾਂ ਨੂੰ ਹੀ ਸਹਿਣਾ ਪਵੇਗਾ। ਇਹੀ ਨਹੀਂ, ਕਿਸਾਨਾਂ ਲਈ ਦੂਜੀ ਵੱਡੀ ਚੁਣੌਤੀ ਇਹ ਵੀ ਹੈ ਕਿ ਮੰਡੀਆਂ ਅੰਦਰ ਲਿਫਟਿੰਗ ਨਾ ਹੋਣ ਕਰਕੇ ਕਿਸਾਨਾਂ ਦੀ ਫ਼ਸਲ ਖੁੱਲ੍ਹੇ ਅਸਮਾਨ ਹੇਠਾਂ ਪਈ ਹੈ, ਜੋ ਕਦੇ ਵੀ ਬਾਰਿਸ਼ ਦੀ ਭੇਂਟ ਚੜ੍ਹ ਸਕਦੀ ਹੈ। ਮੰਡੀਆਂ ਅੰਦਰ ਬੈਠੇ ਕਿਸਾਨ ਹੁਣ ਆਪਣੀ ਫ਼ਸਲ ਦੇ ਬਚਾਅ ਲਈ ਆਪਣੇ ਪੱਧਰ ’ਤੇ ਪ੍ਰਬੰਧ ਕਰਨ ਲੱਗੇ ਹਨ। ਬਾਰਿਸ਼ ਦੇ ਪਾਣੀ ਤੋਂ ਬਚਾਅ ਲਈ ਤਰਪਾਲਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਵਰਣਨਯੋਗ ਹੈ ਕਿ ਮੰਡੀ ਬੋਰਡ ਦੇ ਪ੍ਰਬੰਧਾਂ ਤੋਂ ਪਹਿਲਾਂ ਹੀ ਕਿਸਾਨ ਨਾਖੁਸ਼ ਹਨ। ਬੀਤੇ ਦਿਨੀਂ ਮਾਮੁਲੀ ਬਾਰਿਸ਼ ਕਾਰਨ ਮੰਡੀਆਂ ਅੰਦਰ ਪਈਆਂ ਕਣਕ ਦੀਆਂ ਢੇਰੀਆਂ ਵੀ ਪਾਣੀ ਦੀ ਭੇਂਟ ਚੜ੍ਹੀਆਂ ਸਨ, ਜਦਕਿ ਮਲੋਟ ਮੰਡੀ ਅੰਦਰ ਹਾਲਾਤ ਇਸ ਤੋਂ ਬਦਤਰ ਬਣ ਗਏ ਸਨ ਕਿਉਂਕਿ ਹੁਣ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ’ਤੇ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਹੈ। ਇਸ ਕਰਕੇ ਕਿਸਾਨਾਂ ’ਚ ਆਪਣੀ ਫ਼ਸਲ ਨੂੰ ਲੈ ਕੇ ਗਹਿਰੀ ਚਿੰਤਾ ਵਿਖਾਈ ਦੇਣ ਲੱਗੀ ਹੈ।
ਖੇਤਾਂ ’ਚ ਖੜ੍ਹੇ ਸੋਨੇ ਲਈ ਬਾਰਿਸ਼ ਹੈ ਵੱਡਾ ਨੁਕਸਾਨ
ਇਸ ਸਮੇਂ ਖੇਤਾਂ ’ਚ ਕਣਕ ਦੀ ਕਟਾਈ ਦਾ ਕੰਮ ਜ਼ੋਰਾਂ ਨਾਲ ਚੱਲ ਰਿਹਾ ਹੈ। ਮੌਸਮ ਦੇ ਵਿਗੜਦੇ ਮਿਜਾਜ਼ ਤੋਂ ਬਚਾਅ ਲਈ ਕਿਸਾਨ ਦਿਨ ਰਾਤ ਕਟਾਈ ’ਚ ਮਸ਼ਰੂਫ਼ ਹਨ ਤਾਂ ਜੋ ਸਮਾਂ ਰਹਿੰਦੇ ਆਪਣੀ ਫ਼ਸਲ ਨੂੰ ਵੇਚਿਆ ਜਾ ਸਕੇ ਪਰ ਖ਼ਰਾਬ ਹੋਏ ਮੌਸਮ ਨੇ ਕਟਾਈ ਵਾਲੇ ਕਿਸਾਨਾਂ ਲਈ ਮੁਸੀਬਤਾਂ ਖੜ੍ਹੀਆਂ ਕਰ ਦਿੱਤੀਆਂ ਹਨ ਕਿਉਂਕਿ ਬਾਰਿਸ਼ ਦੀ ਆਮਦ ਖੇਤਾਂ ’ਚ ਖੜੇ੍ਹੇ ਸੋਨੇ ਨੂੰ ਵੱਡਾ ਨੁਕਸਾਨ ਕਰ ਸਕਦੀ ਹੈ। ਕਿਸਾਨ ਇੰਦਰ ਦੇਵਤਾ ਅੱਗੇ ਅਰਦਾਸਾਂ ਕਰਦੇ ਨਜ਼ਰ ਆਉਣ ਲੱਗੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਕਟਾਈ ਦਾ ਸੀਜ਼ਨ 10-15 ਦਿਨਾਂ ਲਈ ਵਧੇਰੇ ਤੇਜ਼ ਹੁੰਦਾ ਹੈ ਤੇ ਜੇਕਰ ਇਨਾਂ ਦਿਨਾਂ ’ਚ ਬਾਰਿਸ਼ ਨਹੀਂ ਹੁੰਦੀ ਤਾਂ ਕਟਾਈ ਸਮੇਂ ਸਿਰ ਹੋਵੇਗੀ ਤੇ ਝਾੜ ਵੀ ਚੰਗਾ ਨਿਕਲ ਆਵੇਗਾ ਪਰ ਜੇਕਰ ਬਾਰਿਸ਼ ਹੁੰਦੀ ਹੈ ਤਾਂ ਉਨ੍ਹਾਂ ਦੀ ਕਟਾਈ ਲੇਟ ਹੋਵੇਗੀ ਤੇ ਝਾੜ ’ਤੇ ਵੀ ਭਾਰੀ ਅਸਰ ਪਵੇਗਾ। ਫ਼ਿਲਹਾਲ ਕਿਸਾਨ ਘੁੱਪ ਹਨ੍ਹੇਰਾ ਲਿਆਉਣ ਵਾਲੇ ਬੱਦਲਾਂ ਦੀ ਛਾਵੇਂ ਕਟਾਈ ਕਰਨ ’ਚ ਰੁੱਝੇ ਹੋਏ ਹਨ।